ਨਸ਼ੇ ਛੁਡਾਉਣ ਲਈ ਖੋਲ੍ਹਿਆ ਓਟ ਕਲੀਨਿਕ ਡਾਕਟਰਾਂ ਤੋਂ ਸੱਖਣਾ

07/13/2018 3:05:49 AM

ਤਲਵੰਡੀ ਸਾਬੋ(ਮੁਨੀਸ਼)-ਸਿਹਤ ਵਿਭਾਗ ਵੱਲੋਂ ਨੌਜਵਾਨਾਂ ਨੂੰ ਨਸ਼ਿਅਾਂ ਤੋਂ ਹਟਾਉਣ ਲਈ ਤਲਵੰਡੀ ਸਾਬੋ ਵਿਖੇ ਖੋਲ੍ਹੇ ਗਏ ਓਟ ਕਲੀਨਿਕ ਪਿਛਲੇ ਇਕ ਮਹੀਨੇ ਤੋਂ ਡਾਕਟਰਾਂ ਤੋਂ ਸੱਖਣਾ ਚੱਲ ਰਿਹਾ ਹੈ, ਜਿਸ ਕਰ ਕੇ ਇਲਾਕੇ ਦੇ ਨਸ਼ੇਡ਼ੀ ਲੋਕਾਂ ਨੂੰ ਨਸ਼ੇ ਛੱਡਣ ਲਈ ਕੋਈ ਹੱਲ ਨਹੀਂ ਲੱਭ ਰਿਹਾ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਸਿਹਤ ਵਿਭਾਗ ਵੱਲੋਂ ਓਟ ਕਲੀਨਿਕ ਸਥਾਪਤ ਕੀਤੇ ਗਏ ਹਨ, ਜਿਥੇ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਦਵਾਈ ਵੀ ਫ੍ਰੀ ਦਿੱਤੀ ਜਾਂਦੀ ਹੈ ਪਰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ  ’ਚ ਸਥਾਪਤ ਕੀਤੇ ਗਏ ਓਟ ਕਲੀਨਿਕ ਦੀ ਡਾ. ਸੀਤਲ ਜਿੰਦਲ ਛੁੱਟੀ ’ਤੇ ਚੱਲ ਰਹੇ ਹਨ ਤਾਂ ਦੂਜਾ ਡਾ. ਰਿਤੇਸ਼ ਗਰਗ ਜਿਸ ਨੂੰ ਡੈਪੂਟੇਸ਼ਨ ’ਤੇ ਬਠਿੰਡਾ ਤਾਇਨਾਤ ਕੀਤਾ ਹੋਇਆ ਹੈ, ਜਿਸ ਕਰ ਕੇ ਪਿਛਲੇ ਕਰੀਬ ਇਕ ਮਹੀਨੇ ਤੋਂ ਨਸ਼ਾ  ਛੱਡਣ ਵਾਲੇ ਲੋੋਕਾਂ ਨੂੰ ਦਵਾਈਆਂ ਲੈਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 ਫਾਰਮਾਸਿਸਟ ਹੀ ਚਲਾਉਂਦੇ ਨੇ ਕਲੀਨਿਕ 
 ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ  ਹਸਪਤਾਲ ਵਿਚ ਚੱਲਦੇ ਓਟ ਕਲੀਨਿਕ ’ਚ ਪੁਰਾਣੇ ਮਰੀਜ਼ਾਂ ਨੂੰ ਫਾਰਮਾਸਿਸਟ ਡਾ.  ਵੱਲੋਂ  ਦੱਸੀ ਡੋਜ਼ ਮੁਤਾਬਕ ਦਵਾਈ ਦੇ ਰਹੇ ਹਨ, ਜਦਕਿ ਨਵੇਂ ਮਰੀਜ਼ਾਂ ਨੂੰ ਜਾਂ ਤਾਂ ਨਿੱਜੀ  ਹਸਪਤਾਲਾਂ ਵਿਚ ਜਾਣਾ ਪੈ ਰਿਹਾ ਹੈ ਜਾਂ ਫਿਰ ਬਠਿੰਡਾ ਵਿਖੇ।
ਉੱਚ ਅਧਿਕਾਰੀਆਂ ਨੂੰ ਭੇਜੀ ਹੈ ਦਰਖਾਸਤ 
 ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਨੇ  ਮਰੀਜ਼ਾਂ ਦੀ ਪ੍ਰੇਸ਼ਾਨੀ ਦੀ ਗੱਲ ਨੂੰ ਮੰਨਦੇ ਹੋਏ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ  ਦਰਖਾਸਤ ਭੇਜ ਕੇ ਡੈਪੂਟੇਸ਼ਨ ਰੱਦ ਕਰ ਕੇ ਡਾਕਟਰ ਦੀ ਡਿਊਟੀ ਵਾਪਸ ਤਲਵੰਡੀ ਸਾਬੋ ਹਸਪਤਾਲ  ’ਚ ਲਾਉਣ ਦੀ ਮੰਗ ਕੀਤੀ ਗਈ ਹੈ।