ਸਿਹਤ ਵਿਭਾਗ ਦੀ ਲਾਪ੍ਰਵਾਹੀ, ਆਮ ਲੋਕਾਂ 'ਤੇ ਪੈ ਸਕਦੀ ਹੈ ਭਾਰੀ

07/28/2020 2:10:33 AM

ਲੁਧਿਆਣਾ,(ਰਾਜ)-ਸਿਹਤ ਵਿਭਾਗ ਲੋਕਾਂ ਨੂੰ ਸਮਝਾਉਂਦਾ ਨਹੀਂ ਥੱਕ ਰਿਹਾ ਕਿ ਕੋਰੋਨਾ ਤੋਂ ਆਪਣਾ ਬਚਾਅ ਕਰੋ ਪਰ ਸਿਹਤ ਵਿਭਾਗ ਖੁਦ ਹੀ ਲੋਕਾਂ ਨੂੰ ਕੋਰੋਨਾ ਦੇ ਮੂੰਹ ਵਿਚ ਧੱਕ ਰਿਹਾ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਐਂਬੂਲੈਂਸ ਰਾਹੀਂ ਘਰੋਂ ਹਸਪਤਾਲ ਲਿਆਉਣ ਦੀ ਬਜਾਏ, ਉਨ੍ਹਾਂ ਨੂੰ ਖੁਦ ਹਸਪਤਾਲ ਪੁੱਜ ਕੇ ਐਡਮਿਟ ਹੋਣ ਲਈ ਕਹਿ ਰਿਹਾ ਹੈ। ਸਿਹਤ ਵਿਭਾਗ ਦੀ ਇਹ ਲਾਪਰਵਾਹੀ ਆਮ ਜਨਤਾ ਲਈ ਖ਼ਤਰਾ ਬਣ ਸਕਦੀ ਹੈ। 
ਅਸਲ 'ਚ ਪਿੰਡੀ ਸਟਰੀਟ ਦੇ ਰਹਿਣ ਵਾਲੇ ਇਕ ਹੌਜ਼ਰੀ ਕਾਰੋਬਾਰੀ ਦੇ ਪਿਤਾ ਨੂੰ ਕੁੱਝ ਦਿਨਾਂ ਤੋਂ ਸਾਹ ਲੈਣ ਚ ਤਕਲੀਫ ਹੋ ਰਹੀ ਸੀ। ਐਤਵਾਰ ਨੂੰ ਕਾਰੋਬਾਰੀ ਨੇ ਆਪਣੇ ਪਿਤਾ ਦਾ ਡੀ. ਐੱਮ. ਸੀ. ਹਸਪਤਾਲ 'ਚ ਟੈਸਟ ਕਰਾਵਾਇਆ ਸੀ, ਜੋ ਕਿ ਰਿਪੋਰਟ ਪਾਜ਼ੇਟਿਵ ਆਈ। ਸੋਮਵਾਰ ਸਵੇਰੇ ਉਨ੍ਹਾਂ ਨੂੰ ਸਿਹਤ ਵਿਭਾਗ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਕੋਰੋਨਾ ਪਾਜ਼ੇਟਿਵ ਹਨ। ਕਾਰੋਬਾਰੀ ਦਾ ਕਹਿਣਾ ਹੈ ਕਿ ਉਸ ਨੇ ਸਿਹਤ ਵਿਭਾਗ ਤੋਂ ਪੁੱਛਿਆ ਕਿ ਐਂਬੂਲੈਂਸ ਉਨ੍ਹਾਂ ਦੇ ਪਿਤਾ ਨੂੰ ਲੈਣ ਕਦੋਂ ਆਵੇਗੀ ਤਾਂ ਅੱਗੋਂ ਜਵਾਬ ਮਿਲਿਆ ਕਿ ਐਂਬੂਲੈਂਸ ਨਹੀਂ ਆਵੇਗੀ, ਉਹ ਖੁਦ ਹੀ ਆਪਣੇ ਪਿਤਾ ਨੂੰ ਲੈ ਕੇ ਸਿਵਲ ਹਸਪਤਾਲ ਪੁੱਜ ਜਾਣ। ਕਾਰੋਬਾਰੀ ਦਾ ਕਹਿਣਾ ਹੈ ਕਿ ਫਿਰ ਉਸ ਨੇ ਇਲੈਕਟ੍ਰਿਕ ਆਟੋ ਕੀਤਾ ਅਤੇ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਐਮਰਜੈਂਸੀ ਵਿਚ ਭਰਤੀ ਕਰ ਲਿਆ।

ਘਰੋਂ ਹਸਪਤਾਲ ਤੱਕ ਪੁੱਜਣ 'ਚ ਵਾਇਰਸ ਹੋਰਨਾਂ ਨੂੰ ਵੀ ਲੈ ਸਕਦੈ ਲਪੇਟ 'ਚ

ਐਂਬੂਲੈਂਸ ਨਾ ਆਈ ਤਾਂ ਕਾਰੋਬਾਰੀ ਆਟੋ 'ਤੇ ਆਪਣੇ ਪਿਤਾ ਨੂੰ ਲੈ ਕੇ ਹੀ ਸਿਵਲ ਹਸਪਤਾਲ ਪੁੱਜਾ। ਇਸ ਦੌਰਾਨ ਘਰੋਂ ਹਸਪਤਾਲ ਲਿਜਾਂਦੇ ਸਮੇਂ ਇਹ ਵਾਇਰਸ ਹੋਰਨਾਂ ਲੋਕਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ। ਇਥੋਂ ਤੱਕ ਕਿ ਜੇਕਰ ਕੋਈ ਹੋਰ ਵਿਅਕਤੀ ਆਟੋ ਵਰਤਦਾ ਹੈ ਤਾਂ ਉਹ ਵੀ ਪਾਜ਼ੇਟਿਵ ਹੋ ਸਕਦਾ ਹੈ। ਇਹ ਲਾਪ੍ਰਵਾਹੀ ਸਿਹਤ ਵਿਭਾਗ ਦੀ ਹੈ ਪਰ ਭਾਰੀ ਕਈ ਲੋਕਾਂ 'ਤੇ ਪੈ ਸਕਦੀ ਹੈ।

ਸਿਵਲ 'ਚ ਨਹੀਂ ਵੈਂਟੀਲੇਟਰ, ਪ੍ਰਾਈਵੇਟ ਹਸਪਤਾਲ ਬੈੱਡ ਨਾ ਹੋਣ ਦਾ ਦੇ ਰਹੇ ਹਵਾਲਾ

ਕਾਰੋਬਾਰੀ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਰਹੀ ਹੈ। ਨਾਲ ਹੀ ਉਸ ਦੇ ਪਿਤਾ ਨੂੰ ਹਾਰਟ ਦੀ ਪ੍ਰਾਬਲਮ ਅਤੇ ਸ਼ੂਗਰ ਵੀ ਹੈ। ਇਸ ਲਈ ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਕਦੇ ਵੀ ਪੈ ਸਕਦੀ ਹੈ। ਲਿਹਾਜ਼ਾ ਉਸ ਨੇ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਆਪਣੇ ਪਿਤਾ ਨੂੰ ਦਾਖਲ ਕਰਵਾਉਣ ਦਾ ਯਤਨ ਕੀਤਾ ਸੀ ਪਰ ਪ੍ਰਾਈਵੇਟ ਹਸਪਤਾਲ ਨੇ ਵੈਂਟੀਲੇਟਰ ਵਾਲੇ ਬੈੱਡ ਹੋਣ ਤੋਂ ਇਨਕਾਰ ਕਰ ਦਿੱਤਾ। ਬੇਟੇ ਦਾ ਕਹਿਣਾ ਹੈ ਕਿ ਜੇਕਰ ਉਸ ਦੇ ਪਿਤਾ ਨੂੰ ਐਮਰਜੈਂਸੀ ਲੋੜ ਪੈ ਜਾਵੇ ਤਾਂ ਸਿਵਲ ਹਸਪਤਾਲ ਕਿਵੇਂ ਵੈਂਟੀਲੇਟਰ ਦਾ ਪ੍ਰਬੰਧ ਕਰ ਸਕੇਗਾ।

 

Deepak Kumar

This news is Content Editor Deepak Kumar