ਕਰੋੜਾਂ ਦੀ ਲਾਗਤ ਨਾਲ ਬਣਿਆ ਕਮਿਊਨਿਟੀ ਹੈਲਥ ਸੈਂਟਰ ਹੋਇਆ ਅਸੁਵਿਧਾਵਾਂ ਦਾ ਸ਼ਿਕਾਰ

07/18/2018 3:29:46 AM

ਭੁੱਚੋ ਮੰਡੀ(ਨਾਗਪਾਲ)-ਭਾਵੇਂ ਸਿਹਤ ਵਿਭਾਗ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦਾ ਥੱਕਦਾ ਨਹੀਂ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਕਰੋਡ਼ਾਂ ਰੁਪਇਆਂ ਦੀ ਲਾਗਤ ਨਾਲ ਬਣੇ ਦੋ ਮੰਜ਼ਿਲੀ ਕਮਿਊਨਿਟੀ ਹੈਲਥ ਸੈਂਟਰ ਸਿਹਤ ਵਿਭਾਗ ਦੀ ਅਣਦੇਖੀ ਕਾਰਨ ਸਿਰਫ਼ ਨਾਂ ਦਾ ਹੀ ਹਸਪਤਾਲ ਰਹਿ ਗਿਆ ਲੱਗਦਾ ਹੈ। ਹਸਪਤਾਲ ਦਾ ਵਿਹਡ਼ਾ ਪਸ਼ੂਆਂ ਦਾ ਅਾਰਾਮ ਘਰ ਬਣਿਆ ਹੋਇਆ ਹੈ ਅਤੇ ਥਾ-ਥਾ ਗੰਦਗੀ ਦੇ ਢੇਰ ਲੱਗੇ ਹੋਏ ਹਨ।  ਡਾਕਟਰਾਂ ਅਤੇ ਸਟਾਫ ਦੀ ਘਾਟ ਕਾਰਨ ਇਹ ਹਸਪਤਾਲ ਸਿਰਫ਼ ਇੱਕ ਚਿੱਟਾ ਹਾਥੀ ਹੀ ਸਾਬਤ ਹੋ ਰਿਹਾ ਹੈ। ਹਸਪਤਾਲ ’ਚ ਚਾਰ ਮੈਡੀਕਲ ਅਫਸਰਾਂ ਦੀਆਂ ਪੋਸਟਾਂ ਹਨ ਪਰ ਇਸ ਸਮੇਂ ਕੋਈ ਵੀ ਡਾਕਟਰ ਨਹੀਂ ਹੈ। ਪਹਿਲਾ ਸੈਂਟਰ ਦੇ ਐੱਸ. ਐੱਮ. ਓ. ਡਾਕਟਰ ਤੇਜਵੰਤ ਸਿੰਘ ਦਾ ਤਬਾਦਲਾ ਕਰ ਦਿੱਤੇ ਜਾਣ ਨਾਲ ਸਿਰਫ਼ ਡੈਟਲ ਸਰਜਨ ਡਾਕਟਰ ਧੀਰਜ ਰਹਿ ਗਏ ਹਨ ਹੁਣ ਉਨ੍ਹਾਂ  ਦੀ ਵੀ ਬਦਲੀ ਹੋ ਗਈ ਹੈ। ਇਸ ਸਮੇਂ ਬਾਲਿਆਵਾਲੀ ਵਿਖੇ ਤਾਇਨਾਤ ਡਾਕਟਰ ਸੀਮਾ ਗਰਗ ਦੀ ਡੈਪੂਟੇਸ਼ਨ ਡਿਊਟੀ ਲੱਗੀ ਹੋਈ ਹੈ। ਉਨ੍ਹਾਂ ਨੇ ਹੀ ਮਰੀਜ਼ਾਂ ਦਾ ਇਲਾਜ ਕਰਨਾ ਹੈ ਅਤੇ ਉਹ ਹੀ ਕਾਰਜਕਾਰੀ ਐੱਸ. ਐੱਮ. ਓ. ਹਨ। ਨਤੀਜਨ ਮਰੀਜ਼ਾਂ ਦੇ ਨਾਲ ਨਾਲ ਹਸਪਤਾਲ ਦਾ ਕੰਮਕਾਜ ਸੰਭਾਲਣਾ ਵੀ ਉਨ੍ਹਾਂ ਦੀ ਡਿਊਟੀ ਹੈ। ਹਸਪਤਾਲ ਵਿਚ ਇਲਾਜ ਕਰਵਾਉਣ ਵਾਲਿਆਂ ਵਿਚ ਵੱਡੀ ਗਿਣਤੀ ਅੌਰਤਾਂ ਦੀ ਹੈ ਪਰ ਪਿਛਲੇ ਦੋ ਸਾਲਾ ਤੋਂ ਹਸਪਤਾਲ ’ਚ ਲੇਡੀਜ਼ ਡਾਕਟਰ ਦੀ ਪੋਸਟ ਖਾਲੀ ਪਈ ਹੈ। ਜਿਸ ਕਾਰਨ ਮਹਿਲਾ ਮਰੀਜ਼ਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਇਹ ਹਸਪਤਾਲ ਨਾ ਤਾ ਸਰਕਾਰ ਵੱਲੋਂ ਚੁਣੇ 100 ਹਸਪਤਾਲਾਂ ’ਚ ਆਉਂਦਾ ਹੈ ਅਤੇ ਨਾ ਹੀ ਇਹ ਸੀ ਕੈਟਾਗਿਰੀ ਵਿਚ ਆਉਂਦਾ ਹੈ ਕਿਉਂਕਿ ਸਰਕਾਰ ਵੱਲੋਂ ਸੂਬੇ ਵਿਚ ਸਲੈਕਟ ਕੀਤੇ 100 ਹਸਪਤਾਲਾਂ ਵਿਚ ਪਹਿਲਾ ਸਾਰੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਤੋਂ ਬਾਅਦ ਦੂਜੇ ਹਸਪਤਾਲਾਂ ਵਿਚਲੀਆਂ ਘਾਟਾ ਵੱਲ ਧਿਆਨ ਦੇਣਾ ਹੈ। ਇਸ ਹਸਪਤਾਲ ਵਿਚ ਕਿਸੇ ਵੀ ਡਾਕਟਰ ਅਤੇ ਸਟਾਫ ਵੱਲੋਂ ਆਉਣ ਵਿਚ ਦਿਲਚਸਪੀ ਨਾ ਦਿਖਾਉਣ ਦਾ ਇਕ ਕਾਰਨ ਮੰਡੀ ਦਾ ਇਹ ਹਸਪਤਾਲ ਪੇਂਡੂ ਖੇਤਰ ’ਚ ਨਾ ਹੋ ਕੇ ਸ਼ਹਿਰੀ ਖੇਤਰ ਵਿਚ ਪੈਂਦਾ ਹੈ। ਜਿਸ ਨਾਲ ਇਥੇ ਆਉਣ ਵਾਲੇ ਨੂੰ ਪੇਂਡੂ ਖੇਤਰ ਵਾਲੀਆਂ ਸਹੂਲਤਾਂ ਨਹੀਂ ਮਿਲਦੀਅਾਂ। ਇਸ ਦੇ ਬਾਵਜੂਦ ਸਰਕਾਰ ਵੱਲੋਂ ਇਸ ਹਸਪਤਾਲ ਨੂੰ ਹੋਰ ਸਹੂਲਤਾਂ ਦੇਣ ਦੀ ਬਜਾਏ ਮਿਲੀਆਂ ਸਹੂਲਤਾਂ ਵੀ ਖੋਹਣ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।