ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲ ਚਾਲਕਾਂ ਦੀ ਨਹੀਂ ਖੈਰ

12/07/2017 6:55:50 AM

ਫਗਵਾੜਾ, (ਜਲੋਟਾ, ਮੁਕੇਸ਼)- ਫਗਵਾੜਾ ਵਿਚ ਬੁੱਧਵਾਰ ਦੇਰ ਰਾਤ ਪੁਲਸ ਥਾਣਾ ਸਿਟੀ ਦੀ ਟੀਮ ਨੇ ਐੱਸ. ਐੱਚ. ਓ. ਭਾਰਤ ਮਸੀਹ ਲੱਧੜ ਦੀ ਅਗਵਾਈ 'ਚ ਸ਼ਹਿਰੀ ਇਲਾਕਿਆਂ ਵਿਚ ਪੁਲਸ ਬੰਦੋਬਸਤ ਨੂੰ ਤੇਜ਼ ਕਰਦੇ ਹੋਏ ਕਈ ਜਗ੍ਹਾ 'ਤੇ ਚੈਕਿੰਗ ਮੁਹਿੰਮ ਚਲਾਈ। ਇਸ ਦੇ ਤਹਿਤ ਪੁਲਸ ਥਾਣਾ ਸਿਟੀ ਦੇ ਇਲਾਕੇ ਵਿਚ ਆਉਂਦੇ ਸਾਰੇ ਪ੍ਰਮੁੱਖ ਰਸਤਿਆਂ 'ਤੇ ਨਾਕਾਬੰਦੀ ਕੀਤੀ ਗਈ ਤੇ ਇਲਾਕੇ ਵਿਚੋਂ ਲੰਘਣ ਵਾਲੇ ਨੌਜਵਾਨਾਂ, ਜੋ ਇਲਾਕੇ ਵਿਚ ਦਹਿਸ਼ਤ ਫੈਲਾ ਰਹੇ ਸਨ, ਨੂੰ ਕਾਬੂ ਕੀਤਾ। ਇਸ ਦੌਰਾਨ ਪੁਲਸ ਨੇ ਆਮ ਲੋਕਾਂ ਨੂੰ ਖੌਫਜ਼ਦਾ ਕਰਨ ਦੇ ਮਨੋਰਥ ਨਾਲ ਬਾਈਕ ਦੇ ਸਲੰਸਰ ਤੋਂ ਵਜਾਏ ਜਾਂਦੇ ਪਟਾਕਿਆਂ 'ਤੇ ਸਖ਼ਤ ਕਾਰਵਾਈ ਕਰਦਿਆਂ ਅਜਿਹੇ ਅੱਧਾ ਦਰਜਨ ਮੋਟਰਸਾਈਕਲਾਂ ਨੂੰ ਜ਼ਬਤ ਕਰ ਲਿਆ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਐੱਸ. ਐੱਚ. ਓ. ਸਿਟੀ ਭਾਰਤ ਮਸੀਹ ਲੱਧੜ ਨੇ ਕਿਹਾ ਕਿ ਕੁਲ 7 ਮੋਟਰਸਾਈਕਲਾਂ ਨੂੰ ਜ਼ਬਤ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 5 ਬੁਲੇਟ ਮੋਟਰਸਾਈਕਲ ਹਨ, ਜਿਨ੍ਹਾਂ ਦੇ ਸਲੰਸਰਾਂ 'ਤੇ ਪਟਾਕੇ ਚਲਾਉਣ ਦਾ ਵਿਸ਼ੇਸ਼ ਬੰਦੋਬਸਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੁਝ ਨੌਜਵਾਨਾਂ ਨੂੰ ਵੀ ਰਾਊਂਡਅਪ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ। ਪੁਲਸ ਥਾਣਾ ਸਿਟੀ ਦੇ ਇਲਾਕੇ ਵਿਚ ਕਿਸੇ ਵੀ ਢਾਬਾ ਮਾਲਕ ਤੇ ਖਾਦ ਪਦਾਰਥ ਵਿਕਰੀ ਕਰਨ ਵਾਲੇ ਦੁਕਾਨਦਾਰ ਨੂੰ ਨਾਜਾਇਜ਼ ਰੂਪ ਨਾਲ ਸ਼ਰਾਬ ਪਰੋਸਣ ਨਹੀਂ ਦਿੱਤੀ ਜਾਵੇਗੀ। ਐੱਸ. ਐੱਚ. ਓ. ਲੱਧੜ ਨੇ ਕਿਹਾ ਕਿ ਹਾਈਵੇ ਨੰਬਰ 1 'ਤੇ ਨਿੱਜੀ ਵਾਹਨ ਵਿਚ ਬੈਠ ਕੇ ਮੀਟ ਦੇ ਨਾਲ ਸ਼ਰਾਬ ਪੀਣ ਵਾਲਿਆਂ 'ਤੇ ਵੀ ਪੁਲਸ ਕਾਰਵਾਈ ਕਰੇਗੀ।