ਭੀੜ ਵਾਲੇ ਇਲਾਕਿਆਂ ’ਚ ਐਮਰਜੈਂਸੀ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਨੇ ਐਂਬੂਲੈਂਸਾਂ ਨੂੰ ਦਿਖਾਈ ਹਰੀ ਝੰਡੀ

02/24/2021 2:44:15 AM

ਚੰਡੀਗੜ੍ਹ, (ਸ਼ਰਮਾ)- ਸ਼ਹਿਰਾਂ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਅੱਜ ਪੰਜਾਬ ਦੇ ਹਰੇਕ ਜ਼ਿਲ੍ਹੇ ਲਈ 22 ਛੋਟੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।

ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਐਂਬੂਲੈਂਸਾਂ 108 ਹੈਲਪਲਾਈਨ ਅਧੀਨ ਚੱਲਣ ਵਾਲੀਆਂ ਐਂਬੂਲੈਂਸਾਂ ਤੋਂ ਇਲਾਵਾ ਚੱਲਣਗੀਆਂ। ਇਹ ਛੋਟੀਆਂ, ਤੰਗ ਗਲੀਆਂ ਵਿਚ ਮਰੀਜ਼ਾਂ ਲਈ ਤੁਰੰਤ ਐਮਰਜੈਂਸੀ ਸੇਵਾਵਾਂ ਯਕੀਨੀ ਬਣਾਉਣ ਲਈ ਲਾਹੇਵੰਦ ਸਿੱਧ ਹੋਣਗੀਆਂ। ਹਰੇਕ ਵੈਨ ਵਿਚ ਮਰੀਜ਼ਾਂ ਅਤੇ ਡਰਾਈਵਰਾਂ ਤੋਂ ਇਲਾਵਾ 5 ਸਹਾਇਕ ਹੋਣਗੇ, ਜਿਸ ਨਾਲ ਸ਼ਹਿਰਾਂ ਦੇ ਭੀੜ ਵਾਲੇ ਇਲਾਕਿਆਂ ਵਿਚ ਆਸਾਨੀ ਨਾਲ ਪਹੁੰਚ ਕੀਤੀ ਜਾ ਸਕੇਗੀ। ਇਨ੍ਹਾਂ ਐਂਬੂਲੈਂਸਾਂ ’ਚ ਸਟ੍ਰੈਚਰ ਕਮ ਟਰਾਲੀ, ਮੈਡੀਕਲ ਕਿੱਟ ਬਾਕਸ, ਆਕਸੀਜਨ ਸਿਲੰਡਰ ਸਮੇਤ ਲੋੜੀਂਦੀ ਰੌਸ਼ਨੀ ਅਤੇ ਅਨਾਊਂਸਮੈਂਟ ਸਿਸਟਮ ਦੀ ਵਿਵਸਥਾ ਹੋਵੇਗੀ।

ਬੁਲਾਰੇ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਨੇ ਪਿਛਲੇ ਇਕ ਸਾਲ ਦੌਰਾਨ 180 ਐਂਬੂਲੈਂਸਾਂ ਦੀ ਖਰੀਦ ਕੀਤੀ ਹੈ ਅਤੇ ਸਾਰੇ 22 ਜ਼ਿਲਿਆਂ ਦੀਆਂ ਆਪਣੀਆਂ ਏ. ਐੱਲ. ਐੱਸ. ਐਂਬੂਲੈਂਸਾਂ (ਐਡਵਾਂਸ ਲਾਈਫ਼ ਸੁਪੋਰਟ) ਹਨ, ਜੋ ਪੂਰੀ ਤਰ੍ਹਾਂ ਹਾਈਟੈਕ ਹਨ। ਹੁਣ ਸਿਹਤ ਵਿਭਾਗ ਕੋਲ ਸ਼ਹਿਰਾਂ ਅਤੇ ਪਿੰਡਾਂ ਦੇ ਸਾਰੇ ਖੇਤਰਾਂ ਨੂੰ ਕਵਰ ਕਰਨ ਲਈ ਕੁੱਲ 422 ਐਂਬੂਲੈਂਸਾਂ ਹਨ।

Bharat Thapa

This news is Content Editor Bharat Thapa