ਸਿਹਤ ਵਿਭਾਗ ਨੇ ਹੈਪੇਟਾਈਟਸ-ਸੀ ਦੇ ਟੈਸਟਾਂ ’ਤੇ ਲਾਈ ਰੋਕ

06/25/2018 4:51:03 AM

 ਅੰਮ੍ਰਿਤਸਰ,   (ਦਲਜੀਤ) - ਸਿਹਤ ਵਿਭਾਗ ਨੇ ਹੈਪੇਟਾਈਟਸ-ਸੀ ਜਿਹੇ ਖਤਰਨਾਕ ਰੋਗ ਤੋਂ ਪੀਡ਼ਤ ਮਰੀਜ਼ਾਂ ਦੇ ਲੈਬਾਰਟਰੀ ਟੈਸਟ ’ਤੇ ਅਚਾਨਕ ਰੋਕ ਲਾ ਦਿੱਤੀ ਹੈ। ਹੁਣ ਤੱਕ ਨਿੱਜੀ ਲੈਬਾਰਟਰੀ ਤੋਂ ਮਰੀਜ਼ਾਂ ਦੇ ਵਾਇਰਲ ਲੋਡ ਤੇ ਜੀਨ ਟਾਈਪ ਟੈਸਟ ਕਰਵਾ ਰਹੇ ਸਿਹਤ ਵਿਭਾਗ ਨੇ ਸੰਧੀ ਤੋਡ਼ ਦਿੱਤੀ ਹੈ। ਡੇਢ ਸਾਲ ਤੱਕ ਨਿੱਜੀ ਲੈਬਾਰਟਰੀ ’ਚ ਮਰੀਜ਼ਾਂ ਨੂੰ ਭੇਜ ਕੇ ਟੈਸਟ ਕਰਵਾਏ ਜਾਂਦੇ ਰਹੇ ਤੇ ਵਿਭਾਗ ਨੇ ਘੱਟ ਖਰਚੇ ’ਚ ਟੈਸਟ ਕਰਵਾਉਣ ਦੀ ਮੰਗ ਪੂਰੀ ਨਾ ਕਰਨ ’ਤੇ ਨਿੱਜੀ ਲੈਬਾਰਟਰੀ ਨੂੰ ਰੈੱਡ ਸਿਗਨਲ ਦਿਖਾਇਆ ਹੈ।  
ਹੈਪੇਟਾਈਟਸ-ਸੀ ਯਾਨੀ ਕਾਲਾ ਪੀਲੀਆ ਦਾ ਸ਼ਿਕਾਰ ਮਰੀਜ਼ਾਂ ਦਾ ਵਾਇਰਲ ਲੋਡ ਤੇ ਜੀਨ ਟਾਈਪ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਨੇ ਮਡ ਸਥਿਤ ਲਾਲ ਪੈਥ ਲੈਬ ਨਾਲ ਕਰਾਰ ਕੀਤਾ ਸੀ। ਤੈਅ ਹੋਇਆ ਸੀ ਕਿ ਲਾਲ ਪੈਥ ਲੈਬ ਤੋਂ 3600 ਰੁਪਏ ਲੈ ਕੇ ਇਹ ਦੋਵੇਂ ਟੈਸਟ ਕੀਤੇ ਜਾਣਗੇ। ਉਂਝ ਇਨ੍ਹਾਂ ਟੈਸਟਾਂ ਦਾ ਅਸਲੀ ਮੁੱਲ 5500 ਰੁਪਏ ਹੈ ਪਰ ਲਾਲ ਪੈਥ ਲੈਬ ਨੇ ਇਸ ਨੂੰ 3600 ਰੁਪਏ ’ਚ ਕਰਨ ’ਤੇ ਹਾਮੀ ਭਰੀ ਸੀ। ਲਾਲ ਪੈਥ ਲੈਬ ਤੋਂ ਹੁਣ ਤੱਕ ਤਕਰੀਬਨ 1500 ਮਰੀਜ਼ਾਂ ਦੇ ਟੈਸਟ ਕੀਤੇ ਗਏ ਹਨ। ਟੈਸਟਾਂ ਦੀ ਇਵਜ਼ ’ਚ ਖਰਚ ਹੋਣ ਵਾਲੀ ਰਾਸ਼ੀ ਮਰੀਜ਼ ਨੂੰ ਹੀ ਦੇਣੀ ਪੈਂਦੀ ਹੈ। ਹਾਂ, ਦਵਾਈ ਅਤੇ ਇਲਾਜ ਦੀ ਸਹੂਲਤ ਸਰਕਾਰ ਵੱਲੋਂ ਮੁਫਤ ਮੁਹੱਈਆ ਕੀਤੀ ਜਾ ਰਹੀ ਹੈ।  
ਹੁਣ ਸਿਹਤ ਵਿਭਾਗ ਨੇ ਇਹ ਕਹਿ ਕੇ ਲਾਲ ਪੈਥ ਲੈਬ ਤੋਂ ਕਰਾਰ ਤੋਡ਼ਿਆ ਹੈ ਕਿ 3600 ਰੁਪਏ ਜ਼ਿਆਦਾ ਹਨ। ਵਿਭਾਗ ਚਾਹੁੰਦਾ ਹੈ ਕਿ 1800 ਰੁਪਏ ’ਚ ਇਨ੍ਹਾਂ ਦੋਵੇਂ ਟੈਸਟਾਂ ਦੀ ਸਹੂਲਤ ਮਰੀਜ਼ਾਂ ਨੂੰ ਦਿੱਤੀ ਜਾਵੇ।
 ਇਸ ਸਬੰਧੀ ਲੈਬ ਮੁਖੀ ਅਤੇ ਮਹਿਕਮਾ ਅਧਿਕਾਰੀਆਂ ’ਚ ਲੰਬੀ ਗੱਲ ਵੀ ਹੋਈ ਪਰ ਲਾਲ ਪੈਥ ਲੈਬ ਨੇ 1800 ਰੁਪਏ ’ਚ ਟੈਸਟ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ।  ਅਜਿਹੇ ’ਚ ਸਿਹਤ ਵਿਭਾਗ ਨੇ ਲਾਲ ਪੈਥ ਲੈਬ ’ਚ ਮਰੀਜ਼ ਭੇਜਣੇ ਬੰਦ ਕਰ ਦਿੱਤੇ ਹਨ। ਸਿਵਲ ਹਸਪਤਾਲ ’ਚ ਹੈਪੇਟਾਈਟਸ-ਸੀ ਨਾਲ ਗ੍ਰਸਤ 5 ਤੋਂ 10 ਮਰੀਜ਼ ਹਰ ਰੋਜ਼ ਆ ਰਹੇ ਹਨ, ਜਿਨ੍ਹਾਂ ਦੇ ਨਾਂ, ਪਤੇ ਤੇ ਮੋਬਾਇਲ ਨੰਬਰ ਲਿਖ ਕੇ ਸਟਾਫ ਆਪਣੇ ਕੋਲ ਰੱਖ ਰਿਹਾ ਹੈ।  ਮਰੀਜ਼ਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਕਿਸੇ ਨਿੱਜੀ ਲੈਬਾਰਟਰੀ ਨਾਲ ਕਰਾਰ ਹੋਵੇਗਾ, ਉਨ੍ਹਾਂ ਦੇ ਟੈਸਟ ਕਰਵਾ ਦਿੱਤੇ ਜਾਣਗੇ। ਹਾਲਾਤ ਅਜਿਹੇ ਹਨ ਕਿ ਟੈਸਟ ਦਾ ਇੰਤਜ਼ਾਰ ਕਰ ਰਹੇ ਮਰੀਜ਼ਾਂ ਦੀ ਗਿਣਤੀ 150 ਤੋਂ ਉਪਰ ਪਹੁੰਚ ਚੁੱਕੀ ਹੈ।  
ਐੱਚ. ਆਈ. ਵੀ. ਦੀ ਤਰ੍ਹਾਂ ਹੀ ਸੰਕ੍ਰਾਮਿਕ ਹੈ ਹੈਪੇਟਾਈਟਸ-ਸੀ 
ਪੰਜਾਬ ’ਚ ਹੈਪੇਟਾਈਟਸ-ਸੀ ਮਰੀਜ਼ਾਂ ਦੀ ਗਿਣਤੀ ਹੈਰਾਨੀਜਨਕ ਢੰਗ ਨਾਲ ਵੱਧ ਰਹੀ ਹੈ। ਇਹ ਰੋਗ ਐੱਚ. ਆਈ. ਵੀ. ਏਡਜ਼ ਦੀ ਤਰ੍ਹਾਂ ਹੀ ਸੰਕ੍ਰਾਮਿਕ ਹੈ, ਜੋ ਇਕ ਤੋਂ ਦੂਜੇ ਵਿਅਕਤੀ ਤੱਕ ਖੂਨ ਜ਼ਰੀਏ ਦਾਖਲ ਹੋ ਸਕਦਾ ਹੈ। ਉਥੇ ਹੀ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਵੀ ਹੈਪੇਟਾਈਟਸ-ਸੀ ਦਾ ਸ਼ਿਕਾਰ ਬਣਾਉਂਦਾ ਹੈ। ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਅਾਂ ਪੰਜਾਬ ਸਰਕਾਰ ਨੇ ਮੁਫਤ ਇਲਾਜ ਦੀ ਵਿਵਸਥਾ ਕੀਤੀ ਸੀ। ਮੁਫਤ ਦਾ ਮਤਲਬ ਇਹ ਕਿ ਮਰੀਜ਼ ਨੂੰ ਟੈਸਟ ਦੀ ਰਾਸ਼ੀ ਖਰਚ ਕਰਨੀ ਹੋਵੇਗੀ, ਸਰਕਾਰੀ ਹਸਪਤਾਲ ਤੋਂ ਦਵਾਈਆਂ ਫ੍ਰੀ ਮਿਲਣਗੀਅਾਂ। ਹੁਣ ਟੈਸਟ ਹੀ ਨਹੀਂ ਹੋ ਰਹੇ ਤਾਂ ਦਵਾਈ ਕਿਵੇਂ ਮਿਲੇ?
ਸਰਕਾਰੀ ਹਸਪਤਾਲਾਂ ’ਚ ਨਹੀਂ ਟੈਸਟਾਂ ਦੀ ਸਹੂਲਤ  
ਜ਼ਿਲਾ ਦੇ 2 ਵੱਡੇ ਸਰਕਾਰੀ ਹਸਪਤਾਲ ਗੁਰੂ ਨਾਨਕ ਦੇਵ  ਹਸਪਤਾਲ ਤੇ ਸਿਵਲ ਹਸਪਤਾਲ ’ਚ ਵਾਇਰਲ ਲੋਡ ਅਤੇ ਜੀਨ ਟਾਈਪ ਟੈਸਟ ਦੀ ਸਹੂਲਤ ਨਹੀਂ ਹੈ। ਜਿਸ ਰਫ਼ਤਾਰ ਨਾਲ ਹੈਪੇਟਾਈਟਸ-ਸੀ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਸ ਤੋਂ ਸਿਹਤ ਵਿਭਾਗ ਨੂੰ ਛੇਤੀ ਹੀ ਸਰਕਾਰੀ ਹਸਪਤਾਲ ’ਚ ਹੀ ਇਨ੍ਹਾਂ ਟੈਸਟਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ।  
ਨਿੱਜੀ ਲੈਬਾਰਟਰੀ ਨਾਲ ਕੀਤਾ ਹੈ ਟਾਈਅਪ : ਡੀ. ਐੱਮ. ਸੀ. 
 ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜਿੰਦਰ ਅਰੋਡ਼ਾ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੇ ਇਕ ਹੋਰ ਨਿੱਜੀ ਲੈਬਾਰਟਰੀ ਨਾਲ ਟਾਈਅਪ ਕਰ ਲਿਆ ਹੈ, ਜਲਦ ਹੀ ਹੈਪੇਟਾਈਟਸ-ਸੀ ਦੇ ਟੈਸਟਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।