ਹੈਲਥ ਸੈਂਟਰ ਦੀ ਵੱਡੀ ਗਲਤੀ, ਟੀ. ਬੀ. ਦੇ ਮਰੀਜ਼ ਨੂੰ ਬਣਾ ''ਤਾ ''ਕੈਂਸਰ ਦਾ ਮਰੀਜ਼''

11/20/2019 1:47:57 PM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੇ ਇੱਕ ਪ੍ਰਾਈਵੇਟ ਹੈਲਥ ਸੈਂਟਰ ਨੇ ਟਿਊਬਰ ਕਲਾਸਿਸ (ਟੀ. ਬੀ.) ਦੇ ਮਰੀਜ਼ ਨੂੰ ਚੌਥੀ ਸਟੇਜ ਦਾ ਕੈਂਸਰ ਦਾ ਮਰੀਜ਼ ਬਣਾ ਦਿੱਤਾ। ਉਹ ਡਰ ਗਿਆ, ਸੈਂਟਰ ਦੀ ਰਿਪੋਰਟ ਦੇ ਆਧਾਰ 'ਤੇ ਤਿੰਨ ਵਾਰ ਮਰੀਜ਼ ਦੀ ਕੀਮੋਥੈਰੇਪੀ ਵੀ ਕਰਵਾ ਦਿੱਤੀ ਗਈ। ਰਾਹਤ ਨਾ ਮਿਲੀ ਤਾਂ ਮਰੀਜ਼ ਨੇ ਮੁੰਬਈ ਦੇ ਇੱਕ ਹਸਪਤਾਲ 'ਚ ਇਲਾਜ ਕਰਵਾਇਆ। ਰਿਪੋਰਟਾਂ ਆਈਆਂ ਤਾਂ ਪਤਾ ਲੱਗਾ ਕਿ ਮਰੀਜ਼ ਨੂੰ ਕੈਂਸਰ ਸੀ ਹੀ ਨਹੀਂ, ਉਸਨੂੰ ਤਾਂ ਟਿਊਬਰ ਕਲਾਸਿਸ ਸੀ। ਨੌ ਮਹੀਨਿਆਂ ਦੀ ਆਮ ਦਵਾਈ ਤੋਂ ਬਾਅਦ ਉਹ ਠੀਕ ਵੀ ਹੋ ਗਿਆ। ਸੈਕਟਰ-22 ਬੀ 'ਚ ਰਹਿਣ ਵਾਲੇ ਵਿਜੇ ਰਮੋਲਾ ਨੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਸੈਕਟਰ-44 ਸੀ ਸਥਿਤ ਸਪਾਇਰਲ ਸੀ. ਟੀ. ਅਤੇ ਐੱਮ. ਆਰ. ਆਈ. ਸੈਂਟਰ ਖਿਲਾਫ ਉਪਭੋਗਤਾ ਫੋਰਮ 'ਚ ਸ਼ਿਕਾਇਤ ਦਿੱਤੀ। ਫੋਰਮ ਨੇ ਸਪਾਇਰਲ ਸੀ. ਟੀ. ਅਤੇ ਐੱਮ. ਆਰ. ਆਈ. ਸੈਂਟਰ ਨੂੰ ਸ਼ਿਕਾਇਤਕਰਤਾ ਨੂੰ 2 ਲੱਖ ਰੁਪਏ ਮੁਆਵਜ਼ੇ ਦੇ ਰੂਪ 'ਚ ਦੇਣ ਦੇ ਆਦੇਸ਼ ਦਿੱਤੇ, ਨਾਲ ਹੀ ਮੁਕੱਦਮੇ ਦੇ ਖਰਚ ਦੇ ਬਦਲੇ ਵੀ 15 ਹਜ਼ਾਰ ਰੁਪਏ ਅਦਾ ਕਰਨ ਨੂੰ ਕਿਹਾ ਹੈ। ਇਨ੍ਹਾਂ ਆਦੇਸ਼ਾਂ ਦੀ ਪਾਲਣਾ 30 ਦਿਨਾਂ ਦੇ ਅੰਦਰ ਕਰਨੀ ਹੋਵੇਗੀ, ਨਹੀਂ ਤਾਂ 12 ਫ਼ੀਸਦੀ ਵਿਆਜ ਵੀ ਦੇਣਾ ਪਵੇਗਾ।
15 ਦਿਨ ਖੰਘ ਹੋਣ 'ਤੇ ਜੀ. ਐੱਮ. ਸੀ. ਐੱਚ.-32 ਗਏ ਸਨ
ਵਿਜੇ ਰਮੋਲਾ ਚੰਡੀਗੜ੍ਹ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੇ ਮੈਨੇਜਰ ਰਹਿ ਚੁੱਕੇ ਸਨ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਸਾਲ 2014 'ਚ ਕਰੀਬ 15 ਦਿਨਾਂ ਤੱਕ ਉਨ੍ਹਾਂ ਨੂੰ ਖੰਘ ਦੀ ਸਮੱਸਿਆ ਆਈ, ਇਸ ਕਾਰਨ ਉਹ ਜੀ. ਐੱਮ. ਸੀ. ਐੱਚ.- 32 ਗਏ। ਡਾਕਟਰਾਂ ਨੇ ਉਨ੍ਹਾਂ ਨੂੰ ਛਾਤੀ ਦੀ ਸੀ. ਟੀ. ਸਕੈਨ ਕਰਵਾਉਣ ਦੀ ਸਲਾਹ ਦਿੱਤੀ। ਰਿਪੋਰਟ 'ਚ ਉਪਭੋਗਤਾ ਦੇ ਫੇਫੜਿਆਂ 'ਚ ਲਿੰਫ ਨੋਡਸ ਦੇ ਨਾਮ ਲਿਕਵਿਡ 'ਚ ਗ਼ੈਰ-ਮਾਮੂਲੀ ਵਾਧਾ ਪਾਇਆ ਗਿਆ। ਇਸ ਤੋਂ ਬਾਅਦ ਪਲਮਨਰੀ ਸੈਕਸ਼ਨ 'ਚ ਟਿਊਬਰ ਕਲਾਸਿਸ ਦਾ ਪਤਾ ਲਾਉਣ ਲਈ ਟੈਸਟ ਕਰਵਾਏ ਗਏ। ਸਭ ਕੁਝ ਆਮ ਪਾਇਆ ਗਿਆ ਪਰ ਡਾਕਟਰਾਂ ਨੇ ਸ਼ਿਕਾਇਤਕਰਤਾ ਨੂੰ ਲਿੰਫ ਨੋਡਸ ਬਾਰੇ ਬਰੋਂਕੋਸਕੋਪੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ।
ਸੈਂਟਰ ਨੇ ਰਿਪੋਰਟ 'ਚ ਚੌਥੀ ਸਟੇਜ ਦਾ ਫੇਫੜਿਆਂ ਦਾ ਕੈਂਸਰ ਦੱਸਿਆ
ਕੁਝ ਹੋਰ ਟੈਸਟ ਤੋਂ ਬਾਅਦ ਜੀ. ਐੱਮ. ਸੀ.ਐੱਚ.-32 ਦੇ ਡਾਕਟਰਾਂ ਨੇ ਸ਼ਿਕਾਇਤਕਰਤਾ ਨੂੰ ਪੇਟ ਦੀ ਸਕੈਨ ਕਰਵਾਉਣ ਦੀ ਸਲਾਹ ਦਿੱਤੀ। ਇਸਦੇ ਲਈ ਸ਼ਿਕਾਇਤਕਰਤਾ ਸੈਕਟਰ-44 ਸੀ ਸਥਿਤ ਸਪਾਇਰਲ ਸੀ. ਟੀ. ਅਤੇ ਐੱਮ. ਆਰ. ਆਈ. ਸੈਂਟਰ ਗਏ। ਟੈਸਟ ਤੋਂ ਬਾਅਦ ਸੈਂਟਰ ਨੇ ਰਿਪੋਰਟ 'ਚ ਕਿਹਾ ਕਿ ਸ਼ਿਕਾਇਤਕਰਤਾ ਨੂੰ ਚੌਥੀ ਸਟੇਜ ਦਾ ਫੇਫੜਿਆਂ ਦਾ ਕੈਂਸਰ ਹੈ। ਇਸਤੋਂ ਬਾਅਦ ਕੀਮੋਥੈਰੇਪੀ ਕਰਵਾਉਣ ਦੀ ਸਲਾਹ ਦਿੱਤੀ। 2 ਜਨਵਰੀ, 31 ਜਨਵਰੀ ਅਤੇ 23 ਫਰਵਰੀ 2015 ਨੂੰ ਤਿੰਨ ਵਾਰ ਕੀਮੋਥੈਰੇਪੀ ਵੀ ਕਰਵਾਈ ਗਈ ਪਰ ਸ਼ਿਕਾਇਤਕਤਰਤਾ ਨੂੰ ਕੋਈ ਰਾਹਤ ਨਹੀਂ ਮਿਲੀ। ਇਸਤੋਂ ਬਾਅਦ ਉਹ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਗਏ। ਉੱਥੇ ਕਈ ਤਰ੍ਹਾਂ ਦੇ ਟੈਸਟ ਲਏ ਗਏ ਪਰ ਮਰੀਜ਼ 'ਚ ਚੌਥੀ ਸਟੇਜ ਦਾ ਫੇਫੜੇ ਦਾ ਕੈਂਸਰ ਨਹੀਂ ਮਿਲਿਆ। ਇਸਤੋਂ ਬਾਅਦ ਸ਼ਿਕਾਇਤਕਰਤਾ ਦਾ ਬਾਇਓਪਸੀ ਟੈਸਟ ਕੀਤਾ ਗਿਆ ਅਤੇ ਰਿਪੋਰਟ ਤੋਂ ਬਾਅਦ ਇਹ ਟਿਊਬਰ ਕਲਾਸਿਸ ਬੀਮਾਰੀ ਦਾ ਮਾਮਲਾ ਪਾਇਆ ਗਿਆ। 9 ਮਹੀਨਿਆਂ ਤੱਕ ਦਵਾਈਆਂ ਚੱਲੀਆਂ ਅਤੇ ਉਸਤੋਂ ਬਾਅਦ ਉਹ ਬਿਲਕੁਲ ਠੀਕ ਹੋ ਗਏ।
ਮਰੀਜ਼ ਦੇ ਮਨ 'ਚ ਮੌਤ ਦਾ ਡਰ ਪੈਦਾ ਕਰ ਦਿੱਤਾ : ਫੋਰਮ
ਉਪਭੋਗਤਾ ਫੋਰਮ ਨੇ ਆਪਣੇ ਆਦੇਸ਼ਾਂ 'ਚ ਕਿਹਾ ਕਿ ਹੈਲਥ ਸੈਂਟਰ ਨੇ ਮਰੀਜ਼ ਨੂੰ ਅਜਿਹਾ ਅਹਿਸਾਸ ਕਰਵਾਇਆ ਕਿ ਹੁਣ ਉਸਦਾ ਦੁਨੀਆ ਨੂੰ ਅਲਵਿਦਾ ਕਹਿ ਦੇਣ ਦਾ ਸਮਾਂ ਆ ਗਿਆ ਹੈ। ਉਸ ਦੇ ਮਨ ਅੰਦਰ ਮੌਤ ਦਾ ਡਰ ਪੈਦਾ ਕਰ ਦਿੱਤਾ। ਸਪਾਇਰਲ ਸੀ. ਟੀ. ਐੱਮ. ਆਰ. ਆਈ. ਸੈਂਟਰ ਨੇ ਆਪਣੇ ਜਵਾਬ 'ਚ ਕਿਹਾ ਕਿ ਉਨ੍ਹਾਂ ਨੇ ਸੇਵਾ 'ਚ ਕੋਈ ਕੁਤਾਹੀ ਨਹੀਂ ਵਰਤੀ ਹੈ। ਹਾਲਾਂਕਿ ਫੋਰਮ ਨੇ ਇਸ ਦਲੀਲ ਨੂੰ ਨਹੀਂ ਮੰਨਿਆ ਅਤੇ ਦੋਸ਼ੀ ਕਰਾਰ ਦਿੱਤਾ। ਉਥੇ ਹੀ ਫੋਰਮ ਨੇ ਪਾਇਆ ਕਿ ਜੀ.ਐੱਮ.ਸੀ.ਐੱਚ.-32 ਵੱਲੋਂ ਕੋਈ ਲਾਪਰਵਾਹੀ ਨਹੀਂ ਵਰਤੀ ਗਈ, ਇਸ ਲਈ ਉਨ੍ਹਾਂ ਖਿਲਾਫ ਦਰਜ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ।

Babita

This news is Content Editor Babita