ਹਰਸਿਮਰਤ ਦੇ ਅਸਤੀਫ਼ਾ ਬੰਬ ਨਾਲ ਹਿੱਲੀ ਮੋਦੀ ਸਰਕਾਰ : ਸੁਖਬੀਰ

09/26/2020 6:27:20 PM

ਚੰਡੀਗੜ੍ਹ/ਲੰਬੀ (ਜੁਨੇਜਾ) : ਸ਼੍ਰੋਮਣੀ ਅਕਾਲੀ ਦਲ ਨੇ ਸ਼ੁੱਕਰਵਾਰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ 'ਚੱਕਾ ਜਾਮ' ਪ੍ਰੋਗਰਾਮ ਅਧੀਨ ਸੂਬੇ ਭਰ 'ਚ ਰੋਸ ਮੁਜ਼ਾਹਰੇ ਕੀਤੇ। ਅਕਾਲੀ ਦਲ ਨੇ ਸੂਬੇ ਦੇ ਸਾਰੇ ਹਲਕਿਆਂ 'ਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆੜ੍ਹਤੀਆਂ ਨਾਲ ਰਲ ਕੇ ਰੋਸ ਮੁਜ਼ਾਹਰੇ ਕੀਤੇ ਤੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਪਾਰਟੀ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੋਣ ਦੇਵੇਗੀ। ਬਾਦਲ ਪਿੰਡ ਤੋਂ ਟਰੈਕਟਰ ਰੈਲੀ ਦੀ ਅਗਵਾਈ ਕਰਦਿਆਂ ਲੰਬੀ ਵਿੱਚ ਰੋਸ ਮੁਜ਼ਾਹਰੇ 'ਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਬਾਰੇ ਕੇਂਦਰ ਸਰਕਾਰ ਨੇ 2 ਮਹੀਨੇ ਗੱਲ ਨਹੀਂ ਕੀਤੀ ਪਰ ਜਦੋਂ ਅਕਾਲੀ ਦਲ ਨੇ ਅਸਤੀਫ਼ੇ ਦਾ ਬੰਬ ਸੁੱਟਿਆ ਤਾਂ ਮੋਦੀ ਸਰਕਾਰ ਹਿੱਲ ਗਈ। ਉਨ੍ਹਾਂ ਕਿਹਾ ਕਿ ਐੱਨ. ਡੀ. ਏ. ਦਾ ਹਿੱਸਾ ਹੋਣ ਕਾਰਣ ਕਿਸਾਨਾਂ ਨਾਲ ਗੱਲ ਕਰਕੇ ਕੇਂਦਰ ਨੂੰ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਅਜਿਹੇ ਕਾਨੂੰਨਾਂ 'ਚੋਂ ਬਦਲੋ, ਜਿਸ 'ਚ ਐੱਮ. ਐੱਸ. ਪੀ. ਹੋਵੇ, ਸਰਕਾਰੀ ਖਰੀਦ ਦਾ ਪ੍ਰਬੰਧ ਹੋਵੇ ਪਰ ਜਦੋਂ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਅਸੀਂ ਆਪਣਾ ਰਸਤਾ ਚੁਣਿਆ ਅਤੇ ਕਿਨਾਰੇ ਹੋ ਗਏ। ਉਨ੍ਹਾਂ ਕਿਹਾ ਕਿ ਵਿਸ਼ਵ ਯੁੱਧ 'ਚ ਜਾਪਾਨ ਦਾ ਪੂਰਾ ਦਬਦਬਾ ਸੀ ਪਰ ਅਮਰੀਕਾ ਦੇ ਇਕ ਐਟਮ ਬੰਬ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ । ਇਸ ਤਰ੍ਹਾਂ ਅਕਾਲੀ ਦਲ ਨੇ ਅਸਤੀਫ਼ਾ ਦੇ ਕੇ ਐਟਮ ਬੰਬ ਛੱਡਿਆ ਤਾਂ ਹੁਣ ਰੋਜ਼ ਕੇਂਦਰ ਦੇ 5-5 ਮੰਤਰੀ ਅਖ਼ਬਾਰਾਂ 'ਚ ਇਸ਼ਤਿਹਾਰ ਦੇ ਕੇ ਸਫ਼ਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਕੈਬਨਿਟ ਮੀਟਿੰਗ ਸੱਦਣ ਅਤੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਲਈ ਆਰਡੀਨੈਂਸ ਜਾਰੀ ਕਰਨ। ਉਨ੍ਹਾਂ ਕਿਹਾ ਕਿ ਇਸ ਉਪਰੰਤ ਰਾਜ ਸਰਕਾਰ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਆਰਡੀਨੈਂਸ ਲਈ ਬਿੱਲ ਪੇਸ਼ ਕਰਕੇ ਕਾਨੂੰਨ ਬਣਾਏ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਨੂੰ ਆਖਦੇ ਹਾਂ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਹ ਸੋਧ ਖਾਰਜ ਕਰੇ। ਬਾਦਲ ਨੇ ਮੌਕੇ 'ਤੇ ਇਹ ਵੀ ਐਲਾਨ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਨੇ ਇਹ ਕਦਮ ਨਾ ਚੁੱਕਿਆ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਸੂਬੇ 'ਚ ਸਰਕਾਰ ਬਣਾਉਣ ਮਗਰੋਂ ਇਹ ਕਦਮ ਚੁੱਕੇਗਾ। 

ਇਹ ਵੀ ਪੜ੍ਹੋ : ਧਰਨੇ 'ਚ ਗੁਆਚਾ ਮਸ਼ਹੂਰ ਕਲਾਕਾਰ ਦਾ ਆਈਫ਼ੋਨ, ਲੱਭਣ ਵਾਲੇ ਲਈ ਕੀਤਾ ਵੱਡਾ ਐਲਾਨ       

ਇਹ ਵੀ ਪੜ੍ਹੋ : ਕਾਂਗਰਸੀ ਸਰਪੰਚ 'ਤੇ ਨਸ਼ੇੜੀਆਂ ਵਲੋਂ ਇੱਟਾਂ-ਰੋੜਿਆਂ ਨਾਲ ਹਮਲਾ

ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਧੀ ਵਜੋਂ ਆਪਣਾ ਫਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ, ਜਿਨ੍ਹਾਂ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਅਗਸਤ ਤੋਂ ਹੀ ਪਤਾ ਸੀ ਕਿ ਅਜਿਹੇ ਆਰਡੀਨੈਂਸ ਆ ਰਹੇ ਹਨ ਅਤੇ ਇਸ ਦਾ ਠੋਸ ਸਬੂਤ ਉਹ ਪੱਤਰ ਹੈ ਜੋ ਉਨ੍ਹਾਂ ਦੀ ਸਰਕਾਰ ਨੂੰ ਮਿਲਿਆ ਪਰ ਉਨ੍ਹਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਇਸ ਕਦਮ ਦੀ ਵਿਰੋਧ ਕਰਨ ਦੀ ਥਾਂ ਚੁੱਪੀ ਧਾਰੀ ਰੱਖੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਚਮੁੱਚ ਕਿਸਾਨਾਂ ਦੀ ਚਿੰਤਾ ਹੈ ਤਾਂ ਫਿਰ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਆਗੂਆਂ ਨੇ ਵੀ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ। 

ਇਹ ਵੀ ਪੜ੍ਹੋ : ਗਠਜੋੜ 'ਚ ਸਿਖ਼ਰਾਂ 'ਤੇ ਪਹੁੰਚੀ ਤਲਖੀ, ਸੁਖਬੀਰ ਬਾਦਲ ਨੂੰ ਭਾਜਪਾ ਦਾ ਠੋਕਵਾਂ ਜਵਾਬ

Anuradha

This news is Content Editor Anuradha