ਨਵਜੋਤ ਸਿੱਧੂ ''ਤੇ ਭੜਕੀ ਹਰਸਿਮਰਤ, ''ਇੰਨੀ ਯਾਰੀ ਨਿਭਾਉਣੀ ਏ ਤਾਂ ਕਤਲੇਆਮ ਰੋਕੋ'' (ਵੀਡੀਓ)

09/18/2018 6:35:26 PM

ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰਤਾਰਪੁਰ ਲਾਂਘੇ 'ਤੇ ਨਵਜੋਤ ਸਿੰਘ ਸਿੱਧੂ ਖਿਲਾਫ ਖੂਬ ਭੜਾਸ ਕੱਢਦਿਆਂ ਕਿਹਾ ਹੈ ਕਿ ਜੇਕਰ ਪਾਕਿਸਤਾਨ ਦੇ ਆਪਣੇ ਦੋਸਤ ਨਾਲ ਨਵਜੋਤ ਸਿੱਧੂ ਨੇ ਇੰਨੀ ਯਾਰੀ ਨਿਭਾਉਣੀ ਹੈ ਤਾਂ ਪਹਿਲਾਂ ਨਵਜੋਤ ਸਿੱਧੂ ਉਸ ਕਤਲੇਆਮ ਨੂੰ ਰੋਕੇ, ਜਿਹੜਾ ਹਰ ਰੋਜ਼ ਸਰਹੱਦ 'ਤੇ ਸਾਡੇ ਜਵਾਨਾਂ ਦਾ ਪਾਕਿਸਤਾਨ ਵਲੋਂ ਕੀਤਾ ਜਾਂਦਾ ਹੈ। ਹਰਸਿਮਰਤ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਦੇਸ਼ ਤੋਂ ਪਹਿਲਾਂ ਆਪਣੀ ਦੋਸਤੀ ਅੱਗੇ ਰੱਖੀ ਹੈ, ਜਿਸ ਦੇ ਚੱਲਦਿਆਂ ਸਿੱਧੂ ਨੇ ਉਸ ਪਾਕਿ ਫੌਜ ਮੁਖੀ ਨੂੰ ਜੱਫੀ ਪਾਈ, ਜੋ ਰੋਜ਼ਾਨਾ ਕਈ ਭਾਰਤੀ ਮਾਵਾਂ ਦੇ ਪੁੱਤਾਂ ਦੇ ਕਤਲੇਆਮ ਦੇ ਹੁਕਮ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਅਜਿਹੀ ਹਰਕਤ ਕਰਕੇ ਦੇਸ਼ ਵਾਸੀਆਂ ਦੇ ਜ਼ਖਮਾਂ 'ਤੇ ਨਮਕ ਛਿੜਕਿਆ ਹੈ, ਇਸੇ ਲਈ ਵਾਪਸੀ ਦੇ ਸਮੇਂ ਲੋਕਾਂ ਨੇ ਉਸ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਸਨ। 

ਸੁਸ਼ਮਾ ਨੂੰ ਲਿਖੀ ਸੀ ਚਿੱਠੀ 
ਹਰਸਿਮਰਤ ਬਾਦਲ ਨੇ ਕਿਹਾ ਕਿ ਜਦੋਂ ਨਵਜੋਤ ਸਿੱਧੂ ਨੇ ਭਾਰਤ ਆ ਕੇ ਬਿਆਨ ਦਿੱਤਾ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹੈ ਤਾਂ ਹਰ ਪਾਸੇ ਇਸ ਦੀ ਚਰਚਾ ਹੋ ਗਈ ਅਤੇ ਸਿੱਖ ਸੰਗਤ 'ਚ ਵੀ ਖੁਸ਼ੀ ਦੀ ਲਹਿਰ ਦੌੜ ਗਈ। ਹਰਸਿਮਰਤ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਅਕਾਲੀ ਦਲ ਦੀ ਵੀ ਬਹੁਤ ਦੇਰ ਤੋਂ ਇਹ ਮੰਗ ਰਹੀ ਹੈ ਅਤੇ ਸੁਸ਼ਮਾ ਜੀ ਦੱਸਣ ਕਿ ਇਸ ਸਬੰਧੀ ਕਾਰਵਾਈ ਕਿੰਨੀ ਅੱਗੇ ਪੁੱਜੇ ਹੀ ਹੈ।


ਸੁਸ਼ਮਾ ਦਾ ਜਵਾਬ ਪੜ੍ਹ ਨਿਕਲੀ ਪੈਰਾਂ ਹੇਠੋਂ ਜ਼ਮੀਨ : ਹਰਸਿਮਰਤ
ਹਰਸਿਮਰਤ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੁਸ਼ਮਾ ਜੀ ਨੇ ਇਸ ਦਾ ਜਵਾਬ ਦੇਣ ਲਈ ਇਕ ਚਿੱਠੀ ਲਿਖੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਚਿੱਠੀ 'ਚ ਲਿਖਿਆ ਗਿਆ ਸੀ ਕਿ ਪਾਕਿਸਤਾਨ ਵਲੋਂ ਅਜਿਹੀ ਕੋਈ ਵੀ ਗੱਲ ਨਹੀਂ ਕਹੀ ਗਈ ਹੈ ਅਤੇ ਨਾ ਹੀ ਉਨ੍ਹਾਂ ਦਾ ਇਸ ਬਾਰੇ ਕੋਈ ਮੈਸਜ ਆਇਆ ਹੈ। ਹਰਸਿਮਰਤ ਨੇ ਕਿਹਾ ਕਿ ਫਿਰ ਉਨ੍ਹਾਂ ਨੇ ਸੁਸ਼ਮਾ ਸਵਰਾਜ ਨੂੰ ਫੋਨ ਕੀਤਾ ਤਾਂ ਸੁਸ਼ਮਾ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਐੱਮ. ਐੱਸ. ਗਿੱਲ ਦਾ ਫੋਨ ਆ ਰਿਹਾ ਹੈ। ਜਦੋਂ ਐੱਮ. ਐੱਸ. ਗਿੱਲ ਸੁਸ਼ਮਾ ਜੀ ਨੂੰ ਮਿਲਣ ਪੁੱਜਿਆ ਤਾਂ ਉਸ ਦੇ ਨਾਲ ਸਿੱਧੂ ਵੀ ਚਲਾ ਗਿਆ, ਜਿਸ 'ਤੇ ਸੁਸ਼ਮਾ ਜੀ ਕਾਫੀ ਨਾਰਾਜ਼ ਹੋਏ। ਹਰਸਿਮਰਤ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਦੇਸ਼ ਵਾਸੀਆਂ ਅਤੇ ਸਿੱਖ ਸੰਗਤਾਂ ਨਾਲ ਵੱਡਾ ਧੋਖਾ ਕੀਤਾ ਹੈ, ਜੋ ਕਿ ਇਕ ਕਾਂਗਰਸੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦਾ ਜਵਾਬ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਮੰਗਣਗੇ।