ਸਾਹ ਲੈਣ ’ਚ ਤਕਲੀਫ਼ ਕਾਰਣ ਹਰਸਿਮਰਤ ਬਾਦਲ PGI ’ਚ ਦਾਖਲ

12/06/2020 12:23:42 AM

ਚੰਡੀਗੜ੍ਹ, (ਪਾਲ)- ਬਠਿੰਡਾ ਤੋਂ ਐੱਮ. ਪੀ. ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸ਼ਨੀਵਾਰ ਨੂੰ ਪੀ. ਜੀ. ਆਈ. ਵਿਚ ਦਾਖਲ ਕੀਤਾ ਗਿਆ। ਦੇਰ ਸ਼ਾਮ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ, ਜਿਸ ਕਾਰਣ ਉਨ੍ਹਾਂ ਨੂੰ ਦਾਖਲ ਕੀਤਾ ਗਿਆ ਹੈ। ਪੀ. ਜੀ. ਆਈ. ਡਾਕਟਰਾਂ ਮੁਤਾਬਿਕ ਉਨ੍ਹਾਂ ਦੀ ਤਬੀਅਤ ਠੀਕ ਹੈ। ਉਨ੍ਹਾਂ ਦੀ ਲਗਾਤਾਰ ਦੇਖ-ਰੇਖ ਕੀਤੀ ਜਾ ਰਹੀ ਹੈ। ਐਮਰਜੈਂਸੀ ਵਾਰਡ ਵਿਚ ਉਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ।

ਜ਼ਿਕਰਯੋਗ ਹੈ ਕਿ ਹਰਸਿਮਰਤ ਬਾਦਲ ਮੋਦੀ ਸਰਕਾਰ 'ਚ ਮੰਤਰੀ ਰਹਿ ਚੁਕੀ ਹੈ। ਉਹ ਕੇਂਦਰੀ ਖੁਰਾਕ ਅਤੇ ਪ੍ਰੋਸੈਸਿੰਗ ਮੰਤਰੀ ਸੀ। ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮੋਦੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਕੇਂਦਰ ਦੇ ਨਵੇਂ ਕਾਨੂੰਨਾਂ ਨੂੰ ਕਿਸਾਨਾਂ ਦੇ ਨਾਲ ਵੱਡਾ ਧੋਖਾ ਦੱਸਿਆ ਸੀ। ਇੰਨਾ ਹੀ ਨਹੀਂ ਸੁਖਬੀਰ ਬਾਦਲ ਨੇ ਅਕਾਲੀ ਦਲ ਐਨ. ਡੀ. ਏ. ਤੋਂ ਵੱਖ ਹੋਣ ਦਾ ਐਲਾਨ ਕਰਦੇ ਹੋਏ ਪੰਜਾਬ ਦੀਆਂ ਚੋਣਾਂ 'ਚ ਇੱਕਲੇ ਲੜਨ ਦੀ ਗੱਲ ਕਹੀ ਸੀ।

ਉਥੇ ਹੀ ਹਾਲ ਹੀ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਆਪਣਾ ਪਦਮ ਵਿਭੂਸ਼ਣ ਐਵਾਰਡ ਵੀ ਵਾਪਸ ਕਰ ਦਿੱਤਾ।ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਰੀਬ 3 ਪੇਜ਼ ਦੀ ਚਿੱਠੀ ਲਿਖਦੇ ਹੋਏ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ, ਕਿਸਾਨਾਂ 'ਤੇ ਕਾਰਵਾਈ ਦੀ ਨਿੰਦਾ ਕੀਤੀ ਅਤੇ ਇਸ ਦੇ ਨਾਲ ਆਪਣਾ ਸਨਮਾਨ ਵਾਪਸ ਦਿੱਤਾ।

Bharat Thapa

This news is Content Editor Bharat Thapa