ਇਨ੍ਹਾਂ ਦੀਆਂ ਪੰਜੇ ਉਂਗਲਾ ਘਿਓ ''ਚ, ਵਿਦੇਸ਼ ''ਚ ਨੌਕਰੀ, ਪ੍ਰਮੋਸ਼ਨ ''ਪੰਜਾਬ'' ''ਚ!

05/26/2018 11:42:17 AM

ਚੰਡੀਗੜ੍ਹ : ਪੰਜਾਬ ਦੇ ਸਿਹਤ ਮਹਿਕਮੇ 'ਚ ਕੰਮ ਕਰਦੇ ਕਰਮਚਾਰੀਆਂ ਦੀਆਂ ਪੰਜੇ ਉਂਗਲਾਂ ਘਿਓ 'ਚ ਹਨ ਕਿਉਂਕਿ ਇਹ ਕਰਮਚਾਰੀ ਨੌਕਰੀਆਂ ਤਾਂ ਵਿਦੇਸ਼ਾਂ 'ਚ ਕਰਦੇ ਹਨ ਪਰ ਇਸ ਦੇ ਨਾਲ-ਨਾਲ ਪੰਜਾਬ 'ਚ ਵੀ ਨੌਕਰੀ ਨਹੀਂ ਛੱਡ ਰਹੇ ਅਤੇ ਅਫਸਰਾਂ ਦੀ ਮਿਲੀ-ਭੁਗਤ ਕਾਰਨ 'ਪ੍ਰਮੋਸ਼ਨਾਂ' ਵੀ ਲਈ ਜਾ ਰਹੇ ਹਨ।
ਭਾਰਤ ਦੇ ਨਾਲ ਵਿਦੇਸ਼ਾਂ 'ਚ ਦੋਹਰੀ ਨੌਕਰੀ ਕਰਕੇ ਇਹ ਕਰਮਚਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। 'ਐਕਸ ਇੰਡੀਆ ਲੀਵ' ਲੈ ਕੇ ਕਰਮਚਾਰੀ ਵਿਦੇਸ਼ ਜਾ ਕੇ ਗਰੀਨ ਕਾਰਡ ਲੈ ਕੇ ਉੱਥੋਂ ਦੀ ਨਾਗਰਿਕਤਾ ਤੱਕ ਲੈ ਰਹੇ ਹਨ ਅਤੇ ਨਾਲ ਹੀ ਭਾਰਤ 'ਚ ਵੀ ਨੌਕਰੀ 'ਤੇ ਡਟੇ ਹਨ। ਅਜਿਹੇ ਕਰੀਬ 180 ਕਰਮਚਾਰੀਆਂ ਦੇ ਨਾਂ ਸਾਹਮਣੇ ਆਏ ਹਨ। ਇਸ ਬਾਰੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਦਾ ਕਹਿਣਾ ਹੈ ਕਿ ਇਹ ਗੰਭੀਰ ਮਾਮਲਾ ਹੈ। 
ਉਨ੍ਹਾਂ ਕਿਹਾ ਕਿ ਜਦੋਂ ਦਾ ਉਨ੍ਹਾਂ ਨੇ ਇਹ ਵਿਭਾਗ ਸੰਭਾਲਿਆ ਹੈ, ਉਦੋਂ ਤੋਂ ਕਿਸੇ ਨੂੰ 'ਐਕਸ ਇੰਡੀਆ ਲੀਵ' 'ਚ ਐਕਸਟੈਂਸ਼ਨ ਨਹੀਂ ਦਿੱਤੀ ਜਾ ਰਹੀ। ਕੋਈ ਛੁੱਟੀ 'ਤੇ ਨਹੀਂ ਜਾ ਰਿਹਾ। ਜੇਕਰ ਕੋਈ ਕਰਮਚਾਰੀ ਸਾਹਮਣੇ ਆਵੇਗਾ ਤਾਂ ਉਸ ਨੂੰ ਬਰਖਾਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਐਕਸ ਇੰਡੀਆ ਲੀਵ ਲੈਣਾ ਸੌਖਾ ਨਹੀਂ ਹੈ ਅਤੇ ਗਰੀਨ ਕਾਰਡ ਹੋਲਡਰਾਂ ਨੂੰ ਤਾਂ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
3 ਮਹੀਨਿਆਂ ਤੋਂ ਜ਼ਿਆਦਾ ਛੁੱਟੀ ਲਈ ਮੁੱਖ ਮੰਤਰੀ ਦੀ ਮਨਜ਼ੂਰੀ
ਨਿਯਮਾਂ ਮੁਤਾਬਕ ਜੋ ਕਰਮਚਾਰੀ 'ਐਕਸ ਇੰਡੀਆ ਲੀਵ' ਲੈਂਦਾ ਹੈ, ਉਹ ਇਸ ਦੌਰਾਨ ਕੋਈ ਹੋਰ ਛੁੱਟੀ ਅਪਲਾਈ ਨਹੀਂ ਕਰ ਸਕਦਾ। ਉਹ ਸਿਰਫ ਉਨ੍ਹਾਂ ਹਾਲਾਤ 'ਚ ਕੋਈ ਹੋਰ ਛੁੱਟੀ ਲੈ ਸਕਦਾ ਹੈ, ਜੇਕਰ ਉਸ ਨੇ ਜਾਂ ਉਸ ਦੇ ਕਿਸੇ ਖੂਨ ਦੇ ਰਿਸ਼ਤੇ ਨੇ ਇਲਾਜ ਕਰਾਉਣਾ ਹੋਵੇ ਜੋ ਕੋਈ ਅਜਿਹੀ ਸਥਿਤੀ ਪੈਦਾ ਹੋ ਜਾਵੇ, ਜੋ ਟਾਲੀ ਨਾ ਜਾ ਸਕੇ।
ਜੇਕਰ ਕੋਈ ਕਰਮਚਾਰੀ 30 ਦਿਨਾਂ ਤੱਕ ਦੀ 'ਐਕਸ ਇੰਡੀਆ ਲੀਵ' ਲੈਂਦਾ ਹੈ ਤਾਂ ਉਸ ਨੂੰ ਸਬੰਧਿਤ ਅਫਸਰ ਦੀ ਅਥਾਰਟੀ ਵਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ। ਜੇਕਰ ਛੁੱਟੀ 30 ਦਿਨਾਂ ਤੋਂ ਜ਼ਿਆਦਾ ਅਤੇ 3 ਮਹੀਨਿਆਂ ਤੋਂ ਘੱਟ ਹੈ ਤਾਂ ਉਸ ਦੀ ਮਨਜ਼ੂਰੀ ਸਬੰਧਿਤ ਵਿਭਾਗ ਦੇ ਮੰਤਰੀ ਤੋਂ ਲੈਣੀ ਜ਼ਰੂਰੀ ਹੈ। ਜੇਕਰ ਛੁੱਟੀ 3 ਮਹੀਨਿਆਂ ਤੋਂ ਜ਼ਿਆਦਾ ਲੈਣੀ ਹੈ ਤਾਂ ਉਸ ਲਈ ਮੁੱਖ ਮੰਤਰੀ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ।