ਹਰਸਿਮਰਤ ਬਾਦਲ ਵੱਲੋਂ ਸਾਹਿਬਜ਼ਾਦਿਆਂ ਦੀ ਯਾਦਗਾਰ ਮਨਾਉਣ ’ਤੇ PM ਮੋਦੀ ਦੀ ਸ਼ਲਾਘਾ, ਕੀਤੀ ਇਹ ਮੰਗ

12/17/2022 5:34:25 AM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੌਮੀ ਪੱਧਰ ’ਤੇ ਯਾਦ ਕਰਨ ਲਈ ਦਿਨ ਦਾ ਨਾਂ ਪੰਥਕ ਕਦਰਾਂ ਕੀਮਤਾਂ ਅਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਤੇ ਵਿਰਸੇ ਅਨੁਸਾਰ ਰੱਖਿਆ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੇ ਇਤਰਾਜ਼ ’ਤੇ ਗ਼ੌਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਸਿਫ਼ਾਰਿਸ਼ ਅਨੁਸਾਰ ਇਸ ਦਿਨ ਦਾ ਨਾਂ ’ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਿਆ ਜਾਵੇ, ਜੋ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਇਸ ਗੱਲੋਂ ਨਿੱਜੀ ਤੌਰ ’ਤੇ ਧੰਨਵਾਦ ਕੀਤਾ ਕਿ ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਵੱਲੋਂ ਧਾਰਮਿਕ ਅਸਹਿਣਸ਼ੀਲਤਾ ਤੇ ਕੱਟਣਪੁਣੇ ਖਿਲਾਫ ਦਿੱਤੀ ਸ਼ਹਾਦਤ ਨੂੰ ਕੌਮੀ ਪੱਧਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹਿਲਾਂ ਕੀਤੀ ਜਾ ਰਹੀ ਇਤਿਹਾਸਕ ਗ਼ਲਤੀ ਦਰੁੱਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਵੱਲੋਂ ਇਸ ਮਾਮਲੇ ਵਿਚ ਵਿਖਾਈ ਸੰਵੇਦਨਸ਼ੀਲਤਾ ਦਾ ਦਿਲੋਂ ਧੰਨਵਾਦ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਪੁਲਸ ਹੱਥ ਲੱਗੀ ਸਫ਼ਲਤਾ, ਟਿੰਮੀ ਚਾਵਲਾ-ਗੰਨਮੈਨ ਕਤਲਕਾਂਡ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਦਿਨ ਦਾ ਨਾਂ ਇਸ ਦੀ ਸੰਵੇਦਨਸ਼ੀਲਤਾ ਅਨੁਸਾਰ ਨਹੀਂ ਹੈ। ਉਨ੍ਹਾਂ ਲੋਕ ਸਭਾ ’ਚ ਇਸ ਮਾਮਲੇ ’ਤੇ ਬੋਲਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਪ੍ਰਧਾਨ ਮੰਤਰੀ ਦੇ ਇਸ ਉਦਾਰ ਕਦਮ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹੈ ਪਰ ਕੌਮ ਨੂੰ ‘ਵੀਰ ਬਾਲ ਦਿਵਸ’ ਨਾਂ ਸਹੀਂ ਲੱਗ ਰਿਹਾ ਕਿਉਂਕਿ ਉਹ ਕੋਈ ਆਮ ਬਾਲ ਜਾਂ ਬੱਚੇ ਨਹੀਂ ਸਨ। ਉਨ੍ਹਾਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਇਸ ਮਾਮਲੇ ’ਚ ਸਰਕਾਰ ਦੇ ਮਨਸ਼ੇ ਉਸਾਰੂ ਤੇ ਪਵਿੱਤਰ ਹਨ ਪਰ ਇਸ ਲਈ ਇਸ ਦਿਹਾੜੇ ਦਾ ਨਾਂ ਬਦਲਣ ’ਚ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਤੇ ਇਸ ਦਾ ਨਾਂ ਸਿੱਖ ਕੌਮ ਦੀ ਤਸੱਲੀ ਅਨੁਸਾਰ ਰੱਖ ਲਿਆ ਜਾਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ : ਲਤੀਫਪੁਰਾ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਜਾਣੋ ਕੀ ਕਿਹਾ

Manoj

This news is Content Editor Manoj