ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਾਂ ਦੀ ਚੈਕਿੰਗ ਦੁਕਾਨਦਾਰਾਂ ''ਚ ਹਫੜਾ-ਦਫੜੀ ਦਾ ਮਾਹੌਲ

06/23/2017 12:23:39 AM

ਜਲਾਲਾਬਾਦ(ਟੀਨੂੰ)-ਅੱਜ ਦੁਪਹਿਰ 1 ਵਜੇ ਦੇ ਕਰੀਬ ਸ਼ਹਿਰ ਦੇ ਦੁਕਾਨਦਾਰਾਂ ਵਿਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਦੁਕਾਨਦਾਰਾਂ ਨੇ ਬਾਲ ਮਜ਼ਦੂਰੀ ਚੈਕਿੰਗ ਟੀਮ ਨੂੰ ਬਾਜ਼ਾਰ ਵਿਚ ਦੁਕਾਨਾਂ ਦੀ ਚੈਕਿੰਗ ਕਰਦੇ ਹੋਏ ਦੇਖਿਆ। ਇੰਸਪੈਕਟਰ ਅਜੈ ਕੁਮਾਰ ਨੇ ਦੱਸਿਆ ਕਿ ਅੱਜ ਟੀਮ ਵੱਲੋਂ ਜ਼ਿਲਾ ਫਾਜ਼ਿਲਕਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਅੰਦਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ 'ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲੋਂ ਬਾਲ ਮਜ਼ਦੂਰੀ ਕਰਵਾ ਰਹੇ ਦੁਕਾਨਦਾਰਾਂ ਖਿਲਾਫ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਸ਼ਹਿਰ ਦੇ ਬਾਹਮਣੀ ਵਾਲਾ ਚੂੰਗੀ ਤੋਂ ਚੈਕਿੰਗ ਦੀ ਸ਼ੁਰੂਆਤ ਕੀਤੀ ਤੇ ਇਹ ਟੀਮ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਸਥਿਤ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇਗੀ। ਇੰਸਪੈਕਟਰ ਨੇ ਦੱਸਿਆ ਕਿ ਟੀਮ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਜਿਹੜੀ ਵੀ ਦੁਕਾਨ 'ਤੇ 18 ਸਾਲ ਤੋਂ ਘੱਟ ਉਮਰ ਦਾ ਬੱਚਾ ਬਾਲ ਮਜ਼ਦੂਰੀ ਕਰਦਾ ਪਾਇਆ ਗਿਆ ਤਾਂ ਉਸ ਦੁਕਾਨਦਾਰ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਉਸ ਦੁਕਾਨਦਾਰ ਨੂੰ ਕਿਸੇ ਕੀਮਤ 'ਤੇ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਅਮਿਤ ਸ਼ਰਮਾ ਕਲਰਕ ਲੇਬਰ ਡਿਪਾਰਟਮੈਂਟ ਕੀਰਤ ਵਿਭਾਗ, ਚਾਈਲਡ ਪ੍ਰੋਟੈਕਸ਼ਨ ਅਫਸਰ ਕੌਸ਼ਲ ਫਾਜ਼ਿਲਕਾ, ਰਾਜ ਕੁਮਾਰ ਬੀ. ਪੀ. ਓ. ਦਫ਼ਤਰ ਜਲਾਲਾਬਾਦ-1 ਸਮੇਤ ਵੱਡੀ ਗਿਣਤੀ 'ਚ ਪੰਜਾਬ ਪੁਲਸ ਦੇ ਕਰਮਚਾਰੀ ਤੇ ਪੰਜਾਬ ਪੁਲਸ ਮਹਿਲਾ ਕਰਮਚਾਰੀ ਮੌਜੂਦ ਸਨ। ਉਧਰ ਦੂਜੇ ਪਾਸੇ ਟੀਮ ਵੱਲੋਂ ਦੁਕਾਨਾਂ 'ਤੇ ਕੀਤੀ ਜਾ ਰਹੀ ਚੈਕਿੰਗ ਸੰਬੰਧੀ ਦੁਕਾਨਦਾਰਾਂ ਨੂੰ ਪਤਾ ਲੱਗਿਆ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ 'ਤੇ ਕੰਮ ਕਰ ਰਹੇ 18 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੁਕਾਨਾਂ ਤੋਂ ਪਾਸੇ ਕਰ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਟੀਮ ਨੂੰ ਕਿਸੇ ਵੀ ਦੁਕਾਨ ਤੋਂ ਬਾਲ ਮਜ਼ਦੂਰੀ ਕਰਦੇ ਬੱਚੇ ਨਹੀਂ ਮਿਲੇ ਸਨ।