ਜਾਤ-ਪਾਤ ਤੋਂ ਉੱਪਰ ਉਠ ਕੇ ਸਾਰੇ ਧਰਮਾਂ ਦਾ ਸਤਿਕਾਰ ਕਰੋ : ਹਰਸਿਮਰਤ ਬਾਦਲ

06/10/2018 4:14:11 AM

ਬਰੇਟਾ(ਸਿੰਗਲਾ)-ਸਾਨੂੰ ਜਾਤ-ਪਾਤ ਤੋਂ ਉਪਰ ਉੱਠ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਧਰਮ 'ਚ ਜਾਤ-ਪਾਤ ਦੀ ਕੋਈ ਥਾਂ ਨਹੀਂ ਹੁੰਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਬਰੇਟਾ ਵਿਖੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਦਿ ਧਰਮ ਸਮਾਜ (ਆਧਸ) ਭਾਰਤ ਬਰੇਟਾ ਵੱਲੋਂ ਡਾ. ਅੰਬੇਡਕਰ ਸਾਹਿਬ ਦੇ 127ਵੇਂ ਜਨਮ ਦਿਨ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰ ਵਰਗ ਹਰ ਜਾਤ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦਾ ਹੈ ਅਤੇ ਸਭ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਗਰੀਬਾਂ ਲਈ ਆਟਾ-ਦਾਲ, 200 ਯੂਨਿਟ ਬਿਜਲੀ ਮੁਆਫ, ਸ਼ਗਨ ਸਕੀਮ ਅਤੇ ਮੁਫਤ ਇਲਾਜ ਵਰਗੀਆਂ ਅਨੇਕਾਂ ਸਹੂਲਤਾਂ ਦਿੱਤੀਆਂ ਹਨ। ਇਸ ਮੌਕੇ ਆਧਸ ਵੱਲੋਂ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ 4 ਪਿੰਡਾਂ ਦੇ ਸਕੂਲਾਂ ਅਤੇ ਧਰਮਸ਼ਾਲਾ ਲਈ ਲਗਭਗ 8 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ। ਇਸ ਸਮੇਂ ਆਦਿ ਧਰਮ ਸਾਮਜ ਵੱਲੋਂ ਦਿੱਤੇ ਮੰਗ-ਪੱਤਰ 'ਤੇ ਵਿਚਾਰ ਕਰ ਕੇ ਵੱਧ ਤੋਂ ਵੱਧ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਕੇਂਦਰੀ ਮੰਤਰੀ ਵੱਲੋਂ ਇਸ ਸਮਾਜ ਦੇ ਆਗੂਆਂ ਨੂੰ ਸਿਰੋਪਾਓ ਭੇਟ ਕੀਤੇ ਗਏ ਅਤੇ ਸਮਾਜ ਦੇ ਜ਼ਿਲਾ ਪ੍ਰਧਾਨ ਦੀਪ ਸਿੰਘ ਚੌਹਾਨ ਅਤੇ ਰਿਸ਼ੀਪਾਲ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਉਪਰੰਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ਼ਹਿਰੀ ਪ੍ਰਧਾਨ ਬਿੰਦਰ ਸਸ਼ਪਾਲੀ ਦੇ ਦਫਤਰ ਵਿਖੇ ਪੁੱਜੇ ਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਬੇਸਹਾਰਾ ਗਊਸ਼ਾਲਾ ਦੇ ਬਾਬੂ ਰਾਮ ਤੇ ਹੋਰਨਾਂ ਵੱਲੋਂ ਪਿਛਲੇ ਸਮੇਂ ਉਨ੍ਹਾਂ ਵੱਲੋਂ ਦਿੱਤੀ 10 ਲੱਖ ਦੀ ਗ੍ਰਾਂਟ ਦਾ ਸਹੀ ਇਸਤੇਮਾਲ ਨਾ ਹੋਣ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਜ਼ਿਲਾ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ, ਹਲਕਾ ਸੇਵਾਦਾਰ ਨਿਸ਼ਾਨ ਸਿੰਘ, ਬਿੰਦਰ ਸਸ਼ਪਾਲੀ, ਵਿਕਾਸ ਗੋਇਲ ਮਾਹਸ਼ਾ, ਬਲਦੇਵ ਸਿਰਸੀਵਾਲਾ, ਅਜੈਬ ਖੁਡਾਲ, ਆਸ਼ਾ ਰਾਣੀ, ਕੁਲਵੀਰ ਕੌਰ ਸਾਬਕਾ ਸਾਬਕਾ ਸਰਪੰਚ ਰੰਘੜਿਆਲ, ਹਰੀਸ਼ ਕੁਮਾਰ, ਸਿਕੰਦਰ ਸਿੰਘ ਜੈਲਦਾਰ, ਸੁਮੇਸ਼ ਬਾਲੀ, ਕਾਲਾ ਜਵੰਧਾ, ਅਜੈਬ ਸਿੰਘ ਖੁਡਾਲ, ਗਗਨਦੀਪ ਗੱਗੀ, ਰਾਮ ਲਾਲ ਰਾਮਾਂ ਹਾਜ਼ਰ ਸਨ। ਇਸ ਸਮੇਂ ਉਨ੍ਹਾਂ ਜੁਗਲਾਣ ਦੇ ਨੌਜਵਾਨ ਰੇਸ਼ਮ ਸਿੰਘ ਅਤੇ ਪਿੰਡ ਗੋਬਿੰਦਪੁਰਾ ਦੇ ਸਾਬਕਾ ਸਰਪੰਚ ਲਾਭ ਸਿੰਘ ਦੇ ਭਰਾ ਕੇਵਲ ਸਿੰਘ ਦੇ ਦਿਹਾਂਤ 'ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।