ਸਿਹਤ ਵਿਭਾਗ ਦੇ ਫਾਰਮਾਸਿਸਟ ਬਣੇ ਫਾਰਮੇਸੀ ਅਫਸਰ

07/13/2019 12:11:11 AM

ਅੰਮ੍ਰਿਤਸਰ,(ਦਲਜੀਤ) : ਸਿਹਤ ਵਿਭਾਗ ਅਧੀਨ ਕੰਮ ਕਰਨ ਵਾਲੇ ਫਾਰਮਾਸਿਸਟ ਹੁਣ ਫਾਰਮੇਸੀ ਅਫਸਰ ਬਣ ਗਏ ਹਨ। ਪੰਜਾਬ ਸਰਕਾਰ ਨੇ ਫਾਰਮਾਸਿਸਟਾਂ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਪ੍ਰਵਾਨ ਕਰਦਿਆਂ ਫਾਰਮਾਸਿਸਟ ਦੇ ਵੱਖ-ਵੱਖ ਅਹੁਦਿਆਂ 'ਤੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਨਾਵਾਂ 'ਚ ਤਬਦੀਲੀ ਕਰ ਦਿੱਤੀ ਹੈ। ਸਰਕਾਰ ਵਲੋਂ ਇਸ ਸਬੰਧੀ ਅੱਜ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ 'ਚ ਕੰਮ ਕਰਦੇ ਫਾਰਮਾਸਿਸਟ, ਚੀਫ ਫਾਰਮਾਸਿਸਟ ਗ੍ਰੇਡ-2, ਚੀਫ ਫਾਰਮਾਸਿਸਟ ਗ੍ਰੇਡ-1 ਤੇ ਜ਼ਿਲਾ ਪੱਧਰ 'ਤੇ ਕੰਮ ਕਰਦੇ ਚੀਫ ਫਾਰਮਾਸਿਸਟ ਗ੍ਰੇਡ-1 ਦੀਆਂ ਅਸਾਮੀਆਂ ਦੇ ਅਹੁਦਾ/ਨਾਂ ਬਦਲ ਕੇ ਕ੍ਰਮਵਾਰ ਫਾਰਮੇਸੀ ਅਫਸਰ, ਸੀਨੀਅਰ ਫਾਰਮੇਸੀ ਅਫਸਰ, ਚੀਫ ਫਾਰਮੇਸੀ ਅਫਸਰ ਅਤੇ ਜ਼ਿਲਾ ਫਾਰਮੇਸੀ ਅਫਸਰ ਰੱਖ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੀਫ ਫਾਰਮਾਸਿਸਟ ਐਸੋਸੀਏਸ਼ਨ ਦੇ ਮੁੱਖ ਬੁਲਾਰੇ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਨੋਟੀਫਿਕੇਸ਼ਨ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਫਾਰਮੇਸੀਆਂ ਦਾ ਅਹੁਦਾ/ਨਾਂ ਬਦਲੇ ਜਾਣ ਕਾਰਨ ਸਬੰਧਤ ਐਸੋਸੀਏਸ਼ਨਾਂ ਵਲੋਂ ਦਿੱਤੀ ਅੰਡਰਟੇਕਿੰਗ ਦੇ ਸਰਮੁੱਖ ਕਿਸੇ ਵੀ ਉਚੇਰੇ ਸਕੇਲ/ਹੋਰ ਵਿੱਤੀ ਲਾਭ, ਸਹੂਲਤਾਂ ਆਦਿ ਮੰਗ ਨਹੀਂ ਕੀਤੀ ਜਾਵੇਗੀ। ਪੰਜਾਬ ਸਟੇਟ ਰਾਜ ਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਦੇ ਮੁੱਖ ਬੁਲਾਰੇ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਐਸੋਸੀਏਸ਼ਨ ਅਹੁਦਾ/ਨਾਂ ਬਦਲਣ ਦੀ ਮੰਗ ਕਰ ਰਹੀ ਸੀ, ਜਿਸ ਨੂੰ ਹੁਣ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ। ਐਸੋਸੀਏਸ਼ਨ ਸਰਕਾਰ ਦਾ ਧੰਨਵਾਦ ਕਰਦੀ ਹੈ ਅਤੇ ਨਾਲ ਹੀ ਮੰਗ ਕਰਦੀ ਹੈ ਕਿ ਵਿਭਾਗ 'ਚ ਪਈਆਂ ਖਾਲੀ ਅਸਾਮੀਆਂ ਦੀ ਵੀ ਰੈਗੂਲਰ ਭਰਤੀ ਕੀਤੀ ਜਾਵੇ।