ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਚੋਣ ਨਹੀਂ ਲੜਨਗੇ ਫੂਲਕਾ

01/10/2019 10:28:42 AM

ਅੰਮ੍ਰਿਤਸਰ (ਮਮਤਾ)— ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਅੰਮ੍ਰਿਤਸਰ ਤੋਂ ਭਾਜਪਾ ਸੀਟ 'ਤੇ ਲੋਕ ਸਭਾ ਚੋਣ ਲੜਨ ਦੀਆਂ ਕਿਆਸ-ਅਰਾਈਆਂ 'ਤੇ ਵਿਰਾਮ ਲਾਉਂਦਿਆਂ ਐਲਾਨ ਕੀਤਾ ਹੈ ਕਿ ਉਹ ਹੁਣ ਲੋਕ ਸਭਾ ਚੋਣ ਨਹੀਂ ਲੜਨਗੇ ਸਗੋਂ ਆਪਣੇ ਵੱਲੋਂ ਇਕ ਮੁਹਿੰਮ ਸ਼ੁਰੂ ਕਰਨਗੇ, ਜਿਸ 'ਚ ਪੰਜਾਬ 'ਚੋਂ ਨਸ਼ੇ ਹਟਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜਨੀਤੀਕਰਨ ਖਤਮ ਕੀਤਾ ਜਾਵੇਗਾ। ਇਸ ਸਬੰਧੀ ਜਾਰੀ ਇਕ ਬਿਆਨ ਵਿਚ ਫੂਲਕਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਉਪਰੀ ਪੱਧਰ 'ਤੇ ਬੁੱਧੀਜੀਵੀਆਂ ਦੀ ਇਕ ਕਮੇਟੀ ਸਾਬਕਾ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ 'ਚ ਗਠਿਤ ਕੀਤੀ ਜਾਵੇਗੀ, ਜੋ ਵਾਲੰਟੀਅਰਾਂ ਦੀ ਇਕ ਫੌਜ ਤਿਆਰ ਕਰੇਗੀ, ਜੋ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦੇਵੇਗੀ।
ਫੂਲਕਾ ਨੇ ਦੱਸਿਆ ਕਿ ਵਾਲੰਟੀਅਰਾਂ ਦੀ ਫੌਜ ਦੇ 2 ਯੂਨਿਟ ਹੋਣਗੇ, ਜਿਨ੍ਹਾਂ 'ਚੋਂ ਇਕ ਯੂਨਿਟ ਸ਼੍ਰੋਮਣੀ ਕਮੇਟੀ ਦਾ ਰਾਜਨੀਤੀਕਰਨ ਖ਼ਤਮ ਕਰਨ ਲਈ ਹੋਵੇਗਾ ਅਤੇ ਦੂਜਾ ਨਸ਼ਿਆਂ ਖਿਲਾਫ ਲੜਾਈ ਲੜਨ ਲਈ ਹੋਵੇਗਾ। ਪਹਿਲੇ ਯੂਨਿਟ 'ਚ ਸਿਰਫ ਅੰਮ੍ਰਿਤਧਾਰੀ ਸਿੱਖ ਹੀ ਹਿੱਸਾ ਲੈ ਸਕਣਗੇ, ਜਦੋਂ ਕਿ ਦੂਜੇ ਯੂਨਿਟ 'ਚ ਕੋਈ ਵੀ ਵਿਅਕਤੀ ਜੋ ਨਸ਼ਿਆਂ ਖਿਲਾਫ ਲੜਾਈ ਲੜਨਾ ਚਾਹੁੰਦਾ ਹੈ, ਆਪਣਾ ਯੋਗਦਾਨ ਦੇ ਸਕਦਾ ਹੈ। 

ਉਨ੍ਹਾਂ ਨੇ ਦੱਸਿਆ ਕਿ ਇਸ ਫੌਜ ਦੀ ਭਰਤੀ ਦੀ ਸ਼ੁਰੂਆਤ 12 ਜਨਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਕਰ ਕੇ ਸ਼ੁਰੂ ਕੀਤੀ ਜਾਵੇਗੀ। ਇਸੇ ਦਿਨ ਵਾਲੰਟੀਅਰਜ਼ ਫੌਜ ਦੀ ਭਰਤੀ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਅਤੇ ਜੋ ਵੀ ਚਾਹਵਾਨ ਹੋਣਗੇ, ਉਹ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਤੋਂ ਬਾਅਦ ਫਿਰ ਇਕ ਸੰਗ੍ਰਹਿ ਕਮੇਟੀ ਤਿਆਰ ਕੀਤੀ ਜਾਵੇਗੀ, ਜਿਸ ਵਿਚ 5 ਹਜ਼ਾਰ ਨਿਰੋਲ ਵਾਲੰਟੀਅਰਾਂ ਦਾ ਸੰਗ੍ਰਹਿ ਹੋਵੇਗਾ। ਇਕ ਮਹੀਨੇ ਦੇ ਅੰਦਰ ਵਾਲੰਟੀਅਰਜ਼ ਫੋਰਸ ਤੇ ਸੰਗਠਨ ਮੁਕੰਮਲ ਕਰਕੇ ਐੱਸ. ਜੀ. ਪੀ. ਸੀ. ਸੁਧਾਰ ਲਹਿਰ ਸ਼ੁਰੂ ਕੀਤੀ ਜਾਵੇਗੀ।

shivani attri

This news is Content Editor shivani attri