ਵਿਦਿਆਰਥਣ ਨਾਲ ਹੈੱਡ ਟੀਚਰ ਨੇ ਕੀਤੀ ਅਸ਼ਲੀਲ ਹਰਕਤ, ਮੁਅੱਤਲ

09/24/2019 10:06:39 AM

ਸਨੌਰ (ਜੋਸਨ)—ਸਰਕਾਰੀ ਐਲੀਮੈਂਟਰੀ ਸਕੂਲ ਸਨੌਰ ਦੇ ਹੈੱਡ ਟੀਚਰ ਵੱਲੋਂ ਪੰਜਵੀਂ ਜਮਾਤ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਅੱਜ ਮਾਪਿਆਂ ਦਾ ਗੁੱਸਾ ਭੜਕ ਪਿਆ। ਉਨ੍ਹਾਂ ਗੁੱਸੇ 'ਚ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਲਾ ਕੇ ਹੈੱਡ ਟੀਚਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਮਾਮਲਾ ਭੜਕਦਾ ਦੇਖ ਸਨੌਰ ਪੁਲਸ ਨੇ ਮੌਕਾ ਸੰਭਾਲ ਲਿਆ। ਸਿੱਖਿਆ ਵਿਭਾਗ ਦੀ ਡਿਪਟੀ ਡੀ. ਓ. ਮੈਡਮ ਮਨਿੰਦਰ ਕੌਰ ਵੱਲੋਂ ਦਿੱਤੀ ਰਿਪੋਰਟ ਤੋਂ ਬਾਅਦ ਜ਼ਿਲਾ ਸਿੱਖਿਆ ਅਫਸਰ ਇੰਜੀਨੀਅਰ ਅਮਰਜੀਤ ਸਿੰਘ ਨੇ ਹੈੱਡ ਟੀਚਰ ਨੂੰ ਸਸਪੈਂਡ ਕਰ ਦਿੱਤਾ ਹੈ।

ਇਸ ਮੌਕੇ ਵਿਦਿਆਰਥਣ ਦੀ ਮਾਤਾ ਨੇ ਸਕੂਲ ਦੇ ਹੈੱਡ ਟੀਚਰ ਉੱਪਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਮੇਰੀ ਲੜਕੀ ਨਾਲ ਗਲਤ ਹਰਕਤਾਂ ਕਰਦਾ ਹੈ। ਸਕੂਲ 'ਚ ਪਹੁੰਚੀ ਡਿਪਟੀ ਡੀ. ਓ. ਮੈਡਮ ਮਨਿੰਦਰ ਕੌਰ ਨੇ ਪਹੁੰਚ ਕੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਕੇ ਲਿਖਤੀ ਰੂਪ 'ਚ ਲਿਆ। ਸਕੂਲ ਦੇ ਅਧਿਆਪਕ ਬੁਲਾ ਕੇ ਉਨ੍ਹਾਂ ਦੇ ਹੈੱਡ ਟੀਚਰ ਦੀ ਸ਼ਿਕਾਇਤ ਸਬੰਧੀ ਵਿਚਾਰ ਲਿਖਤੀ ਰੂਪ 'ਚ ਲੈਂਦਿਆਂ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਨੂੰ ਇਨਸਾਫ ਦਿੱਤਾ ਜਾਵੇਗਾ। ਦੇਰ ਸ਼ਾਮ ਹੈੱਡ ਟੀਚਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਬੱਚਿਆਂ ਅਤੇ ਅਧਿਆਪਕਾਂ ਨਾਲ ਵੀ ਹੈ ਮਾੜਾ ਰਵੱਈਆ : ਚੇਅਰਮੈਨ
ਇਸ ਮੌਕੇ ਚੇਅਰਮੈਨ ਸਕੂਲ ਕਮੇਟੀ ਮੁਖਤਿਆਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਦੇ ਹੈੱਡ ਟੀਚਰ ਗੁਹਾਰ ਮੁਹੰਮਦ ਵੱਲੋਂ ਬੱਚਿਆਂ ਦੀ ਸਕੂਲ 'ਚ ਕੁੱਟ-ਮਾਰ ਕੀਤੀ ਜਾਂਦੀ ਹੈ। ਉਨ੍ਹਾਂ ਨਾਲ ਗਲਤ ਸ਼ਬਦਾਬਲੀ ਦੀ ਵਰਤੋਂ ਕਰਦਾ ਹੈ। ਇਸ ਦਾ ਵਿਹਾਰ ਸਕੂਲ ਅਧਿਆਪਕਾਂ ਨਾਲ ਵੀ ਬਹੁਤ ਮਾੜਾ ਹੈ। ਉਨ੍ਹਾਂ ਨੂੰ ਵੀ ਗਲਤ ਬੋਲਦਾ ਹੈ। ਬੱਚਿਆਂ ਨੂੰ ਪੜ੍ਹਾਉਣ 'ਚ ਇਸ ਦਾ ਕੋਈ ਧਿਆਨ ਨਹੀਂ ਹੈ। ਪਿਛਲੇ ਕਈ ਮਹੀਨਿਆਂ ਤੋਂ ਸਕੂਲ ਦਾ ਮਾਹੌਲ ਬਹੁਤ ਹੀ ਖਰਾਬ ਹੈ।

ਮਿੱਡ-ਡੇਅ ਮੀਲ ਦਾ ਖਾਣਾ 2 ਦਿਨਾਂ ਬਾਅਦ ਦਿੱਤਾ ਜਾਂਦੈ : ਵਿਦਿਆਰਥੀ
ਲੋਕਾਂ ਨੇ ਦੱਸਿਆ ਕਿ ਸਕੂਲ ਵਿਚ ਬੱਚਿਆਂ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਆਂਢ-ਗੁਆਂਢ ਦੇ ਲੋਕਾਂ ਦੇ ਘਰਾਂ 'ਚੋਂ ਪਾਣੀ ਲੈ ਕੇ ਬੱਚਿਆਂ ਨੂੰ ਪਿਆਇਆ ਜਾਂਦਾ ਹੈ। ਸਕੂਲ ਵਿਚ ਬੱਚਿਆਂ ਲਈ ਮਿੱਡ-ਡੇਅ-ਮੀਲ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਸਕੂਲ ਹੈੱਡ ਟੀਚਰ ਵੱਲੋਂ ਅਧਿਆਪਕਾਂ ਅਤੇ ਬੱਚਿਆਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਮਿੱਡ-ਡੇਅ-ਮੀਲ ਦਾ ਖਾਣਾ 2 ਦਿਨਾਂ ਬਾਅਦ ਬੱਚਿਆਂ ਨੂੰ ਦਿੱਤਾ ਜਾਂਦਾ ਹੈ।

ਮਾਪਿਆਂ ਨੇ ਲਾਏ ਹੋਰ ਦੋਸ਼
ਜਦੋਂ ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਸੋਹਣ ਸਿੰਘ ਨੇ ਕਿਹਾ ਕਿ ਮੇਰਾ ਲੜਕਾ ਚੌਥੀ ਜਮਾਤ ਵਿਚ ਹੋਣਾ ਸੀ। ਹੈੱਡ ਟੀਚਰ ਨੇ ਇਸ ਨੂੰ ਧੱਕੇ ਨਾਲ ਦੂਸਰੀ ਜਮਾਤ ਵਿਚ ਕਰ ਦਿੱਤਾ। ਮੇਰਾ ਇਕ ਹੀ ਬੇਟਾ ਹੈ। ਅਸੀਂ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰਖਦੇ ਹਾਂ। ਪਹਿਲਾਂ ਮੇਰਾ ਮੁੰਡਾ ਸਕੂਲ ਵਿਚ ਆਉਂਦਾ ਸੀ। ਜਦੋਂ ਦਾ ਇਹ ਹੈੱਡ ਟੀਚਰ ਸਕੂਲ ਵਿਚ ਆਇਆ ਹੈ, ਸਾਰੇ ਬੱਚਿਆਂ ਨਾਲ ਮਾਰ-ਕੁਟਾਈ ਕਰਦਾ ਹੈ। ਮੇਰਾ ਮੁੰਡਾ ਹਰ ਸਮੇਂ ਸਕੂਲ ਦੇ ਨਾਂ ਤੋਂ ਡਰਦਾ ਹੈ। ਇਸ ਨੇ ਮੇਰੇ ਮੁੰਡੇ ਦੇ ਵੀ ਕੰਨ 'ਤੇ ਥੱਪੜ ਮਾਰਿਆ ਸੀ। ਉਸ ਦਾ ਕੰਨ ਹੁਣ ਵੀ ਦਰਦ ਕਰਦਾ ਰਹਿੰਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਸਕੂਲ ਵਿਚ ਪੜ੍ਹਾਈ ਕਰਵਾਉਣ ਲਈ ਭੇਜਦੇ ਹਾਂ, ਨਾ ਕਿ ਟੀਚਰਾਂ ਤੋਂ ਕੁੱਟ-ਮਾਰ ਕਰਵਾਉਣ ਲਈ। ਅਸੀਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਇਸ ਹੈੱਡ ਟੀਚਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਮੇਰੇ 'ਤੇ ਲਾਏ ਦੋਸ਼ ਝੂਠੇ : ਗੁਫ਼ਾਰ ਮੁਹੰਮਦ
ਇਸ ਸਬੰਧੀ ਜਦੋਂ ਸਕੂਲ ਦੇ ਹੈੱਡ ਟੀਚਰ ਗੁਫਾਰ ਮੁਹੰਮਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਬੱਚੇ ਨਾਲ ਕੋਈ ਗਲਤ ਹਰਕਤ ਨਹੀਂ ਕੀਤੀ। ਬੱਚਿਆਂ ਦੇ ਮਾਪਿਆਂ ਵੱਲੋਂ ਅਤੇ ਸਕੂਲ ਦੇ ਟੀਚਰਾਂ ਵੱਲੋਂ ਮੇਰੇ 'ਤੇ ਗਲਤ ਇਲਜ਼ਾਮ ਲਾਏ ਜਾ ਰਹੇ ਹਨ। ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੇਰੇ ਵੱਲੋਂ ਸਕੂਲ ਦੇ ਟੀਚਰਾਂ ਨੂੰ ਜੋ ਕੰਮ ਦਿੱਤਾ ਜਾਂਦਾ ਹੈ, ਉਹ ਸਮੇਂ 'ਤੇ ਪੂਰਾ ਨਹੀਂ ਕਰਦੇ। ਇਸ ਕਰ ਕੇ ਮੇਰੇ ਨਾਲ ਰੰਜਿਸ਼ ਕੀਤੀ ਜਾ ਰਹੀ ਹੈ। ਬੱਚਿਆਂ ਲਈ ਜਿਹੜਾ ਮਿੱਡ-ਡੇਅ-ਮੀਲ ਦਾ ਖਾਣਾ ਤਿਆਰ ਕੀਤਾ ਜਾ ਰਿਹਾ ਹੈ, ਉਸ ਦਾ ਚਾਰਜ ਪਹਿਲਾਂ ਕਿਸੇ ਹੋਰ ਕੋਲ ਸੀ। ਹੁਣ ਸੀਨੀਅਰ ਮੈਂਬਰਾਂ ਨੇ ਮੈਨੂੰ ਦੇ ਦਿੱਤਾ ਹੈ। ਇਸ ਕਰ ਕੇ ਪੁਰਾਣਾ ਅਧਿਆਪਕ ਜਿਹੜਾ ਇੰਚਾਰਜ ਸੀ, ਉਹ ਵੀ ਮੇਰੇ ਨਾਲ ਰੰਜਸ਼ ਕਰ ਰਿਹਾ ਹੈ। ਸਾਰੇ ਬੱਚਿਆਂ ਨੂੰ ਪੂਰਾ ਖਾਣਾ ਖਾਣ ਲਈ ਦਿੱਤਾ ਜਾਂਦਾ ਹੈ।

Shyna

This news is Content Editor Shyna