ਬਠਿੰਡਾ : ਜਾਮ ''ਚ ਫਸੇ ਸੀ ਮੋਦੀ, ਹੁਣ ਪੀ. ਐੱਮ. ਓ. ਨੇ ਸੀ. ਐੱਮ.ਓ. ਨੂੰ ਭੇਜਿਆ ਪੱਤਰ

06/01/2019 7:02:37 PM

ਬਠਿੰਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ 13 ਮਈ ਨੂੰ ਬਠਿੰਡਾ ਵਿਚ ਹਰਸਿਮਰਤ ਕੌਰ ਬਾਦਲ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਇਸ ਦੌਰਾਨ ਉਹ ਮੌਸਮ ਖਰਾਬ ਹੋਣ ਕਾਰਨ ਟ੍ਰੈਫਿਕ ਵਿਚ ਫਸ ਗਏ ਸਨ। ਇਸ 'ਤੇ ਹੁਣ ਪੀ. ਐੱਮ. ਓ. ਨੇ ਸੀ. ਐੱਮ. ਓ. ਤੋਂ ਬਠਿੰਡਾ 'ਚ ਰਿੰਗ ਰੋਡ ਦੀ ਸਟੇਟਸ ਰਿਪੋਰਟ ਤਲਬ ਕਰ ਲਈ ਹੈ। ਇਸ ਨਾਲ ਹੁਣ ਇਸ ਪ੍ਰੋਜੈਕਟ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਇਸ ਨਾਲ ਬਠਿੰਡਾ ਦੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। 
ਕੇਂਦਰ ਸਰਕਾਰ ਦੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਬਠਿੰਡਾ ਜ਼ਿਲੇ 'ਚ ਇਕ ਨਵੀਂ ਬਾਈਪਾਸ ਰਿੰਗ ਰੋਡ ਦਾ ਨਿਰਮਾਣ ਕੀਤਾ ਜਾਣਾ ਹੈ। ਇਹ 28 ਕਿਲੋਮੀਟਰ ਲੰਬਾ ਬਾਈਪਾਸ ਮਾਨਸਾ ਰੋਡ ਸਥਿਤ ਕੋਟਕਸ਼ਮੀਰ ਤੋਂ ਬਠਿੰਡਾ-ਅੰਮ੍ਰਿਤਸਰ ਫੋਰਲੇਨ ਨਾਲ ਜੁੜੇਗਾ। ਇਸ ਵਿਚ ਬਠਿੰਡਾ-ਮਲੋਟ ਰੋਡ ਦੇ ਰਿੰਗ ਰੋਡ ਨੂੰ ਸ਼ਾਮਲ ਕਰਕੇ ਅੱਗੇ ਪਿੰਡ ਸੀਵਿਆਂ ਤੋਂ ਕੱਢ ਕੇ ਮੇਨ ਹਾਈਵੇ ਨਾਲ ਜੋੜਿਆ ਜਾਵੇਗਾ। ਇਹ ਸਾਰਾ ਬਾਈਪਾਸ ਫੋਰਲੇਨ ਹੋਵੇਗਾ। ਇਸ ਤੋਂ ਇਲਾਵਾ ਪਿੰਡ ਜੋਧਪੁਰ ਰੋਮਾਨੇ ਨਾਲ ਸੰਗਤ ਕਲਾਂ ਤਕ 10 ਕਿਲੋਮੀਟਰ ਵੱਖ ਤੋਂ ਫੋਰਲੇਨ ਬਣੇਗੀ। ਇਸ ਪ੍ਰੋਜੈਕਟ ਲਈ ਐੱਨ. ਐੱਚ. ਏ. ਆਈ. ਨੇ ਬਠਿੰਡਾ ਦੇ ਵਣ ਵਿਭਾਗ ਨਾਲ 21.70 ਹੈਕਟੇਅਰ ਜ਼ਮੀਨ 'ਚ ਸੜਕ ਨਿਰਮਾਣ ਲਈ ਮਨਜ਼ੂਰੀ ਮੰਗੀ ਹੈ। ਫਿਲਹਾਲ ਐੱਨ. ਐੱਚ. ਏ. ਆਈ. ਦੋਵੇਂ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਸਰਵੇ ਕਰ ਰਿਹਾ ਹੈ। 
ਪੀ. ਐੱਮ. ਓ. ਤੋਂ ਆਇਆ ਪੱਤਰ
ਐੱਨ. ਐੱਚ. ਏ. ਆਈ. ਦੇ ਪ੍ਰੋਜੈਕਟ ਡਾਇਰੈਕਟਰ ਵਿਪਿਨ ਮੰਗਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੀ. ਐੱਮ. ਓ. ਤੋਂ ਇਕ ਪੱਤਰ ਆਇਆ ਹੈ। ਇਸ ਵਿਚ ਪ੍ਰੋਜੈਕਟ ਜਲਦੀ ਨਿਪਟਾਉਣ ਲਈ ਕਿਹਾ ਗਿਆ ਹੈ। ਰਿੰਗ ਰੋਡ ਪ੍ਰੋਜੈਕਟ ਸਾਡੀ ਪਹਿਲ ਹੈ। ਅਸੀਂ ਜਲਦੀ ਹੀ ਟੈਂਡਰ ਲਗਾ ਦਵਾਂਗੇ ਅਤੇ ਬਹੁਤ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Gurminder Singh

This news is Content Editor Gurminder Singh