ਵਿਦਿਆਰਥੀਆਂ ਤੋਂ ਮਜ਼ਦੂਰੀ ਕਰਵਾਉਣ ''ਤੇ ਮਚੀ ਹਾਹਾਕਾਰ

09/23/2017 2:04:22 AM

ਹੁਸ਼ਿਆਰਪੁਰ, (ਘੁੰਮਣ)- ਅੰਬੇਡਕਰ ਫੋਰਸ ਪੰਜਾਬ ਨੇ ਦੋਸ਼ ਲਾਇਆ ਹੈ ਕਿ ਪਿੰਡ ਮਹਿਲਾਂਵਾਲੀ ਤੇ ਆਨੰਦਗੜ੍ਹ ਦੇ ਦਲਿਤ ਵਿਦਿਆਰਥੀਆਂ ਕੋਲੋਂ ਸਰਕਾਰੀ ਸੀਨੀ. ਸੈਕੰਡਰੀ ਸਕੂਲ ਮਹਿਲਾਂਵਾਲੀ ਵਿਖੇ ਜਬਰਨ ਮਜ਼ਦੂਰੀ ਕਰਵਾਈ ਜਾ ਰਹੀ ਹੈ। ਇਥੋਂ ਤੱਕ ਕਿ ਜ਼ਹਿਰੀਲੇ ਕੀਟਨਾਸ਼ਕ ਦਾ ਛਿੜਕਾਅ, ਪੁਰਾਣੇ ਨਿਰਮਾਣ ਕਾਰਜਾਂ ਨੂੰ ਤੋੜਨ ਆਦਿ ਦੇ ਕੰਮ ਕਰਵਾਏ ਜਾ ਰਹੇ ਹਨ। ਸੰਗਠਨ ਦੇ ਸੂਬਾ ਪ੍ਰਧਾਨ ਅਨਿਲ ਕੁਮਾਰ ਬਾਘਾ ਦੀ ਅਗਵਾਈ 'ਚ ਇਕ ਵਫਦ ਨੇ ਇਸ ਸਬੰਧੀ ਏ. ਡੀ. ਸੀ. ਸ਼੍ਰੀਮਤੀ ਅਨੁਪਮ ਕਲੇਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ। 
ਸ਼੍ਰੀ ਬਾਘਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਕੋਲੋਂ ਮਜ਼ਦੂਰੀ ਤੇ ਹੋਰ ਕੰਮ ਕਰਵਾਏ ਜਾਣ ਦੀ ਪੂਰੀ ਵੀਡੀਓ ਰਿਕਾਰਡਿੰਗ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹੀ ਇਕ ਸ਼ਿਕਾਇਤ ਕਰੀਬ 5 ਮਹੀਨੇ ਪਹਿਲਾਂ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਦਿੱਤੀ ਗਈ ਸੀ। ਹਾਲਾਂਕਿ ਸ਼ਿਕਾਇਤਕਰਤਾ ਵਿਦਿਆਰਥੀਆਂ ਦੇ ਬਿਆਨ ਵੀ ਦਰਜ ਹੋ ਗਏ ਸਨ ਪਰ ਪ੍ਰਿੰਸੀਪਲ ਵੱਲੋਂ ਨਿਰੰਤਰ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਬਣਾਇਆ ਜਾਂਦਾ 
ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਾ ਹੋਈ ਤਾਂ ਸੰਗਠਨ ਸਿੱਖਿਆ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਖਿਲਾਫ਼ ਮੋਰਚਾ ਖੋਲ੍ਹਣ ਤੋਂ ਗੁਰੇਜ਼ ਨਹੀਂ ਕਰੇਗਾ। 
ਇਸ ਮੌਕੇ ਰਾਜੀਵ ਕੁਮਾਰ, ਸੁਸ਼ੀਲ ਪਠਾਣੀਆਂ, ਦਵਿੰਦਰ ਕੁਮਾਰ, ਪ੍ਰਿੰਸ ਕੁਮਾਰ, ਰਾਜ ਕੁਮਾਰ ਤੇ ਪ੍ਰਦੀਪ ਕੁਮਾਰ ਨੇ ਵੀ ਸਕੂਲੀ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਉਕਤ ਵਰਤਾਅ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ।