ਚੰਡੀਗੜ੍ਹ ਦਵਾਈ ਲੈਣ ਗਿਆ ਥਾਣਾ ਜਮਾਲਪੁਰ ਦਾ ਹੈੱਡ ਕਾਂਸਟੇਬਲ ਲਾਪਤਾ

02/17/2018 5:23:46 AM

ਲੁਧਿਆਣਾ(ਰਿਸ਼ੀ)-ਥਾਣਾ ਜਮਾਲਪੁਰ 'ਚ ਤਾਇਨਾਤ ਹੈੱਡ ਕਾਂਸਟੇਬਲ ਰਜਿੰਦਰਪਾਲ ਸਿੰਘ (44) ਨਿਵਾਸੀ ਗੁਰੂ ਅਰਜਨ ਦੇਵ ਨਗਰ 12 ਜਨਵਰੀ 2018 ਨੂੰ ਘਰੋਂ ਚੰਡੀਗੜ੍ਹ ਦਵਾਈ ਲੈਣ ਜਾਣ ਦਾ ਕਹਿ ਕੇ ਗਿਆ ਪਰ ਵਾਪਸ ਨਹੀਂ ਆਇਆ। ਇਸ ਮਾਮਲੇ ਨੇ ਲਗਭਗ 1 ਮਹੀਨੇ ਬਾਅਦ ਧਾਰਾ 346 ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਐੱਸ. ਆਈ. ਪ੍ਰਵੀਨ ਰਣਦੇਵ ਦੇ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ਵਿਚ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 17 ਨਵੰਬਰ 1993 ਨੂੰ ਪੰਜਾਬ ਪੁਲਸ 'ਚ ਕਾਂਸਟੇਬਲ ਭਰਤੀ ਹੋਇਆ ਸੀ ਅਤੇ ਇਸ ਸਮੇਂ ਥਾਣਾ ਜਮਾਲਪੁਰ 'ਚ ਤਾਇਨਾਤ ਸੀ। 9.30 ਵਜੇ ਘਰ ਤੋਂ ਚੰਡੀਗੜ੍ਹ ਦਵਾਈ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ। ਪਤਨੀ ਚਰਨਜੀਤ ਕੌਰ ਅਨੁਸਾਰ ਹਰ ਵਾਰ ਉਹ ਦੁਪਹਿਰ 2 ਤੋਂ 3 ਵਜੇ ਦੇ ਵਿਚਕਾਰ ਵਾਪਸ ਆ ਜਾਂਦੇ ਸਨ ਪਰ ਉਸ ਦਿਨ ਸ਼ਾਮ 5 ਵਜੇ ਤੱਕ ਵਾਪਸ ਨਾ ਆਉਣ 'ਤੇ ਫੋਨ ਕੀਤਾ ਪਰ ਮੋਬਾਇਲ ਬੰਦ ਆ ਰਿਹਾ ਸੀ, ਜਿਸ ਦੇ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਅਤੇ ਟੀਮਾਂ ਜਾਂਚ 'ਚ ਜੁਟ ਗਈਆਂ। 
ਪੈਸੇ ਖਤਮ ਹੋਣ 'ਤੇ ਕੁੱਝ ਪੈਸਿਆਂ 'ਚ ਵੇਚਿਆ ਮੋਬਾਇਲ
ਕੁੱਝ ਦਿਨਾਂ ਬਾਅਦ ਹੈੱਡ ਕਾਂਸਟੇਬਲ ਦਾ ਮੋਬਾਇਲ ਫੋਨ ਚੱਲ ਪਿਆ ਪਰ ਉਸ 'ਚ ਹੋਰ ਮੋਬਾਇਲ ਨੰਬਰ ਸੀ, ਜਾਂਚ ਕਰ ਰਹੀ ਪੁਲਸ ਨੂੰ ਪਤਾ ਲੱਗਿਆ ਹੈੱਡ ਕਾਂਸਟੇਬਲ ਨੇ 15 ਜਨਵਰੀ ਦੀ ਰਾਤ ਨੂੰ ਬੱਸ ਸਟੈਂਡ ਕੋਲ ਇਕ ਮੋਬਾਇਲ ਸ਼ਾਪ 'ਤੇ ਆਪਣਾ ਮੋਬਾਇਲ ਪੈਸੇ ਖਤਮ ਹੋਣ ਕਾਰਨ ਕੁੱਝ ਪੈਸਿਆਂ 'ਚ ਵੇਚ ਦਿੱਤਾ ਸੀ। ਮੋਬਾਇਲ ਵੇਚਦੇ ਸਮੇਂ ਪੈਸੇ ਨਾ ਹੋਣ ਦੀ ਗੱਲ ਕਹੀ। ਪੁਲਸ ਦੇ ਅਨੁਸਾਰ ਹੈੱਡ ਕਾਂਸਟੇਬਲ ਦੀ ਤਲਾਸ਼ ਕੀਤੀ ਜਾ ਰਹੀ ਹੈ।