''ਸੁਪਨਾ'' ਬਣ ਕੇ ਰਹਿ ਗਿਆ ਅਕਾਲੀ ਦਲ ਦਾ ਪ੍ਰੋਜੈਕਟ ''ਏਮਜ਼''

11/29/2017 4:20:16 AM

ਬਠਿੰਡਾ(ਬਲਵਿੰਦਰ)-ਸ਼੍ਰੋਮਣੀ ਅਕਾਲੀ ਦਲ ਦਾ ਡ੍ਰੀਮ ਪ੍ਰੋਜੈਕਟ 'ਏਮਜ਼' ਹੁਣ ਡ੍ਰੀਮ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਕ ਸਾਲ ਬੀਤਣ ਦੇ ਬਾਵਜੂਦ ਏਮਜ਼ ਦੀ ਉਸਾਰੀ ਵੀ ਸ਼ੁਰੂ ਨਹੀਂ ਹੋ ਸਕੀ। ਜਦਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਦਾ ਦੋਸ਼ ਕੈਪਟਨ ਸਰਕਾਰ 'ਤੇ ਲਾ ਰਹੇ ਹਨ ਕਿ ਸਰਕਾਰ ਲੋੜੀਂਦੀਆਂ ਮਨਜ਼ੂਰੀਆਂ ਨਹੀਂ ਦੇ ਰਹੀ। ਬੀਬੀ ਬਾਦਲ ਨੇ ਅੱਜ ਏਮਜ਼ ਸਾਈਟ ਦਾ ਦੌਰਾ ਵੀ ਕੀਤਾ ਤੇ ਉਸਾਰੀ ਦੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ 'ਤੇ ਬੈਠ ਜਾਣ ਤਾਂ ਕਿ ਨਿਕੰਮੀ ਕੈਪਟਨ ਸਰਕਾਰ ਕੋਈ ਕੰਮ ਕਰ ਲਵੇ।
ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਦੱਸਿਆ ਕਿ ਬਾਦਲ ਸਰਕਾਰ ਨੇ ਖੇਤਰੀ ਖੋਜ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ 175 ਏਕੜ ਜ਼ਮੀਨ ਏਮਜ਼ ਨੂੰ ਤਬਦੀਲ ਕਰ ਦਿੱਤੀ, ਜਦਕਿ ਉਸਾਰੀ ਲਈ ਕੇਂਦਰ ਸਰਕਾਰ ਤੋਂ 925 ਕਰੋੜ ਰੁਪਏ ਮਿਲਣ ਦਾ ਪ੍ਰਬੰਧ ਕੀਤਾ। ਏਮਜ਼ 7550 ਬੈੱਡ ਦਾ ਹਸਪਤਾਲ ਬਣਨਾ ਹੈ, ਜਿਸ ਵਿਚ 100 ਸੀਟਾਂ ਮੈਡੀਕਲ ਕਾਲਜ ਅਤੇ 60 ਸੀਟਾਂ ਨਰਸਿੰਗ ਕਾਲਜ ਵੀ ਬਣਨਾ ਹੈ ਪਰ ਖੇਡ ਵਿਭਾਗ ਦੀ 10 ਏਕੜ ਜ਼ਮੀਨ ਦਾ ਇਕ ਟੁਕੜਾ ਏਮਜ਼ ਨੂੰ ਤਬਦੀਲ ਨਹੀਂ ਹੋ ਸਕਿਆ, ਜਦਕਿ ਏਮਜ਼ ਸਾਈਟ 'ਚੋਂ ਲੰਘਦਾ ਇਕ ਖਾਲ ਵੀ ਨਹੀਂ ਬਦਲਿਆ ਗਿਆ। ਇਨ੍ਹਾਂ ਕੰਮਾਂ ਖਾਤਰ ਡੀ. ਸੀ. ਬਠਿੰਡਾ ਅਨੇਕਾਂ ਵਾਰ ਸਬੰਧਤ ਵਿਭਾਗਾਂ ਨੂੰ ਪੱਤਰ ਲਿਖ ਚੁੱਕੇ ਹਨ ਪਰ ਇਹ ਫਾਈਲਾਂ ਕੈਪਟਨ ਸਰਕਾਰ ਦੇ ਇਸ਼ਾਰੇ 'ਤੇ ਚੰਡੀਗੜ੍ਹ ਵਿਚ ਹੀ ਦੱਬੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕੈਪਟਨ ਸਰਕਾਰ ਨੂੰ ਪੱਤਰ ਵੀ ਲਿਖਣਗੇ ਕਿ ਲੋੜੀਂਦੀਆਂ ਮਨਜ਼ੂਰੀਆਂ ਦਿੱਤੀਆਂ ਜਾਣ ਤਾਂ ਕਿ 2019 ਤੱਕ ਘੱਟੋ-ਘੱਟ ਇੱਥੇ ਓ. ਪੀ. ਡੀ. ਸ਼ੁਰੂ ਹੋ ਸਕੇ। ਉਨ੍ਹਾਂ ਕਿਹਾ ਕਿ ਵੋਟਾਂ ਲੈਣ ਵੇਲੇ ਕਾਂਗਰਸ ਨੇ ਸੈਂਕੜੇ ਵਾਅਦੇ ਕੀਤੇ ਸਨ ਪਰ ਇਕ ਵੀ ਵਾਅਦਾ ਪੂਰਾ ਨਹੀਂ ਹੋ ਸਕਿਆ। ਜੇਕਰ ਕੋਈ ਅਧਿਕਾਰੀ 10 ਦਿਨ ਵੀ ਦਫ਼ਤਰ ਨਾ ਜਾਵੇ ਤਾਂ ਸਾਰਾ ਕੰਮ ਉਲਝ ਜਾਂਦਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 10 ਮਹੀਨਿਆਂ ਤੋਂ ਦਫ਼ਤਰ ਹੀ ਨਹੀਂ ਗਏ ਕਿਉਂਕਿ ਪੁੱਛਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਭਲੇ ਖਾਤਰ ਉਹ ਸੜਕਾਂ 'ਤੇ ਬੈਠ ਜਾਣ ਤਾਂ ਕਿ ਕੈਪਟਨ ਬੈਡਮਿੰਟਨ ਖੇਡਣਾ ਛੱਡ ਕੇ ਦਫ਼ਤਰ ਦਾ ਰਾਹ ਲੱਭ ਲੈਣ।
ਨਰਿੰਦਰ ਮੋਦੀ ਨੇ ਰੱਖਿਆ ਸੀ ਨੀਂਹ ਪੱਥਰ
ਜ਼ਿਕਰਯੋਗ ਹੈ ਕਿ 25 ਨਵੰਬਰ 2016 ਨੂੰ ਬਠਿੰਡਾ 'ਚ ਏਮਜ਼ (ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼) ਦਾ ਨੀਂਹ ਪੱਥਰ ਰੱਖਣ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਬਦ ਸਨ 'ਏਮਜ਼ ਦਾ ਨੀਂਹ ਪੱਥਰ ਮੈਂ ਰੱਖਿਆ, ਉਦਘਾਟਨ ਵੀ ਮੈਂ ਹੀ ਕਰਾਂਗਾ, ਜੋ ਕਿ ਕਰੀਬ ਢਾਈ ਸਾਲਾਂ 'ਚ ਬਣ ਕੇ ਪੂਰਾ ਹੋ ਜਾਵੇਗਾ।' ਹੁਣ ਕੁਝ ਸਵਾਲ ਹਵਾ 'ਚ ਤੈਰ ਰਹੇ ਹਨ ਕਿ ਜਿਸ ਪ੍ਰੋਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਤੋਂ ਰਖਵਾਇਆ ਗਿਆ, ਕੀ ਉਸ ਸਮੇਂ ਬਾਦਲ ਸਰਕਾਰ ਨੇ ਸਾਰੀਆਂ ਮਨਜ਼ੂਰੀਆਂ ਨਹੀਂ ਸਨ ਦਿੱਤੀਆਂ। ਜਿਹੜੇ ਦੋ ਕਾਰਨਾਂ ਸਦਕਾ ਹੁਣ ਤੱਕ ਉਸਾਰੀ ਸ਼ੁਰੂ ਨਹੀਂ ਹੋ ਸਕੀ, ਕੀ ਇਹ ਮਨਜ਼ੂਰੀਆਂ ਉਦੋਂ ਨਹੀਂ ਦਿੱਤੀਆਂ ਗਈਆਂ। ਜਾਂ ਫਿਰ ਇੰਝ ਕਿਹਾ ਜਾਵੇ ਕਿ ਉਦੋਂ ਵੋਟਾਂ ਦੀ ਕਾਹਲੀ 'ਚ ਸਿਰਫ ਏਮਜ਼ ਦਾ ਨੀਂਹ ਪੱਥਰ ਰਖਵਾਉਣ ਨੂੰ ਤਰਜੀਹ ਦਿੱਤੀ ਗਈ, ਉਸਾਰੀ ਨੂੰ ਨਹੀਂ। ਹੁਣ ਪਾਰਲੀਮੈਂਟ ਚੋਣਾਂ ਨੇੜੇ ਆ ਰਹੀਆਂ ਹਨ ਤੇ ਉਸਾਰੀ ਸ਼ੁਰੂ ਨਹੀਂ ਹੋ ਸਕੀ। ਇਸ ਲਈ ਅਕਾਲੀ ਦਲ ਨੂੰ ਹੱਥਾਂ ਪੈਰਾਂ ਦੀ ਪੈਣਾ ਸੁਭਾਵਿਕ ਹੈ। ਇਸ ਮੌਕੇ ਅਕਾਲੀ ਆਗੂ ਡਾ. ਓਮ ਪ੍ਰਕਾਸ਼ ਸ਼ਰਮਾ, ਰਾਜਦੀਪ ਸਿੰਘ, ਗੁਰਵਿੰਦਰ ਸਿੰਘ ਬਰਾੜ, ਅਨਮੋਲ ਸਿੰਘ ਤੇ ਹੋਰ ਅਕਾਲੀ ਮੌਜੂਦ ਸਨ।