'ਤੁਹਾਡਾ ਪੁੱਤ ਅਗਵਾ ਕਰ ਲਿਆ ਹੈ', ਸੁਣਦਿਆਂ ਹੀ ਪਿਓ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਫਿਰ...

07/25/2023 5:06:40 PM

ਲੁਧਿਆਣਾ (ਰਾਜ) : ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਸਾਈਬਰ ਠੱਗ ਹਰ ਵਾਰ ਨਵੇਂ-ਨਵੇਂ ਪੈਂਤੜੇ ਅਜਮਾਉਂਦੇ ਰਹਿੰਦੇ ਹਨ। ਹੁਣ ਫਿਰ ਸਾਈਬਰ ਠੱਗਾਂ ਨੇ ਨਵਾਂ ਪੈਂਤੜਾ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਹੈ। ਕਦੇ ਪੁਲਸ ਵਾਲੇ ਬਣ ਕੇ ਤਾਂ ਕਦੇ ਅਪਰਾਧੀ ਬਣ ਕੇ। ਕਰੀਬ ਇਕ ਮਹੀਨਾ ਪਹਿਲਾਂ ਬਸਤੀ ਜੋਧੇਵਾਲ ਦੀ ਇਕ ਔਰਤ ਨੂੰ ਪੁਲਸ ਵਾਲਾ ਬਣ ਕੇ ਠੱਗਣ ਆਏ ਸਨ ਪਰ ਮਹਿਲਾ ਠੱਗੀ ਤੋਂ ਬਚ ਗਈ ਸੀ। ਇਸੇ ਤਰ੍ਹਾਂ ਹੁਣ ਸਾਈਬਰ ਠੱਗਾਂ ਨੇ ਹੈਬੋਵਾਲ ਦੇ ਇਕ ਵਿਅਕਤੀ ਨੂੰ ਠੱਗਣ ਦਾ ਯਤਨ ਕੀਤਾ। ਅਗਵਾਕਾਰ ਬਣ ਕੇ ਵਿਅਕਤੀ ਨੂੰ ਵ੍ਹਟਸਐਪ ’ਤੇ ਕਾਲ ਕਰ ਕੇ ਕਿਹਾ ਕਿ ਉਸ ਦਾ ਬੇਟਾ ਅਸੀਂ ਕਿਡਨੈਪ ਕਰ ਲਿਆ ਹੈ, ਉਹ ਜਲਦ ਹੀ ਉਨ੍ਹਾਂ ਦੇ ਦੱਸੇ ਬੈਂਕ ਅਕਾਊਂਟ ’ਚ ਪੈਸੇ ਭੇਜ ਦੇਣ। ਇੱਥੋਂ ਤੱਕ ਕਿ ਮੁਲਜ਼ਮਾਂ ਨੇ ਜਿਸ ਵਿਅਕਤੀ ਨਾਲ ਗੱਲ ਕਰਵਾਈ, ਉਸ ਦੀ ਆਵਾਜ਼ ਉਸ ਦੇ ਬੇਟੇ ਵਰਗੀ ਹੀ ਸੀ। ਇਸ ’ਤੇ ਵਿਅਕਤੀ ਘਬਰਾ ਗਿਆ ਅਤੇ ਤੁਰੰਤ ਪੈਸੇ ਲੈ ਕੇ ਮੁਲਜ਼ਮਾਂ ਦੇ ਦੱਸੇ ਬੈਂਕ ਅਕਾਊਂਟ ’ਚ ਜਮ੍ਹਾ ਕਰਵਾਉਣ ਲਈ ਪੁੱਜ ਗਿਆ ਪਰ ਚੰਗੀ ਗੱਲ ਇਹ ਰਹੀ ਕਿ ਕਿਸੇ ਤਕਨੀਕੀ ਖਰਾਬੀ ਕਾਰਨ ਬੈਂਕ ’ਚ ਪੈਸੇ ਜਮ੍ਹਾਂ ਨਹੀਂ ਹੋ ਸਕੇ। ਇਸ ਤੋਂ ਬਾਅਦ ਉਹ ਵੈਸਟਰਨ ਯੂਨੀਅਨ ’ਤੇ ਟ੍ਰਾਂਸਫਰ ਕਰਵਾਉਣ ਲਈ ਪੁੱਜ ਗਿਆ। ਦੁਕਾਨਦਾਰ ਵਿਅਕਤੀ ਦਾ ਦੋਸਤ ਸੀ। ਉਸ ਨੇ ਕਾਰਨ ਪੁੱਛ ਕੇ ਸਮਝਦਾਰੀ ਦਿਖਾਉਂਦੇ ਹੋਏ ਤੁਰੰਤ ਵਿਅਕਤੀ ਦੇ ਬੇਟੇ ਨੂੰ ਕਾਲ ਕਰ ਲਈ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਬੇਟਾ ਤਾਂ ਦੁਕਾਨ ’ਤੇ ਸਹੀ-ਸਲਾਮਤ ਬੈਠਾ ਹੋਇਆ ਹੈ ਤਾਂ ਜਾ ਕੇ ਵਿਕਅਤੀ ਨੂੰ ਅਹਿਸਾਸ ਹੋਇਆ ਕਿ ਇਹ ਇਕ ਫਰਜ਼ੀ ਕਾਲ ਸੀ ਅਤੇ ਉਹ ਠੱਗੇ ਜਾਣ ਤੋਂ ਬਚ ਗਿਆ। ਜਾਣਕਾਰੀ ਦਿੰਦੇ ਹੋਏ ਹੈਬੋਵਾਲ ਦੇ ਸੰਤ ਵਿਹਾਰ ਨਗਰ ’ਚ ਰਹਿਣ ਵਾਲੇ ਕੁਲਜੀਤ ਸਿੰਘ ਬੰਟੀ ਨੇ ਦੱਸਿਆ ਕਿ ਜੱਸੀਆਂ ਰੋਡ ’ਤੇ ਉਸ ਦਾ ਲੱਕੜ, ਪੇਂਟ ਅਤੇ ਹਾਰਡਵੇਅਰ ਦਾ ਕੰਮ ਹੈ। ਸ਼ਨੀਵਾਰ ਦੀ ਸਵੇਰ ਉਸ ਦੇ ਪਿਤਾ ਕੁਲਦੀਪ ਸਿੰਘ ਘਰ ’ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਵ੍ਹਟਸਐਪ ’ਤੇ ਇੰਡੀਅਨ ਨੰਬਰ ਤੋਂ ਕਾਲ ਆਈ ਸੀ।

ਇਹ ਵੀ ਪੜ੍ਹੋ : ਸੁਖਬੀਰ’ ਤੋਂ ਖ਼ਫ਼ਾ ਅਕਾਲੀਆਂ ਦੀ ਹੁਣ ਢੀਂਡਸਾ ’ਤੇ ਟੇਕ?, ਦਿੱਲੀ ਤੋਂ ਤਾਰ ਖੜਕਣ ਦੇ ਚਰਚੇ

ਕਾਲ ਕਰਨ ਵਾਲੇ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਉਸ ਦੇ ਬੇਟੇ ਨੂੰ ਅਸੀਂ ਅਗਵਾ ਕਰ ਲਿਆ ਹੈ। ਜੇਕਰ ਉਹ ਉਸ ਨੂੰ ਛੁਡਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਦੱਸੇ ਬੈਂਕ ਅਕਾਊਂਟ ’ਚ 70 ਹਜ਼ਾਰ ਰੁਪਏ ਪਾ ਦੇਵੇ। ਉਸ ਦੇ ਪਿਤਾ ਨੂੰ ਪਹਿਲਾਂ ਯਕੀਨ ਨਹੀਂ ਹੋਇਆ ਤਾਂ ਉਸ ਨੇ ਕਿਹਾ ਕਿ ਜੇਕਰ ਉਸ ਦਾ ਬੇਟਾ ਉਨ੍ਹਾਂ ਦੇ ਕਬਜ਼ੇ ’ਚ ਹੈ ਤਾਂ ਉਸ ਨਾਲ ਗੱਲ ਕਰਵਾਉਣ। ਮੁਲਜ਼ਮਾਂ ਨੇ ਉਸ ਦੇ ਪਿਤਾ ਦੀ ਗੱਲ ਕਰਵਾਈ ਤਾਂ ਸਾਹਮਣਿਓਂ ਹੂ-ਬ-ਹੂ ਉਸ ਦੀ ਆਵਾਜ਼ ਆਈ ਕਿ ਡੈਡੀ ਮੈਨੂ ਬਚਾ ਲਓ, ਇਨ੍ਹਾਂ ਨੇ ਮੇਰਾ ਮੋਬਾਇਲ ਖੋਹ ਲਿਆ ਹੈ ਅਤੇ ਮੇਰੇ ਨਾਲ ਕੁੱਟ-ਮਾਰ ਕਰ ਰਹੇ ਹਨ। ਇਹ ਸੁਣ ਕੇ ਉਸ ਦੇ ਪਿਤਾ ਘਬਰਾ ਗਏ। ਮੁਲਜ਼ਮਾਂ ਨੇ ਉਸ ਦੇ ਪਿਤਾ ਨੂੰ ਧਮਕਾਇਆ ਕਿ ਉਹ ਕਾਲ ਡਿਸਕੁਨੈਕਟ ਨਾ ਕਰੇ। ਇਸੇ ਤਰ੍ਹਾਂ ਹੋਲਡ ਕਰ ਕੇ ਰੱਖੇ ਪੈਸੇ ਜਮ੍ਹਾ ਕਰਵਾਉਣ ਲਈ ਬੈਂਕ ’ਚ ਜਾਣ।

ਇਸ ਤੋਂ ਤੁਰੰਤ ਬਾਅਦ ਉਸ ਦੇ ਪਿਤਾ ਕੁਲਦੀਪ ਸਿੰਘ ਨੇ ਘਰੋਂ 1 ਲੱਖ ਰੁਪਏ ਕੈਸ਼ ਚੁੱਕਿਆ ਤਾਂ ਜਮ੍ਹਾ ਕਰਵਾਉਣ ਲਈ ਡੀ. ਐੱਮ. ਸੀ. ਹਸਪਤਾਲ ਕੋਲ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਅਕਾਊਂਟ ’ਚ ਜਮ੍ਹਾ ਕਰਵਾਉਣ ਲਈ ਚਲੇ ਗਏ ਪਰ ਪੈਸੇ ਜਮ੍ਹਾ ਨਾ ਹੋਏ ਤਾਂ ਉਸ ਦੇ ਪਿਤਾ ਨੇ ਮੁਲਜ਼ਮਾਂ ਨੂੰ ਕਿਹਾ ਕਿ ਪੈਸੇ ਜਮ੍ਹਾ ਨਹੀਂ ਹੋ ਰਹੇ। ਇਸ ’ਤੇ ਮੁਲਜ਼ਮਾਂ ਨੇ ਕਿਹਾ ਕਿ ਵੈਸਟਰਨ ਯੂਨੀਅਨ ’ਚ ਜਮ੍ਹਾ ਕਰਵਾ ਦਿਓ। ਉਹ ਤੁਰੰਤ ਹੈਬੋਵਾਲ ਸਥਿਤ ਆਪਣੇ ਜਾਣਕਾਰ ਵਿਅਕਤੀ ਕੋਲ ਪੈਸੇ ਟ੍ਰਾਂਸਫਰ ਕਰਨ ਲਈ ਪੁੱਜ ਗਿਆ। ਉਸ ਦੇ ਪਿਤਾ ਨੇ ਬੈਂਕ ਅਕਾਊਂਟ ਦੇ ਕੇ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਤਾਂ ਵਿਅਕਤੀ ਨੇ ਉਸ ਦੇ ਪਿਤਾ ਤੋਂ ਪੁੱਛਿਆ ਕਿ ਤੁਸੀਂ ਘਬਰਾਏ ਹੋਏ ਕਿਉਂ ਹੋ। ਆਖਰ ਕੀ ਹੋਇਆ। ਇਸ ’ਤੇ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਅਗਵਾ ਕੀਤਾ ਹੋਇਆ ਹੈ। ਅਗਵਾਕਰਤਾ 70 ਹਜ਼ਾਰ ਰੁਪਏ ਮੰਗ ਰਿਹਾ ਹੈ। ਇਸ ’ਤੇ ਦੁਕਾਨਦਾਰ ਨੇ ਕਿਹਾ ਕਿ ਉਹ ਅਗਵਾਕਰਤਾ ਨਾਲ ਗੱਲ ਕਰਵਾਏ। ਦੁਕਾਨਦਾਰ ਨੇ ਕਾਲ ਡਿਸਕੁਨੈਕਟ ਕਰ ਕੇ ਉਸ ਦੇ ਮੋਬਾਇਲ ’ਤੇ ਕਾਲ ਕਰ ਦਿੱਤੀ। ਬੰਟੀ ਨੇ ਦੱਸਿਆ ਕਿ ਜਦੋਂ ਉਸ ਨੂੰ ਦੁਕਾਨਦਾਰ ਦੀ ਕਾਲ ਆਈ ਤਾਂ ਉਸ ਨੇ ਕਿਹਾ ਕਿ ਉਹ ਦੁਕਾਨ ’ਤੇ ਬੈਠਾ ਹੋਇਆ ਸੀ। ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਤੁਰੰਤ ਆਪਣੇ ਪਿਤਾ ਕੋਲ ਪੁੱਜਾ। ਉਸ ਨੇ ਦੱਸਿਆ ਕਿ ਉਹ ਤਾਂ ਆਪਣੇ ਕੰਮ ’ਤੇ ਹੀ ਸੀ। ਉਸ ਨੂੰ ਕਿਸੇ ਨੇ ਨਹੀਂ ਫੜਿਆ।

ਇਹ ਵੀ ਪੜ੍ਹੋ : ਝਗੜ ਰਹੇ ਗੁਆਂਢੀਆਂ ਨੂੰ ਰੋਕਣ ਗਈ ਬਜ਼ੁਰਗ ਔਰਤ ਨਾਲ ਵਾਪਰੀ ਅਣਹੋਣੀ, ਹੋਈ ਮੌਤ     

ਥਾਣਾ ਪੁਲਸ ਬੋਲੀ : ਸ਼ਿਕਾਇਤ ਦੀ ਲੋੜ ਨਹੀਂ, ਇਸ ਤਰ੍ਹਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਹਨ
ਬੰਟੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਨਾਲ ਸੰਬਧਤ ਚੌਕੀ ’ਚ ਸ਼ਿਕਾਇਤ ਦੇਣ ਲਈ ਗਿਆ ਸੀ ਪਰ ਥਾਣੇ ’ਚ ਮੌਜੂਦ ਮੁਨਸ਼ੀ ਨੇ ਉਸ ਨੂੰ ਕਿਹਾ ਕਿ ਇਸ ਦੀ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ। ਅਜਿਹੀਆਂ ਕਾਲਾਂ ਆਉਂਦੀਆਂ ਹੀ ਰਹਿੰਦੀਆਂ ਹਨ। ਪੁਲਸ ਵਾਲਿਆਂ ਨੇ ਕਿਹਾ ਕਿ ਉਹ ਥਾਣੇ ਵਿਚ ਨਹੀਂ, ਅਜਿਹੀ ਸ਼ਿਕਾਇਤ ਸਾਈਬਰ ਸੈੱਲ ਵਿਚ ਜਾ ਕੇ ਕਰਨ।

ਹੂ-ਬ-ਹੂ ਆਵਾਜ਼ ਕਿਵੇਂ ਕੱਢੀ ਗਈ?
ਬੰਟੀ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਇਸ ਗੱਲ ਤੋਂ ਹੈਰਾਨ ਹਨ ਕਿ ਜਦੋਂ ਮੁਲਜ਼ਮਾਂ ਨੂੰ ਉਸ ਦੇ ਬੇਟੇ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਉਸ ਦਾ ਬੇਟਾ ਕਹਿ ਕੇ ਕਿਸੇ ਨਾਲ ਗੱਲ ਕਰਵਾਈ ਸੀ, ਜੋ ਗੱਲ ਕਰਨ ’ਤੇ ਉਸ ਨੂੰ ਇਹ ਨਹੀਂ ਲੱਗਾ ਕਿ ਉਸ ਦਾ ਬੇਟਾ ਨਹੀਂ ਹੈ। ਸਾਹਮਣਿਓਂ ਬੋਲਣ ਵਾਲੇ ਦੀ ਆਵਾਜ਼ ਬਿਲਕੁਲ ਉਸ ਦੇ ਬੇਟੇ ਦੀ ਆਵਾਜ਼ ਵਰਗੀ ਹੀ ਸੀ। ਇਸ ਲਈ ਉਹ ਮੁਲਜ਼ਮਾਂ ਦੀ ਗੱਲ ’ਤੇ ਜਲਦ ਯਕੀਨ ਕਰ ਗਿਆ ਅਤੇ ਡਰ ਗਿਆ।

ਕਈ ਵਾਰ ਅਜਿਹੀਆਂ ਕਾਲਾਂ ਵਰਚੁਅਲ ਨੰਬਰ ਜਾਂ ਵਿਦੇਸ਼ੀ ਨੰਬਰ ਤੋਂ ਆਉਂਦੀਆਂ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਜ਼ਿਆਦਾਤਰ ਅਜਿਹੀਆਂ ਕਾਲਾਂ ਇਗਨੌਰ ਕਰ ਦੇਣ। ਜੇਕਰ ਕੋਈ ਇੰਡੀਅਨ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਤੁਰੰਤ ਸਾਈਬਰ ਸੈੱਲ ਦੀ ਪੁਲਸ ਨੂੰ ਇਸ ਦੀ ਸ਼ਿਕਾਇਤ ਦੇਣੀ ਚਾਹੀਦੀ ਹੈ ਤਾਂ ਕਿ ਮੁਲਜ਼ਮ ਤੱਕ ਪੁੱਜਿਆ ਜਾ ਸਕੇ।
-ਇੰਸ. ਜਤਿੰਦਰ ਸਿੰਘ, ਇੰਚਾਰਜ ਸਾਈਬਰ ਸੈੱਲ, ਲੁਧਿਆਣਾ

ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਲਈ ਨਵਾਂ ਚੈਨਲ ਲਾਂਚ ਕਰਨ ਉਪਰੰਤ ਐਡਵੋਕੇਟ ਧਾਮੀ ਦਾ ਵੱਡਾ ਬਿਆਨ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Anuradha

This news is Content Editor Anuradha