ਸੇਵਾ ਕੇਂਦਰ ''ਚ ਸਿਰਫ 3 ਕਾਊਂਟਰਾਂ ''ਤੇ ਚੱਲਦੈ ਕੰਮ; 5 ਰਹਿੰਦੇ ਨੇ ਬੰਦ

07/21/2017 1:27:00 AM

ਬਲਾਚੌਰ, (ਬ੍ਰਹਮਪੁਰੀ)- ਕਾਂਗਰਸ ਪਾਰਟੀ ਨੇ ਲੋਕਾਂ ਨਾਲ ਬਹੁਤ ਲੁਭਾਉਣੇ ਵਾਅਦੇ ਕਰ ਕੇ ਰਾਜ ਭਾਗ ਤਾਂ ਪ੍ਰਾਪਤ ਕਰ ਲਿਆ ਪਰ 5 ਮਹੀਨੇ ਬੀਤਣ ਦੇ ਬਾਵਜੂਦ ਪ੍ਰਬੰਧਕੀ ਢਾਂਚਾ ਲੋਕ ਵਿਰੋਧੀ ਬਣ ਚੁੱਕਾ ਹੈ, ਜਿਸ ਵਿਚ ਸੁਧਾਰ ਸਰਕਾਰ ਦੇ ਵੱਸ ਤੋਂ ਬਾਹਰ ਲੱਗਦਾ ਹੈ, ਜਿਸ ਦੀ ਉਦਾਹਰਣ ਬਲਾਚੌਰ ਤਹਿਸੀਲ ਕੰਪਲੈਕਸ ਤੋਂ ਮਿਲਦੀ ਹੈ। ਜਾਣਕਾਰੀ ਅਨੁਸਾਰ ਪਿਛਲੀ ਅਕਾਲੀ ਸਰਕਾਰ ਨੇ ਨਵੰਬਰ-ਦਸੰਬਰ 2016 'ਚ ਪੰਜਾਬ 'ਚ 2143 ਸੇਵਾ ਕੇਂਦਰ ਬੀ.ਐੱਲ.ਐੱਸ. ਏਜੰਸੀ ਰਾਹੀਂ ਖੋਲ੍ਹੇ ਸਨ ਪਰ ਬਲਾਚੌਰ ਵਿਖੇ ਖੋਲ੍ਹਿਆ ਸੇਵਾ ਕੇਂਦਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਕਾਰਨ ਲੋਕਾਂ ਨੂੰ ਸੁਵਿਧਾ ਦੀ ਜਗ੍ਹਾ ਦੁਬਿਧਾ 'ਚ ਪਾ ਰਿਹਾ ਹੈ। ਇਸ ਸੇਵਾ ਕੇਂਦਰ ਵਿਚ 3 ਕਾਊਂਟਰਾਂ 'ਤੇ ਕੰਮ ਹੋ ਰਿਹਾ ਹੈ, ਜਦੋਂਕਿ 5 ਕਾਊਂਟਰ ਬੰਦ ਪਏ ਹਨ, ਜਿਸ ਕਾਰਨ ਜਨਤਾ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਸੇਵਾ ਕੇਂਦਰ ਵਿਚ ਸੇਵਾ ਨਿਭਾਅ ਰਹੇ ਕਰਮਚਾਰੀਆਂ ਵੱਲੋਂ ਰੋਜ਼ਾਨਾ ਇੰਨੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾ ਪਾਉਣਾ ਮੁਸ਼ਕਿਲ ਹੋ ਗਿਆ ਹੈ।
ਬਿਜਲੀ-ਪਾਣੀ ਦਾ ਕੋਈ ਪ੍ਰਬੰਧ ਨਹੀਂ-ਸੁਵਿਧਾ ਕੇਂਦਰਾਂ ਨੂੰ ਸੇਵਾ ਕੇਂਦਰਾਂ 'ਚ ਬਦਲਣ ਸਮੇਂ ਬਿਜਲੀ ਦੇ ਕੁਨੈਕਸ਼ਨ ਦਾ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਤੇ ਲੋਕ 8 ਮਹੀਨਿਆਂ ਤੋਂ ਪੂਰਾ ਦਿਨ ਬਿਨਾਂ ਪੱਖਿਆਂ ਦੇ ਹੁੰਮਸ ਭਰੀ ਗਰਮੀ 'ਚ ਤਹਿਸੀਲ ਕੰਪਲੈਕਸ 'ਚ ਬੈਠਣ ਨੂੰ ਮਜਬੂਰ ਹੁੰਦੇ ਹਨ, ਜਦੋਂਕਿ ਤਹਿਸੀਲ 'ਚ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਐੱਸ. ਡੀ. ਐੱਮ., ਡੀ. ਐੱਸ. ਪੀ. ਦੇ ਦਫਤਰਾਂ 'ਚ ਏ. ਸੀ. ਤੇ ਜਨਰੇਟਰ ਦਾ ਪ੍ਰਬੰਧ ਹੈ ਪਰ ਲੋਕਾਂ ਨੂੰ ਪੱਖੇ ਦੀ ਹਵਾ ਵੀ ਨਸੀਬ ਨਹੀਂ ਹੋ ਰਹੀ। ਇੰਨਾ ਹੀ ਨਹੀਂ, ਇਕ ਜਨਰੇਟਰ ਤਹਿਸੀਲ ਕੰਪਲੈਕਸ 'ਚ ਲੋਕ ਹਿੱਤ ਲਈ ਵੀ ਮੌਜੂਦ ਹੈ ਪਰ ਉਹ ਵਰਤਿਆ ਹੀ ਨਹੀਂ ਜਾ ਰਿਹਾ। ਇਥੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਵੀ ਯੋਗ ਪ੍ਰਬੰਧ ਨਹੀਂ ਹੈ।
ਕੰਪਲੈਕਸ 'ਚ ਗੰਦੇ ਪਾਣੀ ਦੇ ਛੱਪੜ- ਤਹਿਸੀਲ ਕੰਪਲੈਕਸ 'ਚ ਪ੍ਰਸ਼ਾਸਨਿਕ ਆਲ੍ਹਾ ਅਧਿਕਾਰੀ ਡੀ. ਐੱਸ. ਪੀ. ਪੰਜਾਬ ਪੁਲਸ, ਤਹਿਸੀਲਦਾਰ, ਐੱਸ. ਡੀ. ਐੱਮ., ਨਾਇਬ ਤਹਿਸੀਲਦਾਰ, ਪਟਵਾਰੀ, ਕਾਨੂੰਨਗੋ ਆਦਿ ਰੋਜ਼ਾਨਾ ਆਪਣੇ ਦਫਤਰਾਂ 'ਚ ਆਉਂਦੇ-ਜਾਂਦੇ ਹਨ ਪਰ ਉਨ੍ਹਾਂ ਨੂੰ ਤਹਿਸੀਲ ਵਿਚ ਗੰਦੇ ਪਾਣੀ ਦਾ ਛੱਪੜ ਪਤਾ ਨਹੀਂ ਕਿਉਂ ਦਿਖਾਈ ਨਹੀਂ ਦੇ ਰਿਹਾ, ਜਦੋਂਕਿ ਇਥੇ ਪੈਦਾ ਹੋ ਰਹੇ ਮੱਛਰ ਬੀਮਾਰੀਆਂ ਵੀ ਫੈਲਾ ਸਕਦੇ ਹਨ।
ਡੀ. ਐੱਸ. ਪੀ. ਦਫਤਰ ਤੋਂ ਦੂਰ ਖੜ੍ਹੇ ਵਾਹਨਾਂ ਦੀ ਕੱਢ ਦਿੱਤੀ ਜਾਂਦੇ ਏ ਹਵਾ
ਤਹਿਸੀਲ ਕੰਪਲੈਕਸ 'ਚ ਜੇਕਰ ਕੋਈ ਵਿਅਕਤੀ ਡੀ. ਐੱਸ. ਪੀ. ਦਫਤਰ ਤੋਂ 50 ਫੁੱਟ ਜਾਂ ਕੁਝ ਦੂਰ ਕਾਰ ਖੜ੍ਹੀ ਕਰੇ ਤਾਂ ਉਸ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਜਾਂਦੀ ਹੈ ਜਾਂ ਫਿਰ ਉਸ ਵਿਅਕਤੀ ਨਾਲ ਡਿਪਟੀ ਸਾਹਿਬ ਤੇ ਪੁਲਸ ਮੁਲਾਜ਼ਮ ਮਾੜਾ ਸਲੂਕ ਕਰਦੇ ਹਨ, ਜਦੋਂਕਿ ਪੁਲਸ ਵੱਲੋਂ ਕਚਹਿਰੀ ਕੰਪਲੈਕਸ 'ਚ ਟ੍ਰੈਫਿਕ ਵਿਵਸਥਾ ਸੁਖਾਵੀਂ ਬਣਾਉਣੀ ਹੁੰਦੀ ਹੈ ਪਰ ਬਲਾਚੌਰ ਦੀ ਪੁਲਸ ਲੋਕਾਂ ਲਈ ਨਹੀਂ, ਸਗੋਂ ਡੀ. ਐੱਸ. ਪੀ. ਦੀ ਸੇਵਾ 'ਚ ਜ਼ਿਆਦਾ ਹਾਜ਼ਰ ਰਹਿੰਦੀ ਹੈ। ਕਚਹਿਰੀ ਕੰਪਲੈਕਸ ਦੇ ਮਾੜੇ ਢਾਂਚੇ ਬਾਰੇ ਜਦੋਂ ਨਾਇਬ ਤਹਿਸੀਲਦਾਰ ਧਰਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਭ ਠੀਕ ਕਰ ਰਹੇ ਹਾਂ।
ਕੀ ਕਹਿੰਦੇ ਹਨ ਹਲਕਾ ਵਿਧਾਇਕ- ਇਸ ਬਾਰੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਅੱਜ ਆਇਆ ਹੈ, ਉਹ ਜਲਦੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ।
ਕੀ ਕਹਿੰਦੇ ਹਨ ਸਮਾਜਸੇਵੀ- ਇਸ ਸਬੰਧੀ ਸੱਜਣ ਕੁਮਾਰ ਸਮਾਜਸੇਵੀ, ਕਾਮਰੇਡ ਪਰਮਿੰਦਰ ਮੇਨਕਾ, ਐਡਵੋਕੇਟ ਰਾਜਪਾਲ ਚੌਹਾਨ ਅਕਾਲੀ ਆਗੂ, ਸਮਾਜਸੇਵੀ ਐਡਵੋਕੇਟ ਰਾਜਵਿੰਦਰ ਲੱਕੀ ਨੇ ਕਿਹਾ ਕਿ ਝੂਠੇ ਲਾਰੇ ਲਾ ਕੇ ਸਰਕਾਰ ਬਣਾਉਣ ਵਾਲੀ ਕਾਂਗਰਸ ਪਾਰਟੀ ਲੋਕਾਂ ਦੀ ਸੇਵਾ ਲਈ ਨਹੀਂ, ਸਮੱਸਿਆਵਾਂ ਲਈ ਬਣੀ ਹੈ। ਲੋਕ ਮਸਲੇ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਚਾਹੀਦੇ ਹਨ।