ਬੀਬੀ ਬਾਦਲ ਦਾ ਵੱਡਾ ਬਿਆਨ, ਕਾਂਗਰਸ ਨੂੰ ਬਿਕਰਮ ਦੇ ਸੁਫ਼ਨੇ ਆਉਂਦੇ ਸਨ ਤੇ ਉਨ੍ਹਾਂ ਦੇ ਨਾਂ ਤੋਂ ਕੰਬਦੇ ਸਨ

12/24/2021 11:17:50 AM

ਜਲੰਧਰ- ਕੇਂਦਰ ਦੀ ਮੋਦੀ ਸਰਕਾਰ ’ਚ ਮੰਤਰੀ ਰਹੇ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਹਨ। ਪੰਜਾਬ ਦੀ ਕਾਂਗਰਸ ਸਰਕਾਰ ਦੇ ਸ਼ਾਸਨ ਦੌਰਾਨ ਹਾਲ ਹੀ ’ਚ ਉਨ੍ਹਾਂ ਦੇ ਭਰਾ ਬਿਕਰਮ ਸਿੰਘ ਮਜੀਠੀਆ ’ਤੇ ਪੁਲਸ ਨੇ ਡਰੱਗਸ ਦੇ ਇਕ ਪੁਰਾਣੇ ਮਾਮਲੇ ’ਚ ਪਰਚਾ ਦਰਜ ਕੀਤਾ ਹੈ। ਇਸ ਨੂੰ ਅਕਾਲੀ ਦਲ ਝੂਠਾ ਪਰਚਾ ਕਰਾਰ ਦੇ ਕੇ ਸੜਕਾਂ ’ਤੇ ਉਤਰਨ ਤਕ ਦੀ ਚੇਤਾਵਨੀ ਦੇ ਚੁੱਕਿਆ ਹੈ। ਇਸ ਪਰਚੇ ਦੇ ਪਿੱਛੇ ਦੇ ਕਾਰਨਾਂ, ਬੇਅਦਬੀ ਦੀਆਂ ਘਟਨਾਵਾਂ ਅਤੇ ਕਾਨੂੰਨ-ਵਿਵਸਥਾ ਆਦਿ ਦੇ ਮਾਮਲਿਆਂ ’ਤੇ ‘ਜਗ ਬਾਣੀ’ ਦੇ ਨਵੀਨ ਸੇਠੀ ਨੇ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਕੀਤੀ, ਪੇਸ਼ ਹਨ ਪ੍ਰਮੁੱਖ ਅੰਸ਼:-

ਸਵਾਲ: ਬਿਕਰਮ ਸਿੰਘ ਮਜੀਠੀਆ ਤੁਹਾਡੇ ਭਰਾ ਹਨ, ਉਨ੍ਹਾਂ ਖਿਲਾਫ਼ ਪੰਜਾਬ ਪੁਲਸ ਨੇ ਡਰੱਗਸ ਮਾਮਲੇ ’ਚ ਅਚਾਨਕ ਪਰਚਾ ਦਰਜ ਕਰ ਦਿੱਤਾ ਹੈ, ਤੁਹਾਡੀ ਪ੍ਰਤੀਕਿਰਿਆ?
ਜਵਾਬ:
ਹੋਰ ਇਨ੍ਹਾਂ ਤੋਂ ਉਮੀਦ ਵੀ ਕੀ ਕੀਤੀ ਜਾ ਸਕਦੀ ਸੀ। ਜਿਸ ਸਰਕਾਰ ਨੇ ਸਮੁੱਚੀ ਕਾਨੂੰਨ-ਵਿਵਸਥਾ ਦੀਆਂ ਧੱਜੀਆਂ ਉਡਾ ਦਿੱਤੀਆਂ। 5-7 ਦਿਨਾਂ ਦੀ ਇਹ ਸਰਕਾਰ ਰਹਿ ਗਈ ਹੈ। ਜੋ ਕੇਸ 2019 ਜਨਵਰੀ ’ਚ ਖਤਮ ਹੋ ਗਿਆ, ਦੋਸ਼ੀਆਂ ਨੂੰ ਸਜ਼ਾ ਹੋ ਗਈ, ਜਿਨ੍ਹਾਂ ਨੂੰ ਬਰੀ ਹੋਣਾ ਸੀ ਉਹ ਬਰੀ ਹੋ ਗਏ। ਹੁਣ 3 ਸਾਲ ਬਾਅਦ, ਜਦੋਂ 5-7 ਦਿਨ ਰਹਿ ਗਏ ਹਨ ਚੋਣ ਜ਼ਾਬਤਾ ਲੱਗਣ ’ਚ, ਉਦੋਂ ਰਾਤੋ-ਰਾਤ ਇਹ ਐੱਫ਼. ਆਈ. ਆਰ. ਸਰਕਾਰ ਨੇ ਦਰਜ ਕਰਵਾਈ ਹੈ।

ਸਵਾਲ: ਬਿਕਰਮ ਮਜੀਠੀਆ ਤੋਂ ਕਾਂਗਰਸੀਆਂ ਨੂੰ ਕੀ ਸਮੱਸਿਆ ਰਹੀ ਹੈ?
ਜਵਾਬ:
ਇਨ੍ਹਾਂ ਨੂੰ ਬਿਕਰਮ ਦੇ ਸੁਫ਼ਨੇ ਆਉਂਦੇ ਸਨ ਰਾਤ ਨੂੰ, ਉਸ ਦੇ ਨਾਂ ਤੋਂ ਇਹ ਕੰਬਦੇ ਸਨ ਕਿਉਂਕਿ ਉਹ ਤਾਂ ਸਿੱਧੇ ਟੱਕਰ ਮਾਰਦਾ ਸੀ, ਉਨ੍ਹਾਂ ਦਾ ਮੁਕਾਬਲਾ ਕਰਦਾ ਸੀ। ਜੋ ਕੇਸ 3 ਸਾਲ ਤੋਂ ਬੰਦ ਹੈ, ਉਸ ’ਚ ਅਫ਼ਸਰਾਂ ਨੂੰ ਬਦਲ ਕੇ ਬਿਲਕੁਲ ਗੈਰ-ਕਾਨੂੰਨੀ ਤਰੀਕੇ ਨਾਲ ਰਾਤੋ-ਰਾਤ 12 ਵਜੇ ਇਹ ਕੇਸ ਬਣਾਇਆ ਹੈ, ਜਿਸ ਖ਼ਿਲਾਫ਼ ਅਸੀਂ ਕਾਨੂੰਨੀ ਤੌਰ ’ਤੇ ਲੜਾਈ ਲੜਾਂਗੇ ਅਤੇ ਸੱਚਾਈ ਦੇ ਦਮ ’ਤੇ ਜਿੱਤਾਂਗੇ।

ਇਹ ਵੀ ਪੜ੍ਹੋ: ਪੰਜਾਬ ’ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਜਲੰਧਰ ’ਚ ਵਧੀ ਸਖ਼ਤੀ, ਨਵੇਂ ਹੁਕਮ ਜਾਰੀ ਕਰਕੇ ਲਾਈਆਂ ਇਹ ਪਾਬੰਦੀਆਂ

ਸਵਾਲ: ਤੁਹਾਡਾ ਮਤਲਬ ਹੈ ਕਿ ਉਹ ਕੇਸ ਬੰਦ ਹੋ ਚੁੱਕਿਆ ਹੈ, ਜਿਸ ’ਚ ਇਹ ਮਾਮਲਾ ਦਰਜ ਹੋਇਆ ਹੈ?
ਜਵਾਬ:
ਇਹ ਜੋ ਕੇਸ ਇਨ੍ਹਾਂ ਨੇ ਦਰਜ ਕੀਤਾ ਹੈ, ਉਹ ਬੰਦ ਹੋ ਚੁੱਕਿਆ ਸੀ। ਉਸ ’ਚ ਅਦਾਲਤ ਦੀ ਇਜਾਜ਼ਤ ਦੇ ਬਿਨਾਂ ਤੁਸੀ ਕੇਸ ਕਰ ਹੀ ਨਹੀਂ ਸਕਦੇ। ਜਿਹੜੇ ਡੀ. ਜੀ. ਪੀ. ਨੂੰ 5 ਦਿਨ ਲਈ ਲਾਇਆ ਹੈ, ਉਸ ਦੀ ਪਹਿਲਾਂ ਵੀ ਸਾਡੇ ਨਾਲ ਨਿੱਜੀ ਰੰਜਿਸ਼ ਰਹੀ। ਪਹਿਲਾਂ ਵੀ ਉਸ ਨੇ ਸਾਡੇ ਖਿਲਾਫ਼ ਕੇਸ ਕੀਤੇ। ਜਿਸ ਨੂੰ ਡੀ. ਜੀ. ਪੀ. ਲਾ ਹੀ ਨਹੀਂ ਸਕਦੇ, ਉਸ ਨੂੰ ਸਿਰਫ਼ ਇਹ ਕੇਸ ਦਰਜ ਕਰਨ ਲਈ 5 ਦਿਨਾਂ ਲਈ ਡੀ. ਜੀ. ਪੀ. ਲਾਇਆ। ਭਾਵ ਕਾਨੂੰਨ ਦੀਆਂ ਪੂਰੀਆਂ ਧੱਜੀਆਂ ਉਡਾਈਆਂ ਹਨ। ਨਿੱਜੀ ਰੰਜਿਸ਼ ਦੇ ਇਸ ਕੇਸ ਦਾ ਜਵਾਬ ਭਗਵਾਨ ਦੇਵੇਗਾ, ਜੋ ਸੱਚ ਦੇ ਨਾਲ ਖੜ੍ਹਦਾ ਹੈ।
ਸਵਾਲ: ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਤਾਂ ਬੱਸ ਸ਼ੁਰੂਆਤ ਹੈ, ਅੱਗੇ-ਅੱਗੇ ਵੇਖਣਾ ਹੋਰ ਕੀ ਕਰਾਂਗੇ?
ਜਵਾਬ: ਸ਼ੁਰੂਆਤ ਤਾਂ ਬਿਲਕੁੱਲ ਹੈ, ਇਸ ’ਚ ਕੋਈ ਸ਼ੱਕ ਨਹੀਂ। ਲੋਕਾਂ ਨੇ ਇਨ੍ਹਾਂ ਨੂੰ ਜਵਾਬ ਦੇਣਾ ਹੈ ਕਿਉਂਕਿ ਝੂਠੇ ਪਰਚਿਆਂ ਦੇ ਨਾਲ, ਨਸ਼ੇ ਦੇ ਨਾਲ ਲੋਕ ਇਨ੍ਹਾਂ ਤੋਂ ਤੰਗ ਆਏ ਹੋਏ ਹਨ। ਘਰ-ਘਰ ਨਸ਼ਾ ਪਹੁੰਚਾ ਦਿੱਤਾ ਹੈ ਇਨ੍ਹਾਂ ਲੋਕਾਂ ਨੇ। ਨਸ਼ੇ ਕਾਰਨ ਮਾਰੇ ਗਏ ਬੱਚਿਆਂ ਦੀਆਂ ਮਾਵਾਂ ਦੀਆਂ ਅੱਖਾਂ ਦੇ ਹੰਝੂ ਸੁੱਕ ਗਏ, ਉਨ੍ਹਾਂ ਨੂੰ ਜਾ ਕੇ ਪੁੱਛੋ। 5 ਸਾਲ ਇਨ੍ਹਾਂ ਨੇ ਸਿਰਫ਼ ਸਿਆਸਤ ਖੇਡੀ ਹੈ, 5 ਸਾਲ ਦਾ ਸਮਾਂ ਸੀ ਇਨ੍ਹਾਂ ਕੋਲ।
ਜੋ ਸਾਡੇ ਧਰਮ ਨਾਲ ਕੀਤਾ ਜਾ ਰਿਹਾ ਹੈ, ਉਹ ਜਗ-ਜ਼ਾਹਿਰ

ਸਵਾਲ: ਬੇਅਦਬੀ ਦੀਆਂ ਘਟਨਾਵਾਂ ਵੀ ਹਾਲ ਹੀ ’ਚ ਹੋਈਆਂ ਹਨ, ਲੁਧਿਆਣਾ ’ਚ ਬਲਾਸਟ ਹੋਇਆ ਹੈ। ਜਿਹੋ ਜਿਹੇ ਹਾਲਾਤ ਪੰਜਾਬ ਦੇ ਬਣ ਰਹੇ ਹਨ, ਉਸ ’ਚ ਲਾਅ ਐਂਡ ਆਰਡਰ ਦੀ ਸਥਿਤੀ ’ਤੇ ਤੁਸੀ ਕੀ ਕਹੋਗੇ?
ਜਵਾਬ: ਮੈਂ ਤਾਂ ਇਹੀ ਕਹਾਂਗੀ ਕਿ ਜਦੋਂ ਤੋਂ ਸਾਡੇ ਕਿਸਾਨ ਦਿੱਲੀ ਤੋਂ ਮੋਰਚਾ ਜਿੱਤ ਕੇ ਆਏ ਹਨ, ਉਸ ਨਾਲ ਇਹ ਸਾਰੀਆਂ ਤਾਕਤਾਂ ਇਕੱਠੀਆਂ ਹੋ ਗਈਆਂ ਹਨ। ਜੋ ਸਾਡੇ ਧਰਮ ਦੇ ਨਾਲ ਕੀਤਾ ਜਾ ਰਿਹਾ ਹੈ, ਉਹ ਜਗ-ਜ਼ਾਹਿਰ ਹੈ। ਪੰਜਾਬ ਦੇ ਹਾਲਾਤ ਨੂੰ ਚੋਣਾਂ ਦੇ ਮੱਦੇਨਜ਼ਰ ਅਮਨ-ਸ਼ਾਂਤੀ ਨੂੰ ਵੇਖਦਿਆਂ ਅਜਿਹਾ ਬਣਾਇਆ ਜਾ ਰਿਹਾ ਹੈ। ਤੁਸੀ ਵੇਖੋ ਕਿ ਪੰਜਾਬ ਸਰਕਾਰ ਦੇ ਨੱਕ ਹੇਠ ਅਜਿਹੇ ਪਵਿੱਤਰ ਅਸਥਾਨ ’ਤੇ ਬੇਅਦਬੀ ਦੀ ਘਟਨਾ ਹੋਈ, ਜਿਸ ’ਚ ਸਾਂਝੀਵਾਲਤਾ ਦੀ ਗੱਲ ਕੀਤੀ ਜਾਂਦੀ ਹੈ। ਮੱਸਾ ਰੰਗੜ ਅਤੇ ਇੰਦਰਾ ਗਾਂਧੀ ਤੋਂ ਬਾਅਦ ਹੁਣ ਇਹ ਤੀਜਾ ਬੰਦਾ ਸ੍ਰੀ ਦਰਬਾਰ ਸਾਹਿਬ ’ਚ ਇਕ ਤਰ੍ਹਾਂ ਹਮਲਾ ਕਰਨ ਆਇਆ, ਜਿਸ ਕੋਲ ਕੋਈ ਸ਼ਨਾਖਤ ਤਕ ਨਹੀਂ। ਆਮ ਆਦਮੀ ਇੰਨੀ ਵੱਡੀ ਛਾਲ ਮਾਰ ਕੇ ਅੰਦਰ ਜਾ ਹੀ ਨਹੀਂ ਸਕਦਾ। ਇੰਨੇ ਵੱਡੇ ਹਾਦਸੇ ’ਤੇ ਸੁੱਖੀ ਰੰਧਾਵਾ, ਜਿਸ ਦੇ ਪਿਤਾ ਨੇ ਉਸ ਇੰਦਰਾ ਗਾਂਧੀ ਦਾ ਸਵਾਗਤ ਕੀਤਾ ਸੀ, ਜਿਸ ਨੇ ਤਖ਼ਤ ਸਾਹਿਬ ’ਤੇ ਹਮਲੇ ਕਰਵਾਏ, ਕਹਿੰਦਾ ਹੈ ਕਿ ਦੋ ਦਿਨਾਂ ’ਚ ਜਵਾਬ ਦੇਵੇਗਾ, ਜਦੋਂ ਕਿ 5 ਦਿਨਾਂ ’ਚ ਉਸ ਬੰਦੇ ਦਾ ਸਸਕਾਰ ਹੀ ਕਰ ਦਿੱਤਾ, ਸਭ ਖਤਮ ਕਰ ਕੇ ਸਬੂਤ ਮਿਟਾ ਦਿੱਤੇ, ਹੁਣ ਤਕ ਤਾਂ ਉਸ ਨੇ ਜਵਾਬ ਨਹੀਂ ਦਿੱਤਾ। ਉਸ ਤੋਂ ਦੋ ਦਿਨ ਪਹਿਲਾਂ ਸਰੋਵਰ ਸਾਹਿਬ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਪਹਿਲਾਂ ਕੇਸਗੜ੍ਹ ਸਾਹਿਬ ’ਚ ਹੋਇਆ ਸੀ, ਉਸ ਦਾ ਵੀ ਕੁਝ ਨਹੀਂ ਹੋਇਆ। ਇਹ ਸਭ ਕੁਝ ਦਬਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਲੁਧਿਆਣਾ ਦੀ ਅਦਾਲਤ ’ਚ ਹੋਏ ਧਮਾਕੇ ’ਤੇ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ

ਕਾਂਗਰਸ ਦਾ ਹੱਥ ਹੈ, ਇਨ੍ਹਾਂ ਦਾ ਪੁਰਾਣਾ ਇਤਹਾਸ
ਸਵਾਲ: ਤਾਂ ਕੀ ਤੁਹਾਨੂੰ ਇਸ ਪਿੱਛੇ ਕੋਈ ਸਾਜਿਸ਼ ਲੱਗਦੀ ਹੈ?
ਜਵਾਬ:
ਅਮਨ-ਸ਼ਾਂਤੀ ਨੂੰ ਭੰਗ ਕਰਨ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਇਹ ਇਕ ਬੇਹੱਦ ਸੋਚੀ-ਸਮਝੀ ਸਾਜ਼ਿਸ਼ ਹੈ। ਕਾਂਗਰਸ ਦਾ ਇਸ ’ਚ ਹੱਥ ਹੈ, ਇਨ੍ਹਾਂ ਦਾ ਤਾਂ ਇਹ ਪੁਰਾਣਾ ਇਤਹਾਸ ਹੈ। ਧਾਰਮਿਕ ਸਥਾਨਾਂ ’ਤੇ ਹਮਲੇ ਕਰਨਾ ਇਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ ਹੈ। ਚੋਣਾਂ ਮੌਕੇ ਧਿਆਨ ਭਟਕਾਉਣ ਲਈ ਨਸ਼ੇ ਦੇ ਮਾਮਲੇ ’ਚ, ਬੇਅਦਬੀ ਦੇ ਮਾਮਲੇ ’ਚ ਰੰਜਿਸ਼ਾਂ ਕੱਢਣਾ। ਕਾਂਗਰਸ ਸਰਕਾਰ ਚਾਹੁੰਦੀ ਹੈ ਕਿ ਬੇਅਦਬੀ ਕਰ ਕੇ ਮੁੱਦਾ ਬਣਾਓ, ਤਾਂ ਕਿ ਲੋਕ ਭੁੱਲ ਜਾਣ ਕਿ ਘਰ-ਘਰ ਨੌਕਰੀ ਮਿਲਣੀ ਸੀ, ਕਰਜ਼ਾ ਮੁਆਫ਼ ਹੋਣਾ ਸੀ। ਮੈਂ ਇਨ੍ਹਾਂ ਲੋਕਾਂ ਨੂੰ ਪੁੱਛਣਾ ਚਾਹਾਂਗੀ ਕਿ ਸਭ ਤੋਂ ਵੱਡੀ ਬੇਅਦਬੀ ਤਾਂ ਉਹ ਸੀ, ਜਦੋਂ ਗੁਟਕਾ ਸਾਹਿਬ ਹੱਥ ’ਚ ਫੜ੍ਹ ਕੇ ਦਸਮ ਪਿਤਾ ਦੀ ਸਰਜ਼ਮੀਂ ’ਤੇ ਦਮਦਮਾ ਸਾਹਿਬ ਵੱਲ ਮੂੰਹ ਕਰ ਕੇ ਸਹੁੰ ਖਾਧੀ ਗਈ, ਉਹ ਬੇਅਦਬੀ ਤਾਂ ਲੋਕਾਂ ਨੇ ਅੱਖੀਂ ਵੇਖੀ ਸੀ। ਸਾਰੇ ਕਾਂਗਰਸੀ ਉਦੋਂ ਆਸਪਾਸ ਖੜ੍ਹੇ ਜੈਕਾਰੇ ਛੱਡ ਰਹੇ ਸਨ। ਕਹਿੰਦੇ ਹਨ ਕਿ ਜੋ ਕਤਲ ਕਰਦਾ ਹੈ ਅਤੇ ਜੋ ਚਸ਼ਮਦੀਦ ਸਾਥ ਦਿੰਦਾ ਹੈ, ਉਹ ਵੀ ਅਪਰਾਧ ’ਚ ਭਾਗੀਦਾਰ ਹੁੰਦਾ ਹੈ। ਅਜਿਹੇ ’ਚ ਇੰਨੀ ਵੱਡੀ ਬੇਅਦਬੀ ਵੇਖ ਕੇ ਲੋਕ ਕਾਂਗਰਸ ਨੂੰ ਮੁਆਫ਼ ਕਰਨ ਵਾਲੇ ਨਹੀਂ ਹਨ। 

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, PNB ’ਚੋਂ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟੇ ਕਰੀਬ 15 ਲੱਖ ਰੁਪਏ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri