ਹਰਵਿੰਦਰ ਸਿੰਘ ਰਿੰਦਾ ਜਿਊਂਦਾ ਹੈ ਜਾਂ ਮਰ ਗਿਆ, ਅਸਲ ਸੱਚ ਬਾਰੇ IG ਗਿੱਲ ਨੇ ਦਿੱਤਾ ਵੱਡਾ ਬਿਆਨ

11/22/2022 11:51:44 AM

ਚੰਡੀਗੜ੍ਹ (ਰਮਨਜੀਤ ਸਿੰਘ) : ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਬਾਰੇ ਸਥਿਤੀ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ। ਪੰਜਾਬ ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਸੋਸ਼ਲ ਮੀਡੀਆ ਅਤੇ ਖ਼ਬਰਾਂ ਤੋਂ ਹੀ ਪਤਾ ਲੱਗਾ ਹੈ ਕਿ ਰਿੰਦਾ ਦੀ ਮੌਤ ਹੋ ਗਈ ਹੈ ਪਰ ਇਸ ਦੀ ਸੱਚਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਪੁੱਛੇ ਜਾਣ ’ਤੇ ਆਈ. ਜੀ. ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅੱਤਵਾਦੀ ਰਿੰਦਾ ਦੀ ਮੌਤ ਬਾਰੇ ਜੋ ਵੀ ਸੂਚਨਾ ਮਿਲੀ ਹੈ, ਉਹ ਸੋਸ਼ਲ ਮੀਡੀਆ ਅਤੇ ਖ਼ਬਰਾਂ ਰਾਹੀਂ ਹੀ ਮਿਲੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਸ ਨੂੰ ਰਿੰਦਾ ਦੀ ਮੌਤ ਸਬੰਧੀ ਕੇਂਦਰੀ ਏਜੰਸੀਆਂ ਤੋਂ ਵੀ ਕੋਈ ਸੂਚਨਾ ਨਹੀਂ ਮਿਲੀ ਹੈ, ਇਸ ਲਈ ਉਹ ਇਸ ਮਾਮਲੇ ’ਤੇ ਕੋਈ ਟਿੱਪਣੀ ਕਰਨ ਦੀ ਸਥਿਤੀ 'ਚ ਨਹੀਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਹਰੇਕ ਅਸਲਾ ਲਾਇਸੈਂਸ ਦੀ ਘਰ-ਘਰ ਜਾ ਕੇ ਹੋਵੇਗੀ ਜਾਂਚ, ਪੁਲਸ ਨੂੰ ਮਿਲੀਆਂ ਸਖ਼ਤ ਹਦਾਇਤਾਂ

ਅਜਿਹੀ ਸੂਚਨਾ ਦੀ ਪੁਸ਼ਟੀ ਕਰਨ 'ਚ ਸਮਾਂ ਲੱਗਦਾ ਹੈ ਕਿਉਂਕਿ ਪੰਜਾਬ ਪੁਲਸ ਵਲੋਂ ਰਿੰਦਾ ਵਲੋਂ ਚਲਾਈਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇਕਰ ਆਉਣ ਵਾਲੇ ਦਿਨਾਂ 'ਚ ਅਜਿਹਾ ਕੋਈ ਸੁਰਾਗ ਨਹੀਂ ਮਿਲਦਾ ਕਿ ਰਿੰਦਾ ਦਾ ਕਿਸੇ ਵਾਰਦਾਤ 'ਚ ਹੱਥ ਹੈ ਤਾਂ ਸਮਝਿਆ ਜਾਵੇਗਾ ਕਿ ਰਿੰਦਾ ਦੀ ਮੌਤ ਹੋ ਗਈ ਹੈ। ਇਸੇ ਤਰ੍ਹਾਂ ਉਨ੍ਹਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੈਪੀ ਸੰਘੇੜਾ ਦੇ ਕਤਲ ਦੀ ਸੂਚਨਾ ਬਾਰੇ ਪੰਜਾਬ ਪੁਲਸ ਫਿਲਹਾਲ ਕੁੱਝ ਨਹੀਂ ਕਹਿ ਸਕਦੀ। ਵਿਦੇਸ਼ਾਂ ਨਾਲ ਸਬੰਧਿਤ ਮਾਮਲੇ ਭਾਰਤ ਸਰਕਾਰ ਦੇ ਸਬੰਧਿਤ ਵਿਭਾਗਾਂ ਅਧੀਨ ਆਉਂਦੇ ਹਨ ਅਤੇ ਜੇਕਰ ਉਥੋਂ ਕੋਈ ਸੂਚਨਾ ਪੰਜਾਬ ਪੁਲਸ ਨੂੰ ਮਿਲਦੀ ਹੈ ਤਾਂ ਉਸ ਦੀ ਪੁਸ਼ਟੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲਗਾਤਾਰ 'ਡੇਂਗੂ' ਦਾ ਕਹਿਰ ਜਾਰੀ, ਹੁਣ 38 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ

ਦੂਜੇ ਪਾਸੇ ਗੋਲਡੀ ਬਰਾੜ ਨੂੰ ਜਲਦ ਗ੍ਰਿਫ਼ਤਾਰ ਕਰਨ ਬਾਰੇ ਪੁੱਛੇ ਜਾਣ ’ਤੇ ਆਈ. ਜੀ. ਗਿੱਲ ਨੇ ਕਿਹਾ ਕਿ ਇਸ ਸਬੰਧੀ ਪੂਰੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਕਾਫੀ ਸਮਾਂ ਪਹਿਲਾਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਿਆ ਹੈ। ਹੁਣ ਉਸ ਦੇ ਟਿਕਾਣੇ ਦੀ ਪੁਸ਼ਟੀ ਹੋਣ ਤੋਂ ਤੁਰੰਤ ਬਾਅਦ ਸਬੰਧਿਤ ਦੇਸ਼ ਦੀ ਪੁਲਸ ਸਰਗਰਮ ਹੋ ਜਾਵੇਗੀ ਅਤੇ ਉਸ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਅੱਗੇ ਵਧੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita