ਹਰਸਿਮਰਤ ਬਾਦਲ ਦੇ ਤਲਖ ਤੇਵਰ, ਜ਼ਿਆਦਾ ਪੜ੍ਹੇ ਮਨਪ੍ਰੀਤ ਨਹੀਂ ਜਾਣਦੇ ਕੇਂਦਰੀ ਸਕੀਮਾਂ (ਵੀਡੀਓ)

05/15/2018 1:00:09 PM

ਜਲੰਧਰ (ਰਮਨਦੀਪ ਸਿੰਘ ਸੋਢੀ)— ਸ੍ਰੀ ਦਰਬਾਰ ਸਾਹਿਬ ਵਿਖੇ ਵਰਤਾਏ ਜਾਣ ਵਾਲੇ ਲੰਗਰ 'ਤੇ ਲਗਾਏ ਜੀ. ਐੱਸ. ਟੀ. ਦੇ ਮਸਲੇ ਨੂੰ ਲੈ ਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ 'ਚੋਂ ਅਸਤੀਫਾ ਦੇਣ ਦੀ ਤਿਆਰੀ ਵਿਚ ਹਨ। 'ਜਗ ਬਾਣੀ' ਟੀ. ਵੀ. ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਖਾਸ ਗੱਲਬਾਤ ਦੌਰਾਨ ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਸਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਪਰ ਜੇਕਰ ਉਨ੍ਹਾਂ ਦੀ ਗੱਲ ਨਾ ਮੰਨੀ ਗਈ ਤਾਂ ਉਹ ਸਰਕਾਰ ਦਾ ਹਿੱਸਾ ਨਾ ਰਹਿਣਾ ਮਨਜ਼ੂਰ ਕਰਨਗੇ। ਹਰਸਿਮਰਤ ਨੇ ਇਸ ਦੌਰਾਨ ਆਪਣੇ ਦਿਓਰ ਮਨਪ੍ਰੀਤ ਬਾਦਲ 'ਤੇ ਜੰਮ ਕੇ ਭੜਾਸ ਕੱਢੀ ਅਤੇ ਬਠਿੰਡਾ ਵਿਚ ਬਣਾਏ ਜਾਣ ਵਾਲੇ ਏਮਜ਼ ਹਸਪਤਾਲ ਸਬੰਧੀ ਪੰਜਾਬ ਸਰਕਾਰ 'ਤੇ ਸਹਿਯੋਗ ਨਾ ਕਰਨ ਦਾ ਇਲਜ਼ਾਮ ਵੀ ਲਗਾਇਆ। ਪੇਸ਼ ਹੈ ਹਰਸਿਮਰਤ ਕੌਰ ਬਾਦਲ ਦਾ ਪੂਰਾ ਇੰਟਰਵਿਊ :-
ਸਵਾਲ: ਬਠਿੰਡਾ 'ਚ ਬਣਾਏ ਜਾਣ ਵਾਲੇ ਏਮਜ਼ ਸਬੰਧੀ ਪੰਜਾਬ ਸਰਕਾਰ 'ਤੇ ਸਹਿਯੋਗ ਨਾ ਦਿੱਤੇ ਜਾਣ ਦੇ ਲਗਾਏ ਗਏ ਦੋਸ਼ ਦਾ ਆਧਾਰ ਕੀ ਹੈ?
ਜਵਾਬ: ਕੇਂਦਰ ਸਰਕਾਰ ਨੇ ਹਜ਼ਾਰ ਕਰੋੜ ਦਾ ਪ੍ਰਾਜੈਕਟ ਪੰਜਾਬ ਨੂੰ ਦਿੱਤਾ ਹੈ, ਜਿਸ ਨਾਲ ਪੰਜਾਬ ਦੀ ਜਨਤਾ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸੂਬਾ ਸਰਕਾਰ ਸਾਨੂੰ ਬਹੁਤ ਸਾਰੀਆਂ ਐੱਨ. ਓ. ਸੀ. ਦਿਵਾਉਣ ਵਿਚ ਮਦਦ ਨਹੀਂ ਕਰ ਰਹੀ। ਉਦਾਹਰਣ ਦੇ ਤੌਰ 'ਤੇ ਜੰਗਲਾਤ ਵਿਭਾਗ ਦੀ ਮਨਜ਼ੂਰੀ, ਅੰਦਰ ਵਗਦਾ ਖਾਲ ਅਤੇ ਬਿਜਲੀ ਦੀਆਂ ਤਾਰਾਂ ਕਢਵਾਉਣ ਵਰਗੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ, ਜਿਨ੍ਹਾਂ 'ਤੇ ਕੈਪਟਨ ਸਰਕਾਰ ਬਿਲਕੁਲ ਵੀ ਗੰਭੀਰ ਨਹੀਂ ਹੈ। 
ਸਵਾਲ: ਤੁਸੀਂ ਅਜੋਕੇ ਤਕਨੀਕੀ ਯੁੱਗ ਅੰਦਰ ਚਿੱਠੀਆਂ ਲਿਖਣ ਦੀ ਬਜਾਏ ਸਿੱਧਾ ਕੈਪਟਨ ਸਾਹਿਬ ਨੂੰ ਕਿਉਂ ਨਹੀਂ ਮਿਲਦੇ?
ਜਵਾਬ: (ਹੱਸਦੇ ਹੋਏ)-ਜਨਾਬ ਕੈਪਟਨ ਸਾਹਿਬ ਨੂੰ ਤਾਂ ਉਨ੍ਹਾਂ ਦੇ ਵਜ਼ੀਰ ਵੀ ਨਹੀਂ ਮਿਲ ਸਕਦੇ ਤੁਸੀਂ ਮੇਰੀ ਗੱਲ ਕਰਦੇ ਹੋ। ਹਾਂ, ਜੇ ਮੇਰੀ ਚਿੱਠੀ 'ਤੇ ਕੋਈ ਅਸਰ ਨਾ ਹੋਇਆ ਤਾਂ ਮੈਂ ਮਿਲ ਕੇ ਵੀ ਉਨ੍ਹਾਂ ਨੂੰ ਸਹਿਯੋਗ ਦੀ ਬੇਨਤੀ ਕਰਾਂਗੀ। ਬਾਕੀ ਜੇ ਤੁਸੀਂ ਕਹੋ ਕਿ ਮੈਂ ਉਨ੍ਹਾਂ ਦੇ ਮੁੱਖ ਮੰਤਰੀ ਨਿਵਾਸ 'ਤੇ ਉਨ੍ਹਾਂ ਦੀਆਂ ਸਹੇਲੀਆਂ ਵਿਚ ਉਨ੍ਹਾਂ ਨੂੰ ਮਿਲਣ ਜਾਵਾਂ ਤਾਂ ਮੇਰੇ ਲਈ ਮੁਸ਼ਕਿਲ ਹੈ, ਦਫਤਰ ਜ਼ਰੂਰ ਮਿਲ ਸਕਦੀ ਹਾਂ। ਜੇ ਫਿਰ ਵੀ ਉਨ੍ਹਾਂ ਨਾ ਸੁਣੀ ਤਾਂ ਮੈਂ ਧਰਨੇ ਦਾ ਰੁਖ ਅਖਤਿਆਰ ਕਰਾਂਗੀ। 
ਸਵਾਲ: ਸੂਬਾ ਸਰਕਾਰ ਨੇ ਲੰਗਰ 'ਤੇ ਜੀ. ਐੱਸ. ਟੀ. ਦੀ ਆਪਣੀ ਹਿੱਸੇਦਾਰੀ ਹਟਾ ਲਈ ਹੈ ਪਰ ਤੁਹਾਡੀ ਭਾਈਵਾਲ ਕੇਂਦਰ ਸਰਕਾਰ ਦੇਰੀ ਕਿਉਂ ਕਰ ਰਹੀ ਹੈ?
ਜਵਾਬ: ਇਸ ਦੇ ਬਾਰੇ ਕਾਂਗਰਸ ਦੇ ਪੜ੍ਹੇ-ਲਿਖੇ ਵਿੱਤ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਦਿਨ ਤੋਂ ਜੀ. ਐੱਸ. ਟੀ. ਲਾਗੂ ਹੋਇਆ ਹੈ, ਉਸ ਦਿਨ ਤੋਂ ਜੀ. ਐੱਸ. ਟੀ. ਕੌਂਸਲ ਬਣੀ ਹੈ, ਜਿਸ ਵਿਚ ਹਰ ਸੂਬੇ ਦਾ ਵਿੱਤ ਮੰਤਰੀ ਮੈਂਬਰ ਹੈ, ਜਿਨ੍ਹਾਂ ਵਿਚੋਂ ਇਕ ਮੈਂਬਰ ਕੇਂਦਰ ਦਾ ਵਿੱਤ ਮੰਤਰੀ ਹੈ। ਜੀ. ਐੱਸ. ਟੀ. ਦੇ ਸਾਰੇ ਫੈਸਲੇ ਕੌਂਸਲ ਨੇ ਕਰਨੇ ਹਨ ਨਾ ਕਿ ਕੇਂਦਰ ਸਰਕਾਰ ਨੇ। ਜੀ. ਐੱਸ. ਟੀ. ਕੌਂਸਲ ਦਾ ਸਾਡਾ ਤਾਂ ਕੋਈ ਮੈਂਬਰ ਹੈ ਨਹੀਂ, ਇਸ ਲਈ ਮਨਪ੍ਰੀਤ ਬਾਦਲ ਨੂੰ ਸਵਾਲ ਹੈ ਕਿ ਉਹ ਇਸ ਬਾਬਤ ਕੀ ਕਰ ਰਹੇ ਹਨ? ਮਨਪ੍ਰੀਤ ਬਾਕੀ ਸੂਬਿਆਂ ਦੇ ਵਿੱਤ ਮੰਤਰੀਆਂ ਨੂੰ ਨਾਲ ਲੈ ਕੇ ਕੌਂਸਲ ਵਿਚ ਇਹ ਸਵਾਲ ਕਿਉਂ ਨਹੀਂ ਚੁੱਕਦੇ। ਮਨਪ੍ਰੀਤ ਬਾਦਲ ਸੱਚੇ ਹਨ ਤਾਂ ਉਹ ਇਕ ਵੀ ਚਿੱਠੀ ਦਿਖਾਉਣ, ਜਿਸ ਵਿਚ ਉਨ੍ਹਾਂ ਕੌਂਸਲ ਨੂੰ ਜੀ. ਐੱਸ. ਟੀ. ਹਟਾਉਣ ਲਈ ਬੇਨਤੀ ਕੀਤੀ ਹੋਵੇ। ਰਹੀ ਗੱਲ ਸੂਬਾ ਸਰਕਾਰ ਵਲੋਂ ਲੰਗਰ ਤੋਂ ਜੀ. ਐੱਸ. ਟੀ. ਦੀ ਆਪਣੀ ਹਿੱਸੇਦਾਰੀ ਹਟਾਉਣ ਦੀ ਤਾਂ ਇਨ੍ਹਾਂ ਵੀ ਸਿਰਫ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਹੀ ਜੀ. ਐੱਸ. ਟੀ. ਹਟਾਇਆ ਹੈ, ਜਦਕਿ ਬਾਕੀ ਦੇ ਤਖਤਾਂ 'ਤੇ ਇਨ੍ਹਾਂ ਦਾ ਫੈਸਲਾ ਲਾਗੂ ਨਹੀਂ ਕੀਤਾ ਗਿਆ।
ਸਵਾਲ: ਤੁਸੀਂ ਕੇਂਦਰ 'ਚ ਬੈਠੇ ਹੋ, ਇਸ ਮਾਮਲੇ 'ਤੇ ਦਬਾਅ ਕਿਉਂ ਨਹੀਂ ਬਣਾ ਰਹੇ?
ਜਵਾਬ: ਇਸ ਬਾਰੇ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਚੁੱਕੀ ਹਾਂ ਅਤੇ ਉਨ੍ਹਾਂ ਮੈਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਲੰਗਰ ਤੋਂ ਜੀ. ਐੱਸ. ਟੀ. ਹਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੈਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵੀ ਗੱਲ ਕੀਤੀ ਹੈ, ਉਨ੍ਹਾਂ ਨੇ ਵੀ ਇਸ ਮਸਲੇ 'ਤੇ ਮੇਰਾ ਸਹਿਯੋਗ ਦਿੰਦਿਆਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਮੈਨੂੰ ਸੰਪੂਰਨ ਭਰੋਸਾ ਹੈ ਕਿ ਜਲਦੀ ਹੀ ਮੋਦੀ ਸਾਹਿਬ ਇਸ ਨੂੰ ਹਟਾ ਦੇਣਗੇ।
ਸਵਾਲ: ਜੇਕਰ ਭਾਜਪਾ ਲੰਗਰ ਤੋਂ ਜੀ. ਐੱਸ. ਟੀ. ਨਹੀਂ ਹਟਾਉਂਦੀ ਤਾਂ ਕੀ ਅਸਤੀਫਾ ਦੇਵੋਗੇ?
ਜਵਾਬ: ਬਿਲਕੁੱਲ, ਜੇ ਲੰਗਰ ਤੋਂ ਜੀ. ਐੱਸ. ਟੀ. ਨਾ ਹਟਿਆ ਤਾਂ ਮੈਂ ਕਦੇ ਵੀ ਅਜਿਹੀ ਸਰਕਾਰ ਦਾ ਹਿੱਸਾ ਨਹੀਂ ਰਹਾਂਗੀ ਅਤੇ ਤੁਰੰਤ ਹੀ ਅਹੁਦੇ ਤੋਂ ਅਸਤੀਫਾ ਦੇਵਾਂਗੀ, ਇਹ ਮੇਰੀ ਜ਼ੁਬਾਨ ਹੈ। ਮੇਰੇ ਲਈ ਅਹੁਦਾ ਕੋਈ ਮਾਇਨੇ ਨਹੀਂ ਰੱਖਦਾ ਪਰ ਅਹੁਦੇ 'ਤੇ ਬੈਠਿਆਂ ਮੇਰੇ 'ਤੇ ਇਹ ਇਲਜ਼ਾਮ ਲੱਗਣ ਕਿ ਅਸੀਂ ਲੰਗਰ ਤੋਂ ਜੀ. ਐੱਸ. ਟੀ. ਨਹੀਂ ਹਟਾ ਸਕੇ ਤਾਂ ਅਜਿਹੀਆਂ ਸੌ ਸਰਕਾਰਾਂ ਨੂੰ ਮੈਂ ਲਾਹਨਤ ਪਾਵਾਂਗੀ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਮੋਦੀ ਜ਼ੁਬਾਨ ਦੇ ਪੱਕੇ ਹਨ ਅਤੇ ਉਹ ਸਾਡੀ ਮੰਗ ਜ਼ਰੂਰ ਪੂਰੀ ਕਰਨਗੇ। ਪ੍ਰਧਾਨ ਮੰਤਰੀ ਕੋਲ ਇਕੱਲੇ ਪੰਜਾਬ ਦੇ ਮਸਲੇ ਨਹੀਂ ਹਨ। ਉਨ੍ਹਾਂ ਨੂੰ ਪੂਰੇ ਦੇਸ਼ ਦੀ ਫਿਕਰ ਹੈ।
ਸਵਾਲ: ਤੁਸੀਂ ਸਿਰਫ ਆਪਣੀ ਕੁਰਸੀ ਛੱਡੋਗੇ ਜਾਂ ਗਠਜੋੜ ਵੀ ਤੋੜ ਸਕਦੇ ਹੋ?
ਜਵਾਬ: ਗਠਜੋੜ ਤੋੜਨਾ ਨਾ ਤੋੜਨਾ ਇਹ ਪਾਰਟੀ ਦਾ ਫੈਸਲਾ ਹੈ ਪਰ ਕੇਂਦਰ ਸਰਕਾਰ ਵਿਚ ਰਹਿਣਾ ਨਾ ਰਹਿਣਾ ਇਹ ਮੇਰੇ 'ਤੇ ਨਿਰਭਰ ਕਰਦਾ ਹੈ, ਜਿਸ 'ਤੇ ਮੇਰੇ ਸਟੈਂਡ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਹੈ। 
ਸਵਾਲ: ਇਹ ਵੀ ਚਰਚਾ ਹੈ ਕਿ ਹਰਸਿਮਰਤ ਬਾਦਲ ਇਸ ਵਾਰ ਬਠਿੰਡਾ ਛੱਡ ਕੇ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ?
ਜਵਾਬ: ਇਹ ਵੀ ਮੇਰੇ ਵਿਰੋਧੀਆਂ ਵਲੋਂ ਹੀ ਫੈਲਾਈ ਗਈ ਚਰਚਾ ਹੈ। ਮੈਂ ਤਾਂ ਚਾਰ ਪਾਰਟੀਆਂ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਤੋਂ ਨਹੀਂ ਡਰੀ ਤਾਂ ਹੁਣ ਮੈਨੂੰ ਕਿਸ ਗੱਲ ਦਾ ਡਰ ਹੈ। ਮੈਂ ਅੱਜ ਵੀ ਬਠਿੰਡੇ ਦੇ ਲੋਕਾਂ ਦੇ ਨਾਲ ਖੜ੍ਹੀ ਹਾਂ। ਸੋ ਇਹ ਸਭ ਅਫਵਾਹਾਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ। 
ਸਵਾਲ: ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਇਸ ਵਾਰ ਬਠਿੰਡਾ ਤੋਂ ਚੋਣ ਲੜ ਸਕਦੇ ਹਨ, ਚੁਣੌਤੀ ਮੰਨਦੇ ਹੋ?
ਜਵਾਬ: ਇਹ ਕਿੱਕਲੀਆਂ ਪਾਉਣ ਵਾਲਾ ਮੈਨੂੰ ਕੀ ਚੁਣੌਤੀ ਦੇਵੇਗਾ। ਜੋ ਆਪ ਹੀ ਅੱਜ-ਕਲ ਦਿਸਦਾ ਨਹੀਂ ਹੈ। ਰਹੀ ਗੱਲ ਉਸ ਦੇ ਬਠਿੰਡਾ ਆਉਣ ਦੀ ਤਾਂ ਉਹ ਇਕ ਵਾਰ ਕਹਿ ਕੇ ਵੇਖੇ, ਮੈਂ ਖੁਦ ਉਸ ਖਿਲਾਫ ਸੰਗਰੂਰ ਤੋਂ ਚੋਣ ਲੜਨ ਲਈ ਤਿਆਰ ਹਾਂ। ਬਾਕੀ ਵੇਖਣਾ ਹੋਵੇਗਾ ਕਿ ਉਹ ਅਗਲੀ ਚੋਣ ਕਿਹੜੀ ਪਾਰਟੀ ਤੇ ਕਿਥੋਂ ਲੜਦਾ ਹੈ, ਕਿਉਂਕਿ ਪਤਾ ਲੱਗਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਹੋਣ ਲਈ ਤਰਲੇ ਕੱਢ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਰਾਹੁਲ ਨੂੰ ਸ਼ਰਾਬੀ ਪਸੰਦ ਹਨ ਜਾਂ ਕਬਾਬੀ। 
ਸਵਾਲ: ਭਾਜਪਾ ਦੇ ਪੰਜ ਸੀਟਾਂ 'ਤੇ ਚੋਣ ਲੜਨ ਦੀ ਚਰਚਾ 'ਚ ਕਿੰਨਾ ਦਮ ਹੈ?
ਜਵਾਬ: ਨਹੀਂ, ਇਹ ਸਿਰਫ ਚਰਚਾ ਹੈ ਜਿਸ ਤਰ੍ਹਾਂ ਗਠਜੋੜ ਪਹਿਲਾਂ ਲੜਦਾ ਹੈ, ਉਸੇ ਤਰ੍ਹਾਂ ਹੀ ਇਸ ਵਾਰ ਚੋਣ ਲੜੇਗਾ। 
ਸਵਾਲ: ਕੀ ਨੋਟਬੰਦੀ ਅਤੇ ਜੀ. ਐੱਸ. ਟੀ. ਤੋਂ ਬਾਅਦ ਜਨਤਾ ਦੀ ਨਿਰਾਸ਼ਾ ਦਾ ਅਸਰ 2019 'ਤੇ ਪੈ ਸਕਦਾ ਹੈ ?
ਜਵਾਬ: ਜੀ ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਜੇ ਜਨਤਾ ਨਿਰਾਸ਼ ਹੁੰਦੀ ਤਾਂ ਸਾਨੂੰ ਯੂ. ਪੀ., ਹਿਮਾਚਲ ਵਿਚ ਬਹੁਮਤ ਨਾ ਮਿਲਦਾ। ਮੇਰੇ ਮੁਤਾਬਕ ਦੇਸ਼ ਦੇ ਲੋਕ ਨਰਿੰਦਰ ਮੋਦੀ ਦੀ ਸਰਕਾਰ ਤੋਂ ਸੰਤੁਸ਼ਟ ਹਨ। ਇਕ ਪਾਸੇ ਜਨਤਾ ਕੋਲ ਰਾਹੁਲ ਗਾਂਧੀ ਵਰਗਾ ਅਨਜਾਣ ਲੀਡਰ ਹੈ ਅਤੇ ਦੂਜੇ ਪਾਸੇ ਦੇਸ਼ ਦੀ ਯੋਗ ਅਗਵਾਈ ਕਰਨ ਵਾਲਾ ਤਜ਼ਰਬੇਕਾਰ ਲੀਡਰ ਨਰਿੰਦਰ ਮੋਦੀ ਹੈ। ਮੈਨੂੰ ਉਮੀਦ ਹੈ ਕਿ ਜਨਤਾ ਇਕ ਕਾਬਲ ਵਿਅਕਤੀ ਨੂੰ ਹੀ ਸਮਰਥਨ ਦੇਵੇਗੀ।
ਸਵਾਲ: ਸ਼ਾਹਕੋਟ ਦੀ ਚੋਣ 'ਤੇ ਬੜੀ ਚਰਚਾ ਹੋ ਰਹੀ ਹੈ। ਐੱਸ. ਐੱਚ. ਓ. ਬਾਜਵਾ ਵਿਵਾਦ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ: ਕਾਂਗਰਸ ਰਾਜ ਅੰਦਰ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਰੇਤਾ ਦੇ ਸਰਗਣੇ ਲਾਡੀ ਸ਼ੇਰੋਵਾਲੀਆ ਨੂੰ ਕੈਪਟਨ ਬਚਾਅ ਰਹੇ ਹਨ, ਜਦਕਿ ਜੁਰਅੱਤ ਵਾਲੇ ਥਾਣੇਦਾਰ ਖਿਲਾਫ ਨਾਜਾਇਜ਼ ਕਾਰਵਾਈ ਕੀਤੀ ਜਾ ਰਹੀ ਹੈ। ਮੈਨੂੰ ਤਾਂ ਕੈਪਟਨ ਅਮਰਿੰਦਰ ਸਿੰਘ 'ਤੇ ਹੈਰਾਨੀ ਹੈ ਕਿ ਇਕ ਐੱਸ. ਐੱਚ. ਓ. ਦੇ ਮਸਲੇ 'ਤੇ ਸੂਬੇ ਦੇ ਮੁੱਖ ਮੰਤਰੀ ਨੂੰ ਸਫਾਈ ਦੇਣੀ ਪੈ ਰਹੀ ਹੈ, ਜਿਸ ਤੋਂ ਉਨ੍ਹਾਂ ਦੀ ਘਬਰਾਹਟ ਜਗ ਜ਼ਾਹਿਰ ਹੈ। ਕੈਪਟਨ ਥਾਣੇਦਾਰ ਦੀ ਵੀਡੀਓ ਉਪਰ ਤਾਂ ਕਾਰਵਾਈ ਕਰ ਰਹੇ ਹਨ ਪਰ ਜਿਸ ਵੀਡੀਓ ਅੰਦਰ ਉਨ੍ਹਾਂ ਦਾ ਉਮੀਦਵਾਰ ਸ਼ਰੇਆਮ ਰੁਪਇਆਂ ਦੀ ਮੰਗ ਕਰ ਰਿਹਾ ਹੈ, ਨੂੰ ਚੋਣ ਲੜਵਾ ਰਹੇ ਹਨ। ਕੈਪਟਨ ਚੋਰ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਕੋਤਵਾਲ ਨੂੰ ਅੰਦਰ ਕਰ ਰਹੇ ਹਨ। ਜੇ ਬਾਜਵਾ ਨੂੰ ਸੱਚਮੁਚ ਕੋਈ ਬੀਮਾਰੀ ਹੈ ਤਾਂ ਫਿਰ ਦੋ ਮਹੀਨੇ ਪਹਿਲਾਂ ਉਸ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕਿਉਂ ਨਿਵਾਜਿਆ ਗਿਆ। ਮੈਨੂੰ ਤਾਂ ਡਰ ਹੈ ਕਿ ਬਾਜਵਾ ਨੂੰ ਨਸ਼ਾ ਛੁਡਾਉਣ ਦੇ ਬਹਾਨੇ ਸਰਕਾਰ ਕੋਈ ਹੋਰ ਕਾਰਵਾਈ ਤਾਂ ਨਹੀਂ ਕਰ ਰਹੀ ਕਿਉਕਿ ਮੈਨੂੰ ਪਤਾ ਲੱਗਾ ਹੈ ਕਿ ਬਾਜਵਾ ਕੋਲ ਲਾਡੀ ਸ਼ੇਰੋਵਾਲੀਆ ਖਿਲਾਫ ਕਾਫੀ ਸਬੂਤ ਹਨ। 
ਸਵਾਲ: ਜਾਖੜ ਨੇ ਕੈਪਟਨ ਨੂੰ ਸਲਾਹ ਦਿੱਤੀ ਹੈ ਇਸ ਵਿਚ ਮਾਡਰਨ ਹਿਸਟਰੀ ਵੀ ਸਿਲੇਬਸ 'ਚ ਸ਼ਾਮਲ ਹੋਵੇ ਜਿਸ 'ਚ ਬਹਿਬਲ ਕਲਾ ਤੇ ਬਰਗਾੜੀ ਕਾਂਡ ਦਾ ਵੀ ਜ਼ਿਕਰ ਕੀਤਾ ਜਾਵੇ। 
ਜਵਾਬ: ਬੜੀ ਸ਼ਰਮ ਦੀ ਗੱਲ ਹੈ ਕਿ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਨੇ ਪੰਜਾਬ ਦਾ ਵਡਮੁੱਲਾ ਇਤਿਹਾਸ ਗਾਇਬ ਕਰਕੇ ਕਾਂਗਰਸ ਦਾ ਇਤਿਹਾਸ ਸ਼ਾਮਲ ਕਰ ਦਿੱਤਾ ਹੈ। ਇਕ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਇਤਿਹਾਸ ਨੂੰ ਕਾਇਮ ਰੱਖਣ ਲਈ ਆਪਣੀ ਜ਼ਿੰਦਗੀ ਲਾ ਦਿੱਤੀ ਅਤੇ ਦੂਜੇ ਪਾਸੇ ਕਾਂਗਰਸ ਇਸ ਨੂੰ ਖਤਮ ਕਰਨ 'ਤੇ ਲੱਗੀ ਹੋਈ ਹੈ। ਰਹੀ ਗੱਲ ਜਾਖੜ ਦੇ ਸੁਝਾਅ ਦੀ ਤਾਂ ਉਹ ਪਹਿਲਾਂ 1984 ਵੇਲੇ ਦੇ ਕਾਂਗਰਸ ਦੇ ਕਤਲੇਆਮ ਨੂੰ ਸ਼ਾਮਲ ਕਰਨ।
ਸਵਾਲ: ਬਤੌਰ ਫੂਡ ਪ੍ਰੋਸੈਸਿੰਗ ਮੰਤਰੀ ਤੁਹਾਡੀਆਂ ਚਾਰ ਸਾਲਾਂ ਅੰਦਰ ਕੋਈ ਚਾਰ ਵੱਡੀਆਂ ਪ੍ਰਾਪਤੀਆਂ ਕਿਹੜੀਆਂ ਹਨ?
ਜਵਾਬ: ਮੈਂ ਤਿੰਨ ਮੈਗਾ ਫੂਡ ਪਾਰਕ ਲੈ ਕੇ ਆਈ ਹਾਂ, ਜਿਸ ਦੀ ਸ਼ੁਰੂਆਤ ਬੜੀ ਮੁਸ਼ਕਲ ਨਾਲ ਫਾਜ਼ਿਲਕਾ ਤੋਂ ਕੀਤੀ ਗਈ, ਕਿਉਂਕਿ ਪੰਜਾਬ ਸਰਕਾਰ ਮੇਰਾ ਸਹਿਯੋਗ ਨਹੀਂ ਦੇ ਰਹੀ ਸੀ। ਉਸ ਤੋਂ ਬਾਅਦ ਲੁਧਿਆਣਾ ਅਤੇ ਕਪੂਰਥਲਾ ਵਿਚ ਫੂਡ ਪਾਰਕ ਬਣਾਇਆ ਗਿਆ। ਇਸ ਤੋਂ ਇਲਾਵਾ 10 ਨਵੀਆਂ ਕੋਲਡ ਚੇਨ ਬਣਾਈਆਂ ਗਈਆਂ। ਵੱਡੀ ਪ੍ਰਾਪਤੀ ਏਮਜ਼ ਵਰਗਾ ਹਸਪਤਾਲ ਹੈ, ਜਿਸ ਦਾ ਲਾਭ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਨੂੰ ਵੀ ਹੋਵੇਗਾ। ਬਠਿੰਡਾ ਅੰਦਰ ਆਈ. ਆਈ. ਐੱਫ. ਪੀ. ਟੀ. ਟ੍ਰੇਨਿੰਗ ਸੈਂਟਰ ਖੋਲ੍ਹਿਆ ਗਿਆ ਹੈ। ਇਸ ਤੋਂ ਇਲਾਵਾ ਮੈਂ ਬਾਸਮਤੀ ਦੇ ਵੱਡੇ ਕਾਰੋਬਾਰੀਆਂ ਨੂੰ ਵੀ ਪੰਜਾਬ ਦੇ ਕਿਸਾਨਾਂ ਨਾਲ ਮਿਲਵਾਇਆ ਹੈ। ਅੱਜ ਵੀ ਮੈਨੂੰ ਸੂਬਾ ਸਰਕਾਰ ਸਹਿਯੋਗ ਦੇਵੇ ਤਾਂ ਮੈਂ 20 ਹੋਰ ਨਵੀਆਂ ਇੰਡਸਟਰੀਆਂ ਪੰਜਾਬ ਵਿਚ ਲਿਆ ਸਕਦੀ ਹਾਂ।
ਜ਼ਿਆਦਾ ਪੜ੍ਹੇ ਮਨਪ੍ਰੀਤ ਨਹੀਂ ਜਾਣਦੇ ਕੇਂਦਰੀ ਸਕੀਮਾਂ
ਸ਼ੇਅਰੋ-ਸ਼ਾਇਰੀ ਕਰਨ ਵਾਲੇ ਮਨਪ੍ਰੀਤ ਬਾਦਲ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਬਹੁਤ ਸਾਰੀਆਂ ਉਪਰੋਕਤ ਮਨਜ਼ੂਰੀਆਂ ਉਨ੍ਹਾਂ ਦੀ ਹੀ ਸਰਕਾਰ ਨੇ ਦਿਵਾਉਣੀਆਂ ਹਨ। ਮੇਰੇ ਮੁਤਾਬਕ ਮਨਪ੍ਰੀਤ ਜ਼ਿਆਦਾ ਪੜ੍ਹ ਗਏ ਹਨ। ਇਸੇ ਕਰਕੇ ਪਾਰਟੀਆਂ ਜ਼ਿਆਦਾ ਬਦਲ ਰਹੇ ਹਨ ਅਤੇ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ। ਮੇਰੇ ਮੁਤਾਬਕ ਅਜਿਹਾ ਫੇਲ ਮੰਤਰੀ ਸੂਬੇ ਨੂੰ ਅੱਜ ਤਕ ਨਹੀਂ ਮਿਲਿਆ ਹੋਵੇਗਾ। ਮੈਂ ਮਨਪ੍ਰੀਤ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਘਰ-ਘਰ ਨੌਕਰੀ ਦੇ ਵਾਅਦੇ ਨੂੰ ਵੀ ਪੂਰਾ ਕਰੇਗਾ।
ਜਹਾਜ਼ਾਂ ਦੇ ਮਾਲਕ ਮੇਰੇ ਪੇਕਿਆਂ ਲਈ ਕਾਰ ਕੋਈ ਵੱਡੀ ਚੀਜ਼ ਨਹੀਂ
ਮਨਪ੍ਰੀਤ ਜੀ ਮੇਰੇ ਪੇਕਿਆਂ 'ਤੇ ਸਵਾਲ ਚੁੱਕਦੇ ਹਨ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਮਜੀਠੀਆ ਪਰਿਵਾਰ ਜਹਾਜ਼ਾਂ ਦਾ ਮਾਲਕ ਹੋਵੇ, ਉਨ੍ਹਾਂ ਲਈ ਕਾਰਾਂ ਦੇਣੀਆਂ ਕੋਈ ਵੱਡੀ ਗੱਲ ਨਹੀਂ ਹੈ। ਮੈਂ ਮਨਪ੍ਰੀਤ ਨੂੰ ਯਾਦ ਕਰਵਾਉਣਾ ਚਾਹੁੰਦੀ ਹਾਂ ਕਿ ਮੇਰੇ ਬਾਪ ਨੇ ਤਾਂ ਮੇਰੀ ਡੋਲੀ ਵੀ ਜਹਾਜ਼ 'ਤੇ ਚੰਡੀਗੜ੍ਹ ਭੇਜੀ ਸੀ, ਜਿਸ ਵਿਚ ਸ਼ਾਇਦ ਉਹ ਖੁਦ ਵੀ ਸਵਾਰ ਸਨ। ਸੋ ਜਿਹੜਾ ਬੰਦਾ ਸ਼ਹੀਦਾਂ ਦੀ ਸਹੁੰ ਖਾ ਕੇ ਝੂਠ ਮਾਰ ਸਕਦਾ ਹੈ, ਉਸ ਲਈ ਮੇਰੇ ਪਰਿਵਾਰ 'ਤੇ ਇਲਜ਼ਾਮ ਲਾਉਣਾ ਕੋਈ ਔਖੀ ਗੱਲ ਨਹੀਂ।
ਮਨਪ੍ਰੀਤ ਦਾ ਕਹਿਣਾ ਹੈ ਕਿ ਬੀਬੀ ਸੁਰਿੰਦਰ ਕੌਰ ਬਾਦਲ ਜੀ ਦੇ ਭੋਗ 'ਤੇ ਸ਼੍ਰੋਮਣੀ ਕਮੇਟੀ ਨੇ ਲੰਗਰ ਲਗਾਇਆ ਸੀ?
ਮਨਪ੍ਰੀਤ ਬਾਦਲ ਸਬੂਤ ਦੇਵੇ ਚੁੱਪ ਕਿਉਂ ਹੈ? ਉਹ ਸਿਰਫ ਗੰਦੀ ਅਤੇ ਗਿਰੀ ਰਾਜਨੀਤੀ ਕਰ ਸਕਦਾ ਹੈ। ਜਿਸ ਵਿਅਕਤੀ ਨੂੰ ਜ਼ਮੀਨ ਤੋਂ ਚੁੱਕ ਕੇ ਅਸਮਾਨ ਵਿਖਾਇਆ ਹੋਵੇ ਉਹ ਅੱਜ ਉਸੇ ਥਾਲੀ ਵਿਚ ਛੇਕ ਕਰੇ ਤਾਂ ਬੜੇ ਅਫਸੋਸ ਦੀ ਗੱਲ ਹੈ। ਮਨਪ੍ਰੀਤ ਉਸ ਤਾਏ ਦੇ ਢਿੱਡ ਵਿਚ ਲੱਤ ਮਾਰ ਰਿਹਾ ਹੈ ਜਿਸ ਨੇ ਆਪਣੇ ਪੁੱਤ ਨੂੰ ਪਿੱਛੇ ਰੱਖ ਕੇ ਉਸ ਨੂੰ ਅੱਗੇ ਕੀਤਾ ਸੀ ਤੇ ਅੱਜ ਉਸੇ ਤਾਏ ਦੇ ਪਰਿਵਾਰ ਨੂੰ ਭੰਡਿਆ ਜਾਵੇ ਤਾਂ ਇਹ ਨਮਕਹਰਾਮੀ ਵਾਲੀ ਗੱਲ ਹੋਵੇਗੀ। ਮਨਪ੍ਰੀਤ ਬਾਦਲ ਨੂੰ ਬਾਦਲ ਸ਼ਬਦ ਵੀ ਸਾਡੇ ਪਰਿਵਾਰ ਦੀ ਹੀ ਦੇਣ ਹੈ। ਵਰਨਾ ਉਸ ਨੂੰ ਜਾਣਦਾ ਕੌਣ ਸੀ। ਮਨਪ੍ਰੀਤ ਬਾਦਲ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੀ ਬੀ-ਟੀਮ ਰਿਹਾ ਹੈ। ਇਹ ਸ਼ੁਰੂ ਤੋਂ ਹੀ ਸੁਖਬੀਰ ਸਿੰਘ ਬਾਦਲ ਨਾਲ ਈਰਖਾ ਕਰਦਾ ਸੀ ਤੇ ਅੱਜ ਵੀ ਕਰ ਰਿਹਾ ਹੈ। ਵਿੱਤ ਮੰਤਰੀ 'ਚ ਕਾਬਲੀਅਤ ਤਾਂ ਕੋਈ ਹੈ ਨਹੀਂ ਪਰ ਮਸਕਾ ਜ਼ਰੂਰ ਚੰਗਾ ਲਗਾ ਲੈਂਦਾ ਹੈ ਤੇ ਮਸਕੇ ਸਦਕਾ ਹੀ ਅੱਜ ਕਾਂਗਰਸ ਦਾ ਵਿੱਤ ਮੰਤਰੀ ਬਣਿਆ ਹੈ।