ਉਭਾ ''ਚ ਡਾਇਰੀਆ ਰੋਗ ਰੁਕਿਆ, ਸਿਹਤ ਵਿਭਾਗ ਨੇ ਮੁੜ ਭਰੇ ਪਾਣੀ ਦੇ ਸੈਂਪਲ

Saturday, May 05, 2018 - 02:39 AM (IST)

ਮਾਨਸਾ(ਮਨਜੀਤ ਕੌਰ)-ਪਿੰਡ ਉੱਭਾ ਅੰਦਰ ਵਾਟਰ ਵਰਕਸ ਦੀਆਂ ਪਾਈਪਾਂ ਦੀ ਲੀਕੇਜ ਹੋਣ 'ਤੇ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ 'ਚ ਰਲਣ ਕਾਰਨ ਇਸ ਪਿੰਡ 'ਚ ਡਾਇਰੀਆ ਰੋਗ ਫੈਲਣ ਉਪਰੰਤ ਹੁਣ ਅਜਿਹੇ ਮਰੀਜ਼ਾਂ ਦੀ ਗਿਣਤੀ 309 ਤੋਂ ਬਾਅਦ ਅੱਜ ਅਚਾਨਕ ਰੁਕ ਗਈ ਹੈ ਪਰ ਇਸ ਨਾਲ ਸਬੰਧਤ 2 ਮਰੀਜ਼ ਅੱਜ ਉੱਭਾ ਦੇ ਸਿਹਤ ਕੇਂਦਰ 'ਚ ਆਏ, ਜਿੱਥੇ ਉਨ੍ਹਾਂ ਨੂੰ ਦਵਾਈਆਂ ਦੇ ਕੇ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਇਨ੍ਹਾਂ ਮਰੀਜ਼ਾਂ 'ਚ ਪਾਣੀ ਦੀ ਕਮੀ ਨਹੀਂ ਸੀ, ਜਿਸ ਕਾਰਨ ਇਹ ਮਰੀਜ਼ ਡਾਇਰੀਆ ਤੋਂ ਪੀੜਤ ਨਹੀਂ ਸਨ। ਜਦਕਿ ਸਿਹਤ ਵਿਭਾਗ ਦੇ ਰਿਕਾਰਡ 'ਚ ਡਾਇਰੀਆ ਦੇ 201 ਮਰੀਜ਼ਾਂ ਦੇ ਨਾਂ ਦਰਜ ਕੀਤੇ ਗਏ ਹਨ। ਇਨ੍ਹਾਂ ਮਰੀਜ਼ਾਂ ਨੂੰ ਦਸਤ ਅਤੇ ਉਲਟੀਆਂ ਆਉਣ 'ਤੇ ਪ੍ਰਾਇਮਰੀ ਸਿਹਤ ਕੇਂਦਰ ਪਿੰਡ ਉੱਭਾ ਦਾਖਲ ਕੀਤਾ ਗਿਆ ਸੀ। ਚੇਤੇ ਰਹੇ ਕਿ ਇਸ ਪਿੰਡ 'ਚ ਪੀਣ ਵਾਲੇ ਪਾਣੀ ਦੇ 5 ਸੈਂਪਲ ਲੈ ਕੇ ਚੰਡੀਗੜ੍ਹ ਵਿਖੇ ਭੇਜ ਦਿੱਤੇ ਸਨ, ਜਿਨ੍ਹਾਂ ਦਾ ਨਤੀਜਾ ਫੇਲ ਸਾਬਤ ਹੋਇਆ ਹੈ।
24 ਘੰਟਿਆਂ ਦੇ ਅੰਦਰ ਆ ਜਾਵੇਗੀ ਸੈਂਪਲਾਂ ਦੀ ਰਿਪੋਰਟ
ਪਿੰਡ ਉੱਭਾ 'ਚ ਡਾਇਰੀਆ ਰੋਗ ਨੂੰ ਲੈ ਕੇ ਅੱਜ ਮੁੜ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਸੈਂਪਲ ਭਰੇ ਹਨ, ਜਿਨ੍ਹਾਂ ਦੀ ਰਿਪੋਰਟ 24 ਘੰਟਿਆਂ ਦੇ ਅੰਦਰ-ਅੰਦਰ ਪਤਾ ਲੱਗ ਸਕੇਗੀ ਕਿ ਪਾਣੀ ਵਿਚ ਬੈਕਟੀਰੀਆ ਦੀ ਮਾਤਰਾ ਕਿੰਨੀ ਹੈ। ਜਾਣਕਾਰੀ ਅਨੁਸਾਰ ਐਪੀਡੀਮਾਲੋਜਿਸਟ ਸੰਤੋਸ਼ ਭਾਰਤੀ, ਇੰਸਪੈਕਟਰ ਗੁਰਜੰਟ ਸਿੰਘ ਅਤੇ ਸਰਬਜੀਤ ਸਿੰਘ ਦੇ ਆਧਾਰਿਤ ਸਿਹਤ ਵਿਭਾਗ ਦੀ ਟੀਮ ਨੇ ਅੱਜ ਉੱਭਾ 'ਚ ਵੱਖ-ਵੱਖ ਥਾਵਾਂ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਤਾਂ ਕਿ ਬੈਕਟੀਰੀਆ ਨੂੰ ਮਾਪਿਆ ਜਾ ਸਕੇ। ਐਪੀਡੀਮਾਲੋਜਿਸਟ ਸੰਤੋਸ਼ ਭਾਰਤੀ ਨੇ ਦੱਸਿਆ ਕਿ 24 ਘੰਟਿਆਂ ਬਾਅਦ ਇਨ੍ਹਾਂ ਸੈਂਪਲਾਂ ਦੀ ਰਿਪੋਰਟ 'ਚ ਜੇਕਰ ਮੁੜ ਬੈਕਟੀਰੀਆ ਪਾਇਆ ਗਿਆ ਤਾਂ ਉਹ ਦੁਬਾਰਾ ਅਜਿਹੇ ਸੈਂਪਲ ਭਰ ਕੇ ਇੰਨ੍ਹਾਂ ਨੂੰ ਪਬਲਿਕ ਹੈਲਥ ਲੈਬਾਰਟਰੀ ਚੰਡੀਗੜ੍ਹ ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਪਾਣੀ ਵਿਚ ਬੈਕਟੀਰੀਆ ਦੀ ਮਾਤਰਾ ਖਤਮ ਨਹੀਂ ਹੁੰਦੀ, ਉਦੋਂ ਤੱਕ ਲੋਕਾਂ ਨੂੰ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਨੂੰ ਪੀਣ ਲਈ ਹੁਕਮ ਨਹੀਂ ਦਿੱਤੇ ਜਾਣਗੇ। 
ਨਾ ਪੀਣਯੋਗ ਪਾਣੀ ਦੀ ਸਪਲਾਈ ਕੀਤੀ ਸ਼ੁਰੂ
ਪ੍ਰਸ਼ਾਸਨ ਨੇ ਪਿੰਡ ਉੱਭਾ ਵਿਖੇ ਕੁਝ ਦਿਨਾਂ ਤੋਂ ਵਾਟਰ ਸਪਲਾਈ ਦਾ ਪਾਣੀ ਇਸ ਪਿੰਡ ਦੇ ਇਕ ਨਾਗਰਿਕ ਵੱਲੋਂ ਛੱਡੀ ਹੋਈ ਪਾਈਪ ਦੇ ਸੀਵਰੇਜ ਦੇ ਪਾਣੀ ਨਾਲ ਮਿਕਸ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਸਪਲਾਈ ਹੋਣ ਨਾਲ ਜਿੱਥੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਗੰਦੇ ਪਾਣੀ ਨਾਲ ਲੋਕ ਡਾਇਰੀਆ ਨਾਂ ਦੀ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਉਪਰੰਤ ਅੱਜ ਸਬੰਧਤ ਵਿਭਾਗ ਨੇ ਪਿੰਡ ਦੇ ਕੁਝ ਹਿੱਸੇ 'ਚ ਨਾ ਪੀਣਯੋਗ ਪਾਣੀ ਦੀ ਸਪਲਾਈ ਸ਼ੁਰੂ ਕਰਦਿਆਂ ਲੋਕਾਂ ਨੂੰ ਅਲਰਟ ਕੀਤਾ ਕਿ ਇਹ ਪਾਣੀ ਸਿਰਫ਼ ਪਾਈਪਾਂ ਸਾਫ਼ ਕਰਨ ਲਈ ਛੱਡਿਆ ਜਾ ਰਿਹਾ ਹੈ, ਜਦੋਂ ਕਿ ਇਹ ਪਾਣੀ ਪੀਣ ਦੇ ਬਿਲਕੁਲ ਵੀ ਯੋਗ ਨਹੀਂ ਹੈ। 
ਕੀ ਕਹਿਣੈ ਸਿਹਤ ਵਿਭਾਗ ਦਾ
ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਪਿੰਡ ਅੰਦਰ ਪਿਛਲੇ ਕਈ ਦਿਨਾਂ ਤੋਂ ਫੈਲੀ ਡਾਇਰੀਆ ਦੀ ਬੀਮਾਰੀ ਰੁਕਣ ਉਪਰੰਤ ਅੱਜ ਵੀ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਪਾਣੀ ਸਾਫ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਪਿੰਡ 'ਚ ਕੁਝ ਸਮਾਂ ਹੋਰ ਟੈਂਕਰਾਂ ਦਾ ਪਾਣੀ ਹੀ ਪੀਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੱਛਰਾਂ ਨੂੰ ਮੁੱਖ ਰੱਖਦਿਆਂ ਕੁਝ ਘਰਾਂ 'ਚ ਮਲੇਰੀਏ ਦੀ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। 


Related News