ਹਰਿਆਣਵੀ ਖਿਡਾਰੀਆਂ ਦੇ ਨਾਮ 'ਤੇ ਐਵਾਰਡ ਜਿੱਤਣ ਵਾਲੇ ਇਨ੍ਹਾਂ ਸਕੂਲਾਂ 'ਤੇ ਡਿੱਗੀ ਗਾਜ

10/15/2019 9:56:09 AM

ਜਲੰਧਰ(ਨਰਿੰਦਰ ਮੋਹਨ) : ਨਿੱਜੀ ਸਕੂਲਾਂ 'ਚ ਹੋਰਨਾਂ ਸੂਬਿਆਂ ਤੋਂ ਵਧੀਆ ਖਿਡਾਰੀ ਸਪਲਾਈ ਕਰਨ ਵਾਲੇ ਗੈਂਗ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ 3 ਸਕੂਲਾਂ ਦੀ ਮਾਨਤਾ ਇਸੇ ਆਧਾਰ 'ਤੇ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ, ਜੋ ਹਰਿਆਣਾ ਤੋਂ ਲਿਆਂਦੇ ਸਕੂਲੀ ਖਿਡਾਰੀਆਂ ਨੂੰ ਸਕੂਲੀ ਮੁਕਾਬਲੇ ਜਿੱਤ ਕੇ ਆਪਣੀ ਬਰਾਂਡਿੰਗ ਕਰ ਰਹੇ ਹਨ। ਪਹਿਲੀ ਨਜ਼ਰ 'ਤੇ ਆਧਾਰਿਤ ਇਸ ਮਾਮਲੇ 'ਤੇ ਅਜੇ 6 ਵਿਦਿਆਰਥੀ ਪਕੜ 'ਚ ਆਏ ਹਨ, ਜੋ ਹਰਿਆਣਾ ਸੂਬੇ ਦੇ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਛੋਟੀ ਉਮਰ ਦਾ ਦਿਖਾ ਕੇ ਖੇਡਾਂ 'ਚ ਭੇਜਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਪੰਜਾਬ 'ਚ ਦਿਖਾਇਆ ਗਿਆ ਸੀ। ਜ਼ਿਲਾ ਮਾਨਸਾ ਅਤੇ ਸੰਗਰੂਰ ਦੇ 3 ਅਜਿਹੇ ਨਿੱਜੀ ਸਕੂਲਾਂ ਦੀ ਐੱਨ.ਓ.ਸੀ. ਰੱਦ ਕਰ ਦਿੱਤੀ ਗਈ ਹੈ। 3 ਖੇਡ ਕੋਚਾਂ ਨੂੰ ਵੀ ਖੇਡ ਡਿਊਟੀ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਕਈ ਦਰਜਨ ਸਕੂਲ ਵੀ ਵਿਭਾਗ ਦੀ ਰਾਡਾਰ 'ਤੇ ਆ ਗਏ ਹਨ।

ਪੰਜਾਬ ਸਿੱਖਿਆ ਵਿਭਾਗ ਦੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਉਪਰੋਕਤ 3 ਨਿੱਜੀ ਸਕੂਲਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਰੁੱਧ ਫੌਜਦਾਰੀ ਮਾਮਲਾ ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਕ ਹੋਰ ਮਾਮਲੇ 'ਚ ਰਾਸ਼ਟਰੀ ਖੇਡਾਂ 'ਚ ਸ਼ਾਮਲ ਹੋ ਚੁੱਕੇ ਇਕ ਵਿਦਿਆਰਥੀ ਦਾ ਅਜਿਹਾ ਹੋਰ ਮਾਮਲਾ ਵੀ ਆ ਗਿਆ ਹੈ। ਇਸ ਦੇ ਬਾਅਦ ਵਿਭਾਗ ਨੇ ਨਿੱਜੀ ਸਕੂਲਾਂ ਦੁਆਰਾ ਜ਼ੋਨਲ, ਜ਼ਿਲਾ ਸੂਬਾ ਪੱਧਰ 'ਤੇ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦਾ ਰਿਕਾਰਡ ਫਰੋਲਣਾ ਸ਼ੁਰੂ ਕਰ ਦਿੱਤਾ ਹੈ।

ਪਿਛਲੇ ਕੁਝ ਸਾਲਾਂ ਤੋਂ ਪੰਜਾਬ 'ਚ ਹੁੰਦੇ ਸਕੂਲੀ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਦੇ ਅਨਜਾਣ ਚਿਹਰਿਆਂ ਦਾ ਵਿਵਾਦ ਪੈਦਾ ਹੋਣ ਮਗਰੋਂ ਇਕ ਗੁਪਤ ਜਾਂਚ ਸ਼ੁਰੂ ਹੋਈ ਜੋ ਅਧਿਕਾਰਤ ਜਾਂਚ 'ਚ ਬਦਲ ਗਈ। ਪੰਜਾਬ ਦੇ ਜ਼ਿਲਾ ਮਾਨਸਾ ਦੇ ਅਧੀਨ ਬੁਢਲਾਡਾ ਦੇ ਮਨੂ ਵਾਟਿਕਾ ਸਕੂਲ ਦੇ 2, ਝੁਨੀਰ ਸਥਿਤ ਪੰਜਾਬ ਕਾਨਵੈਂਟ ਸਕੂਲ ਦੇ 2 ਅਤੇ ਸੰਗਰੂਰ ਦੇ ਮਾਡਰਨ ਸੈਕੂਲਰ ਸੀਨੀਅਰ ਸੈਕੰਡਰੀ ਸਕੂਲ ਦੇ 3 ਵਿਦਿਆਰਥੀਆਂ ਦੀ ਜਾਂਚ ਸਿੱਖਿਆ ਵਿਭਾਗ ਨੇ ਡੀ.ਪੀ.ਆਈ. ਹਰਿਆਣਾ ਕੋਲੋਂ ਕਰਵਾਈ ਤਾਂ ਪਤਾ ਲੱਗਾ ਕਿ ਪੰਜਾਬ ਦੇ ਜਿਹੜੇ 3 ਸਕੂਲਾਂ 'ਚ ਉਕਤ 7 ਵਿਦਿਆਰਥੀ ਨੌਵੀਂ ਅਤੇ ਦਸਵੀਂ ਜਮਾਤ 'ਚ ਦਾਖਲ ਕਰਵਾਏ ਗਏ ਹਨ, ਅਸਲ 'ਚ ਉਹ ਸਾਰੇ ਹਰਿਆਣੇ ਦੇ ਸਕੂਲਾਂ 'ਚ ਇਹ ਜਮਾਤਾਂ ਪਹਿਲਾਂ ਤੋਂ ਪਾਸ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਉਮਰ ਵੀ ਵਧ ਸੀ ਪਰ ਕਥਿਤ ਫਰਜ਼ੀ ਉਮਰ ਸਰਟੀਫਿਕੇਟਾਂ 'ਚ ਉਮਰ ਘੱਟ ਲਿਖਾਈ ਗਈ ਸੀ। ਹਰਿਆਣਾ ਦੇ ਇਹ ਵਿਦਿਆਰਥੀ ਪੰਜਾਬ 'ਚ ਇਨ੍ਹਾਂ ਸਕੂਲਾਂ ਲਈ ਮੁਕਾਬਲੇ ਜਿੱਤ ਰਹੇ ਸਨ ਅਤੇ ਪੰਜਾਬ ਦੇ ਅਸਲ ਵਿਦਿਆਰਥੀਆਂ ਦਾ ਹੱਕ ਮਾਰ ਰਹੇ ਸਨ। ਇਸ ਦਾ ਮਕਸਦ ਉਕਤ ਸਕੂਲਾਂ ਵੱਲੋਂ ਆਪਣੀ ਪ੍ਰਸਿੱਧੀ ਹਾਸਲ ਕਰਨਾ ਸੀ।

ਸਿੱਖਿਆ ਵਿਭਾਗ ਨੇ ਸੀ.ਬੀ.ਐੱਸ.ਈ. ਨੂੰ ਵੀ ਕਾਰਵਾਈ ਲਈ ਲਿਖਿਆ
ਹਰਿਆਣਾ ਤੋਂ ਰਿਪੋਰਟ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਤੇਜ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੁਢਲਾਡਾ ਨੇ ਮਨੂ ਵਾਟਿਕਾ ਸਕੂਲ ਅਤੇ ਝੁਨੀਰ ਸਥਿਤ ਪੰਜਾਬ ਕਾਨਵੈਂਟ ਸਕੂਲ ਦੀ ਮਾਨਤਾ ਸੀ.ਬੀ.ਐੱਸ.ਈ. ਦੇ ਨਾਲ ਹੈ, ਜਿਸ ਦੇ ਲਈ ਪੰਜਾਬ ਤੋਂ ਐੱਨ.ਓ.ਸੀ. ਲੈਣਾ ਜ਼ਰੂਰੀ ਹੁੰਦਾ ਹੈ। ਪੰਜਾਬ ਦੇ ਦੋਹਾਂ ਸਕੂਲਾਂ ਦੀ ਐੱਨ.ਓ.ਸੀ. ਰੱਦ ਕਰ ਦਿੱਤੀ ਗਈ ਹੈ ਅਤੇ ਸੀ.ਬੀ.ਐੱਸ.ਈ. ਨੂੰ ਕਾਰਵਾਈ ਲਈ ਲਿਖ ਦਿੱਤਾ ਗਿਆ ਹੈ ਜਦਕਿ ਸੰਗਰੂਰ ਦੇ ਮਾਡਰਨ ਸੈਕੂਲਰ ਸੀਨੀਅਰ ਸੈਕੰਡਰੀ ਸਕੂਲ ਦੀ ਮਾਨਤਾ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਹੈ, ਜਿਸ ਨੂੰ ਰੱਦ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਇਨ੍ਹਾਂ ਸਕੂਲਾਂ ਦੇ ਖੇਡਾਂ ਬਾਰੇ ਕੋਚ (ਕਬੱਡੀ ਇੰਚਾਰਜ) ਗੁਰਦੀਪ ਸਿੰਘ, ਡੀ.ਪੀ.ਈ. ਅਤੇ ਕਬੱਡੀ ਇੰਚਾਰਜ ਜਗਸੀਰ ਸਿੰਘ ਅਤੇ ਡੀ.ਪੀ.ਈ. ਕਬੱਡੀ ਇੰਚਾਰਜ ਰਣਜੀਤ ਸਿੰਘ ਨੂੰ ਖੇਡਾਂ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਕਾਰਵਾਈ ਦੇ ਘੇਰੇ 'ਚ ਆਏ ਸਕੂਲ ਆਪਣੇ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਲੈ ਕੇ ਚਿੰਤਾ 'ਚ ਹਨ।

ਗੁਰਦਾਸਪੁਰ 'ਚ ਵੀ ਸਾਹਮਣੇ ਆਇਆ ਮਾਮਲਾ
ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਗੁਰਦਾਸਪੁਰ ਜ਼ਿਲੇ 'ਚ ਵੀ ਕੁਝ ਵਿਦਿਆਰਥੀਆਂ ਵੱਲੋਂ ਘੱਟ ਉਮਰ ਦਿਖਾ ਕੇ ਖੇਡਾਂ 'ਚ ਸ਼ਾਮਲ ਹੋਣ ਦਾ ਮਾਮਲਾ ਸਾਹਮਣੇ ਆਇਆ। ਸੂਤਰ ਦੱਸਦੇ ਹਨ ਕਿ ਕੁਝ ਜ਼ਿਲਿਆਂ 'ਚ ਖੇਡਾਂ ਰਾਹੀਂ, ਖੇਡਾਂ 'ਚੋਂ ਸਰਟੀਫਿਕੇਟ ਹਾਸਲ ਕਰਕੇ ਫਰਜ਼ੀ ਉਮਰ ਸਰਟੀਫਿਕੇਟ ਬਣਾ ਕੇ ਫਾਇਦਾ ਲੈਣ ਦੇ ਵੀ ਕਈ ਮਾਮਲੇ ਚਰਚਾ 'ਚ ਹਨ ਅਤੇ ਵਿਭਾਗ ਨੇ ਹੁਣ ਵਿਦਿਆਰਥੀ ਖਿਡਾਰੀਆਂ ਦੇ ਦਸਤਾਵੇਜ਼ ਫਰੋਲਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ 'ਚ ਅਜਿਹੇ ਗੈਂਗ ਸਰਗਰਮ ਹਨ, ਜੋ ਨਾ ਕੇਵਲ ਹੋਰਨਾਂ ਸੂਬਿਆਂ ਤੋਂ ਖਿਡਾਰੀ ਮੁਹੱਈਆ ਕਰਵਾ ਰਹੇ ਹਨ, ਸਗੋਂ ਉਨ੍ਹਾਂ ਦੇ ਨਿੱਜੀ ਸਕੂਲਾਂ 'ਚ ਜਮਾਤ ਪਾਸ ਕਰਵਾਉਣ ਦੀ ਗਾਰੰਟੀ ਲੈ ਕੇ ਅਸਲੀ ਵਿਦਿਆਰਥੀ ਦੀ ਥਾਂ 'ਤੇ ਹੋਰ ਕਾਬਲ ਵਿਦਿਆਰਥੀ ਬਿਠਾਉਣ ਦਾ ਧੰਦਾ ਵੀ ਕਰ ਰਹੇ ਹਨ ਅਤੇ ਬਦਲੇ 'ਚ ਮੋਟੀਆਂ ਰਕਮਾਂ ਵਸੂਲ ਰਹੇ ਹਨ।

cherry

This news is Content Editor cherry