ਸਿਹਤ ਵਿਭਾਗ ਵੱਲੋਂ ਭਰੇ ਗਏ 83 ਫੂਡ ਸੈਂਪਲਾਂ ''ਚੋਂ 29 ਫੇਲ

Wednesday, Sep 27, 2017 - 11:52 AM (IST)

ਜਲੰਧਰ— ਸਿਹਤ ਵਿਭਾਗ ਵੱਲੋਂ ਪਿਛਲੇ ਮਹੀਨੇ ਭਰੇ ਗਏ 83 ਫੂਡ ਸੈਂਪਲਾਂ 'ਚੋਂ 29 ਸੈਂਪਲ ਫੇਲ ਪਾਏ ਗਏ ਹਨ। ਹੁਣ ਸਿਹਤ ਵਿਭਾਗ ਰੋਜ਼ਾਨਾ ਖਾਣ-ਪੀਣ ਦੀਆਂ ਚੀਜ਼ਾਂ ਦੇ ਸੈਂਪਲ ਭਰਨ ਜਾ ਰਿਹਾ ਹੈ। ਜੋ ਸੈਂਪਲ ਫੇਲ ਹੋਏ ਹਨ, ਉਨ੍ਹਾਂ 'ਚ ਦੁੱਧ ਤੋਂ ਲੈ ਕੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹਨ। ਇਕ ਤਿਹਾਈ ਸੈਂਪਲ ਫੇਲ ਹੋਣ ਦੇ ਬਾਵਜੂਦ ਵੀ ਇਸ ਸੀਜ਼ਨ 'ਚ ਸਿਹਤ ਵਿਭਾਗ ਸੈਂਪਲ ਭਰਨ 'ਚ ਸੁਸਤੀ ਦਿਖਾ ਰਿਹਾ ਹੈ। ਸਿਹਤ ਵਿਭਾਗ ਨੇ ਸਾਰੇ ਜ਼ਿਲਿਆਂ ਦੇ ਅਸਿਸਟੈਂਟ ਫੂਡ ਕਮਿਸ਼ਨਰਾਂ ਅਤੇ ਜ਼ਿਲਾ ਸਿਹਤ ਅਧਿਕਾਰੀਆਂ ਨੂੰ ਘੱਟੋ-ਘੱਟ 100 ਫੂਡ ਸੈਂਪਲ ਪ੍ਰਤੀ ਮਹੀਨਾ ਭਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ 'ਚ ਅਜੇ ਤੱਕ ਜ਼ਿਲਾ ਸਿਹਤ ਅਧਿਕਾਰੀ ਅਸਫਲ ਰਹੇ ਹਨ। ਫੈਸਟੀਵਲ ਸੀਜ਼ਨ ਦੇਖਦੇ ਹੋਏ ਪਿਛਲੇ ਦਿਨੀਂ ਸਿਵਲ ਸਰਜਨ ਦਫਤਰ 'ਚ ਅਧਿਕਾਰੀਆਂ ਦੀ ਇਕ ਮੀਟਿੰਗ ਵੀ ਹੋਈ ਹੈ, ਜਿਸ 'ਚ ਫੈਸਲਾ ਲਿਆ ਗਿਆ ਹੈ ਕਿ ਜ਼ਿਲੇ 'ਚ ਰੋਜ਼ਾਨਾ ਫੂਡ ਸੈਂਪਲ ਭਰੇ ਜਾਣਗੇ। ਅਜੇ ਤੱਕ ਉਸ ਫੈਸਲੇ ਨੂੰ ਅਮਲ 'ਚ ਨਹੀਂ ਲਿਆਂਦਾ ਗਿਆ ਹੈ। ਉਮੀਦ ਹੈ ਕਿ ਦੀਵਾਲੀ ਦਾ ਸੀਜ਼ਨ ਨੇੜੇ ਆਉਂਦੇ ਹੀ ਸਿਹਤ ਵਿਭਾਗ ਹਰਕਤ 'ਚ ਆ ਜਾਵੇਗਾ।


Related News