ਸਿਹਤ ਵਿਭਾਗ ਦੀ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੋੜਨ ਲੱਗੀ ਦਮ

05/03/2018 1:34:15 PM

ਸੰਗਤ ਮੰਡੀ (ਮਨਜੀਤ)-ਸਿਹਤ ਵਿਭਾਗ ਵੱਲੋਂ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਤਹਿਤ ਪੂਰੇ ਦੇਸ਼ 'ਚ ਬੱਚਿਆਂ ਨੂੰ ਖਸਰੇ ਦੀ ਭਿਆਨਕ ਬੀਮਾਰੀ ਤੋਂ ਬਚਾਉਣ ਲਈ 9 ਮਹੀਨਿਆਂ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਦੇ ਟੀਕੇ ਲਾਏ ਜਾ ਰਹੇ ਹਨ। ਇਸ ਮੁਹਿੰਮ ਪ੍ਰਤੀ ਸੋਸ਼ਲ ਮੀਡੀਆ 'ਤੇ ਫੈਲੀਆਂ ਗਲਤ ਅਫ਼ਵਾਹਾਂ ਕਾਰਨ ਬੱਚਿਆਂ ਦੇ ਮਾਪੇ ਚਿੰਤਤ ਹਨ। ਪਿੰਡ ਜੈ ਸਿੰਘ ਵਾਲਾ ਤੇ ਬੀੜ ਤਲਾਬ ਬਸਤੀ ਨੰ. 6 ਦੇ ਬਹੁਤੇ ਮਾਪਿਆਂ ਵੱਲੋਂ ਸਕੂਲਾਂ 'ਚ ਇਕੱਠ ਕਰ ਕੇ ਸਕੂਲ ਮੁਖੀਆਂ ਨੂੰ ਇਹ ਤਾੜਨਾ ਕਰ ਦਿੱਤੀ ਕਿ ਉਹ ਉਨ੍ਹਾਂ ਦੇ ਬੱਚਿਆਂ ਦੇ ਟੀਕੇ ਨਾ ਲਵਾਉਣ। ਜੇਕਰ ਉਨ੍ਹਾਂ ਦੇ ਬੱਚਿਆਂ ਦੇ ਕੋਈ ਟੀਕਾ ਲਵਾਇਆ ਗਿਆ ਤਾਂ ਇਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ। ਪਿੰਡ ਜੈ ਸਿੰਘ ਵਾਲਾ ਦੇ ਬੱਚਿਆਂ ਦੇ ਬਹੁਤੇ ਮਾਪਿਆਂ ਵੱਲੋਂ ਅੱਜ ਸਵੇਰੇ ਹੀ ਸਕੂਲ 'ਚ ਪਹੁੰਚ ਕੇ ਸਕੂਲ ਦੀ ਪ੍ਰਿੰਸੀਪਲ ਨੂੰ ਸਾਫ-ਸਾਫ ਲਿਖ ਕੇ ਦੇ ਦਿੱਤਾ ਕਿ ਉਨ੍ਹਾਂ ਦੇ ਬੱਚਿਆਂ ਦੇ ਕੋਈ ਟੀਕਾ ਨਾ ਲਾਇਆ ਜਾਵੇ। ਹਾਲੇ ਤੱਕ ਇਸ ਸਕੂਲ 'ਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲੀ ਬੱਚਿਆਂ ਦੇ ਟੀਕੇ ਲਾਉਣ ਲਈ ਪਹੁੰਚਣਾ ਹੈ ਪਰ ਉਸ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਵੱਲੋਂ ਸਕੂਲ ਪ੍ਰਿੰਸੀਪਲ ਨੂੰ ਬੱਚਿਆਂ ਦੇ ਟੀਕਾ ਨਾ ਲਾਉਣ ਬਾਰੇ ਲਿਖ ਕੇ ਦੇਣ ਨਾਲ ਇਸ ਮੁਹਿੰਮ 'ਤੇ ਸਵਾਲੀਆਂ ਨਿਸ਼ਾਨ ਲੱਗ ਗਿਆ ਹੈ। ਇਸ ਮੌਕੇ ਪਿੰਡ ਵਾਸੀ ਕਰਨੈਲ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ ਤੇ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁਝ ਥਾਵਾਂ 'ਤੇ ਟੀਕੇ ਲਾਉਣ ਕਾਰਨ ਬੱਚਿਆਂ ਨੂੰ ਆ ਰਹੀਆਂ ਦਿੱਕਤਾਂ ਦੇ ਕਾਰਨ ਉਹ ਕਿਸੇ ਵੀ ਕੀਮਤ 'ਤੇ ਆਪਣੇ ਬੱਚਿਆਂ ਦੇ ਟੀਕੇ ਨਹੀਂ ਲਵਾਉਣਗੇ। । 

ਕੀ ਕਹਿਣਾ ਹੈ ਸਕੂਲ ਦੇ ਪ੍ਰਿੰਸੀਪਲ ਮੈਡਮ ਰਾਣੀ ਅਰੋੜਾ ਦਾ
ਜਦ ਇਸ ਸਬੰਧੀ ਪਿੰਡ ਜੈ ਸਿੰਘ ਵਾਲਾ ਸਕੂਲ ਦੀ ਪ੍ਰਿੰਸੀਪਲ ਰਾਣੀ ਅਰੋੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਟੀਕੇ ਮਾਪਿਆਂ ਦੀ ਸਹਿਮਤੀ ਨਾਲ ਲਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਕੂਲ ਦੇ ਹਰ ਇਕ ਬੱਚੇ ਨੂੰ ਇਕ ਸਲਿੱਪ ਦਿੱਤੀ ਜਾਵੇਗੀ, ਜਿਸ 'ਚ ਟੀਕੇ ਲਵਾਉਣ ਲਈ ਉਸ ਦੇ ਮਾਤਾ-ਪਿਤਾ ਦੀ ਸਹਿਮਤੀ ਲਈ ਜਾਵੇਗੀ, ਜੇਕਰ ਮਾਪੇ ਆਪਣੇ ਬੱਚਿਆਂ ਦੇ ਟੀਕੇ ਲਵਾਉਣ ਲਈ ਸਹਿਮਤ ਨਾ ਹੋਣਗੇ ਤਾਂ ਕਿਸੇ ਵੀ ਬੱਚੇ ਦੇ ਟੀਕਾ ਨਹੀਂ ਲਾਇਆ ਜਾਵੇਗਾ। ਪਿੰਡ ਬੀੜ ਤਲਾਬ ਬਸਤੀ ਨੰ. 6 ਦੇ ਬਸ਼ਿੰਦਿਆਂ ਵੱਲੋਂ ਵੀ ਸਕੂਲ ਦੇ ਮੁੱਖ ਅਧਿਆਪਕ ਨੂੰ ਲਿਖਤੀ ਦਰਖਾਸਤ ਦੇ ਕੇ ਸਾਫ-ਸਾਫ ਕਹਿ ਦਿੱਤਾ ਕਿ ਉਨ੍ਹਾਂ ਦੇ ਬੱਚਿਆਂ ਦੇ ਟੀਕੇ ਨਾ ਲਾਏ ਜਾਣ, ਜੇਕਰ ਸਮੇਂ ਰਹਿੰਦੇ ਸਿਹਤ ਵਿਭਾਗ ਵੱਲੋਂ ਲੋਕਾਂ 'ਚ ਫੈਲ ਰਹੀਆਂ ਗਲਤ ਅਫ਼ਵਾਹਾਂ ਨੂੰ ਨਾ ਰੋਕਿਆ ਗਿਆ ਤਾਂ ਇਸ ਮੁਹਿੰਮ 'ਤੇ ਵਿਰਾਮ ਲੱਗ ਜਾਵੇਗਾ।

ਟੀਕਾ ਲਵਾਉਣ ਨਾਲ ਬੱਚਾ ਹੋਇਆ ਸੁਸਤ
ਪਿੰਡ ਫੁੱਲੋਂ ਮਿੱਠੀ ਦੇ ਇਕ ਵਿਅਕਤੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਬੱਚੇ ਦੇ ਸਕੂਲ 'ਚ ਮੀਜ਼ਲ-ਰੁਬੇਲਾ ਮੁਹਿੰਮ ਤਹਿਤ ਖਸਰੇ ਦਾ ਟੀਕਾ ਲਾਇਆ ਗਿਆ ਸੀ, ਜਿਸ ਸਮੇਂ ਤੋਂ ਉਸ ਦੇ ਬੱਚੇ ਦੇ ਟੀਕਾ ਲੱਗਿਆ ਹੈ ਉਸ ਸਮੇਂ ਤੋਂ ਉਸ ਦਾ ਬੱਚਾ ਸੁਸਤ ਰਹਿਣ ਲੱਗ ਪਿਆ ਹੈ, ਜਿਸ ਕਾਰਨ ਉਹ ਆਪਣੇ ਬੱਚੇ ਦਾ ਬਠਿੰਡਾ ਦੇ ਹਸਪਤਾਲ ਤੋਂ ਇਲਾਜ ਕਰਵਾ ਰਹੇ ਹਨ।  ਸਿਹਤ ਵਿਭਾਗ ਵੱਲੋਂ ਪੂਰੇ ਦੇਸ਼ 'ਚੋਂ ਖਸਰੇ ਦੀ ਨਾਮੁਰਾਦ ਬੀਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਸ ਮੁਹਿੰਮ ਦੀ ਇਕ ਮਈ ਨੂੰ ਪੂਰੇ ਉਤਸ਼ਾਹ ਨਾਲ ਸ਼ੁਰੂਆਤ ਕੀਤੀ ਗਈ ਸੀ ਪਰ ਇਸ ਮੁਹਿੰਮ ਪ੍ਰਤੀ ਸੋਸ਼ਲ ਮੀਡੀਆ 'ਤੇ ਫੈਲੀਆਂ ਗਲਤ ਅਫ਼ਵਾਹਾਂ ਕਾਰਨ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਟੀਕੇ ਲਵਾਉਣ ਤੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਕੋਰਾ ਜੁਆਬ ਦੇ ਦਿੱਤਾ ਗਿਆ, ਜਿਸ ਕਾਰਨ ਇਹ ਮੁਹਿੰਮ ਸ਼ੁਰੂ 'ਚ ਹੀ ਦਮ ਤੋੜਦੀ ਨਜ਼ਰ ਆ ਰਹੀ ਹੈ। ਸਿਹਤ ਵਿਭਾਗ ਵੱਲੋਂ ਵੀ ਮਾਪਿਆਂ 'ਚ ਫੈਲੀਆਂ ਗਲਤ ਅਫ਼ਵਾਹਾਂ ਨੂੰ ਦੂਰ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ, ਜਿਸ ਕਾਰਨ ਮਾਪੇ ਇਸ ਮੁਹਿੰਮ ਦੇ ਫਾਇਦਿਆਂ ਤੋਂ ਅਣਜਾਣ ਇਸ ਮੁਹਿੰਮ ਦਾ ਡਟਵਾ ਵਿਰੋਧ ਕਰ ਰਹੇ ਹਨ। 

ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਹਨ ਅਫ਼ਵਾਹਾਂ
ਸੋਸ਼ਲ ਮੀਡੀਆ ਫੇਸਬੁੱਕ ਤੇ ਵਟਸਐਪ ਉਪਰ ਇਸ ਮੁਹਿੰਮ ਨੂੰ ਆਰ. ਐੱਸ. ਐੱਸ. ਇੰਜੈਕਸ਼ਨ ਵੈਕਸੀਨ ਕਹਿੰਦਿਆਂ ਨਸਲਕੁਸ਼ੀ ਦੀ ਤਿਆਰੀ ਦੱਸਿਆ ਜਾ ਰਿਹਾ ਹੈ। ਕੁਝ ਮੈਸੇਜਾਂ 'ਚ ਬੱਚਿਆਂ ਦੇ ਟੀਕਾ ਲਾਉਣ ਤੋਂ ਬਾਅਦ ਨਿਪੁੰਸਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਲੋਕਾਂ ਵੱਲੋਂ ਮਾਪਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਆਪਣੇ ਬੱਚਿਆਂ ਦੇ ਇਹ ਟੀਕੇ ਨਾ ਲਵਾਉਣ।

ਕੀ ਕਹਿਣਾ ਹੈ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਦਾ
ਜਦ ਇਸ ਸਬੰਧੀ ਸਿਵਲ ਹਸਪਤਾਲ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਪ੍ਰਤੀ ਜੋ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਦੇ ਮਾਪਿਆਂ 'ਚ ਝੂਠੀਆਂ ਅਫ਼ਵਾਹਾਂ ਫੈਲ ਰਹੀਆਂ ਹਨ, ਉਨ੍ਹਾਂ ਨੂੰ ਜਾਗਰੂਕ ਕਰਨ ਲਈ ਸਿਹਤ ਕਰਮਚਾਰੀਆਂ ਵੱਲੋਂ ਮਾਪਿਆਂ ਨੂੰ ਸਕੂਲਾਂ 'ਚ ਇਕੱਠਾ ਕਰ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਜਦ ਉਨ੍ਹਾਂ ਤੋਂ ਪੁੱਛਿਆ ਕਿ ਇਸ ਮੁਹਿੰਮ ਪ੍ਰਤੀ ਜਿਨ੍ਹਾਂ ਲੋਕਾਂ ਵੱਲੋਂ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਨ੍ਹਾਂ ਵਿਰੁੱਧ ਕੀ ਕਾਰਵਾਈ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੇ ਨਾਂ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਭੇਜੇ ਜਾ ਰਹੇ ਹਨ।