ਹੌਲਦਾਰ ਤੋਂ ਕਾਰਬਾਈਨ ਖੋਹਣ ਵਾਲੇ ਨੂੰ 10 ਸਾਲ ਦੀ ਕੈਦ

01/14/2018 4:59:45 AM

ਨਵਾਂਸ਼ਹਿਰ, (ਤ੍ਰਿਪਾਠੀ)- ਬੰਗਾ ਰੋਡ 'ਤੇ ਸਬਜ਼ੀ ਮੰਡੀ ਨੇੜੇ ਸਥਿਤ ਲੜੋਈਆ ਪੈਟਰੋਲ ਪੰਪ 'ਤੇ ਤੇਲ ਪੁਆਉਣ ਆਏ ਪੀ.ਸੀ.ਆਰ. ਦੇ ਹੌਲਦਾਰ ਤੋਂ ਕਾਰਬਾਈਨ (ਰਾਈਫਲ) ਖੋਹਣ ਦੇ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਨੇ ਵੱਖ-ਵੱਖ ਧਾਰਾਵਾਂ 'ਚ 10-10 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 
ਜ਼ਿਕਰਯੋਗ ਹੈ ਕਿ 30 ਅਪ੍ਰੈਲ, 2016 ਨੂੰ ਸਵੇਰ ਕਰੀਬ 7 ਵਜੇ ਬਾਈਕ ਵਿਚ ਤੇਲ ਪੁਆਉਣ ਆਏ ਹੌਲਦਾਰ ਸੁਖਦੇਵ ਸਿੰਘ 'ਤੇ ਤੇਜ਼ਦਾਰ ਹਥਿਆਰ ਨਾਲ ਹਮਲਾ ਕਰ ਕੇ ਪਿੰਡ ਸਲੇਮਪੁਰ ਵਾਸੀ ਵਿਜੇ ਕੁਮਾਰ ਪੁੱਤਰ ਰਾਮ ਆਸਰਾ ਕਾਰਬਾਈਨ ਖੋਹ ਕੇ ਭੱਜ ਗਿਆ ਸੀ। 
ਇਸ ਦੌਰਾਨ ਹਮਲਾਵਰ ਨੇ ਹੌਲਦਾਰ ਸੁਖਦੇਵ ਦੇ ਕਾਰਬਾਈਨ ਦਾ ਬੱਟ ਮਾਰ ਕੇ ਉਸ ਨੂੰ ਜ਼ਖ਼ਮੀ ਵੀ ਕਰ ਦਿੱਤਾ ਸੀ ਤੇ ਇਸ ਦੌਰਾਨ ਮੈਗਜ਼ੀਨ ਜ਼ਮੀਨ 'ਤੇ ਡਿੱਗ ਗਈ ਸੀ । ਘਟਨਾ ਨੂੰ ਅੰਜਾਮ ਦੇਣ ਉਪਰੰਤ ਵਿਜੇ ਕੁਮਾਰ ਐੱਸ.ਐੱਸ.ਪੀ. ਪੁਲਸ ਦੇ ਦਫ਼ਤਰ ਦੇ ਸਾਹਮਣੇ ਤੋਂ ਭੱਜਿਆ ਸੀ, ਜਿਸ ਦੀ ਫੋਟੋ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਸੀ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ 15 ਦਿਨਾਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਸੀ, ਜਦਕਿ ਪੁਲਸ ਨੂੰ ਹੌਲਦਾਰ ਤੋਂ ਖੋਹੀ ਗਈ ਕਾਰਬਾਈਨ ਯੂ.ਪੀ. ਪੁਲਸ ਨੂੰ ਘਟਨਾ ਦੇ 3 ਦਿਨ ਬਾਅਦ ਹੀ ਮਿਲ ਗਈ ਸੀ। ਉਕਤ ਮਾਮਲੇ ਦੀ ਅੰਤਿਮ ਸੁਣਵਾਈ ਦੌਰਾਨ ਅਦਾਲਤ ਨੇ ਅੱਜ ਦੋਸ਼ੀ ਨੂੰ ਵੱਖ-ਵੱਖ ਧਾਰਾਵਾਂ ਤਹਿਤ 10-10 ਸਾਲ ਦੀ ਕੈਦ ਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 1 ਸਾਲ ਵੱਧ ਕੈਦ ਭੁਗਤਣੀ ਹੋਵੇਗੀ। ਦੋਸ਼ੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ ਜੇਲ 'ਚ ਸੀ ਤੇ ਅੱਜ ਸਜ਼ਾ ਸੁਣਾਏ ਜਾਣ ਉਪਰੰਤ ਅਦਾਲਤ ਨੇ ਉਸ ਨੂੰ ਮੁੜ ਜੇਲ ਭੇਜਣ ਦੇ ਹੁਕਮ ਜਾਰੀ ਕੀਤੇ।