ਹਰਸਿਮਰਤ ਬਾਦਲ ਦੀ ਜਨਸਭਾ ਨੂੰ ਲੈ ਕੇ ਮੰਡੀ ਕਲਾਂ ''ਚ ਤਣਾਅ, ਭਾਰੀ ਗਿਣਤੀ ''ਚ ਪੁਲਸ ਤਾਇਨਾਤ

05/11/2019 9:35:03 PM

 ਬਠਿੰਡਾ/ਬਾਲਿਆਂਵਾਲੀ,(ਵਿਜੇ/ਸ਼ੇਖਰ): ਸਿੱਖ ਸੰਗਠਨਾਂ ਦੇ ਵਿਰੋਧ ਦੇ ਚੱਲਦੇ ਅਕਾਲੀ ਦਲ ਵਲੋਂ ਮੰਡੀ ਕਲਾਂ 'ਚ ਰੱਖੀ ਗਈ ਜਨਸਭਾ ਨੂੰ ਅੱਜ ਜਿਥੇ ਰੱਦ ਕਰਨਾ ਪਿਆ ਉਥੇ ਹੀ ਅਕਾਲੀ ਆਗੂ ਤੇ ਸਾਬਕਾ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਨੂੰ ਲੈ ਕੇ ਧਰਨੇ 'ਤੇ ਬੈਠ ਗਈ। ਜਿਸ ਦੌਰਾਨ ਮੰਡੀ ਕਲਾਂ 'ਚ ਤਣਾਅ ਪੈਦਾ ਹੋ ਗਿਆ। ਸ਼ੁੱਕਰਵਾਰ ਨੂੰ ਸਿੱਖ ਸੰਗਠਨਾਂ ਤੇ ਕਿਸਾਨ ਯੂਨੀਅਨ ਨੇ ਮਿਲ ਕੇ ਰੋਸ ਮਾਰਚ ਕੱਢਿਆ ਸੀ ਤੇ ਇਸ ਦੌਰਾਨ ਚੇਤਾਵਨੀ ਦਿੱਤੀ ਸੀ ਕਿ ਅਕਾਲੀ ਦਲ ਨੂੰ ਪਿੰਡ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ, ਜਦ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਜਿਸ ਦੇ ਚੱਲਦੇ ਸ਼ਨੀਵਾਰ ਨੂੰ ਸਿੱਖ ਸੰਗਠਨ ਤੇ ਕਿਸਾਨ ਯੂਨੀਅਨ ਨੇ ਮਿਲ ਕੇ ਜਨਸਭਾ ਸਥਾਨ ਧਰਮਸ਼ਾਲਾ ਨੂੰ ਤਾਲਾ ਲਗਾ ਦਿੱਤਾ ਤੇ ਕਾਲੀਆਂ ਝੰਡੀਆਂ ਲੈ ਕੇ ਵਾਹਿਗੁਰੂ ਦਾ ਜਾਪ ਕਰਨ ਲੱਗੇ। 

ਜਿਵੇਂ ਹੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਾਫਿਲਾ ਪਿੰਡ ਵੱਲ ਆਉਣ ਲੱਗਾਂ ਤਾਂ ਵਿਰੋਧੀ ਸੰਗਠਨਾਂ ਨੇ ਅਕਾਲੀ ਦਲ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਤਣਾਅਪੂਰਣ ਮਾਹੌਲ ਨੂੰ ਦੇਖਦੇ ਹੋਏ ਭਾਰੀ ਗਿਣਤੀ 'ਚ ਪੁਲਸ ਤੇ ਕਮਾਂਡੋ ਨੂੰ ਤਾਇਨਾਤ ਕੀਤਾ ਗਿਆ ਤੇ ਅਕਾਲੀ ਦਲ ਦੇ ਕਾਫਿਲੇ ਨੂੰ ਰਸਤੇ 'ਚ ਹੀ ਰੋਕ ਦਿੱਤਾ ਗਿਆ। ਜਿਸ ਦੌਰਾਨ ਰੋਸ ਦੇ ਚੱਲਦੇ ਬੀਬੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਤੇ 20 ਪਿੰਡਾਂ ਦੇ ਅਕਾਲੀ ਕਾਰਜਕਰਤਾਵਾਂ ਨਾਲ ਮੌੜ-ਰਾਮਪੂਰਾ ਸੜਕ 'ਤੇ ਧਰਨੇ 'ਤੇ ਬੈਠ ਗਈ।

ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਉਨ੍ਹਾਂ ਦੀਆਂ ਜਨਸਭਾਵਾਂ ਨੂੰ ਰੋਕਿਆ ਜਾ ਰਿਹਾ ਹੈ। ਪੰਜਾਬ ਸਰਕਾਰ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ ਤੇ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਿਕ ਹੱਕ ਵੀ ਨਹੀਂ ਦੇ ਰਹੀ ਹੈ। ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਉਹ ਜ਼ਿਲਾ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਜਨਸਭਾ ਕਰਨ ਆਏ ਸਨ ਪਰ ਪੁਲਸ ਨੇ ਵੀ ਉਨ੍ਹਾਂ 'ਤੇ ਨਾ ਜਾਣ ਲਈ ਦਬਾਅ ਬਣਾਇਆ।ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਸ ਸਰਕਾਰ ਦੇ ਇਸ਼ਾਰੇ 'ਤੇ ਅਕਾਲੀ ਦਲ ਦੇ ਸਾਰੇ ਪ੍ਰੋਗਰਾਮਾਂ ਨੂੰ ਬੰਦ ਕਰ ਰਹੀ ਹੈ। ਮੌਕੇ 'ਤੇ ਪਹੁੰਚੇ ਐਸ. ਐਸ. ਪੀ. ਡਾ. ਨਾਨਕ ਸਿੰਘ ਸਮੇਤ ਉਚ ਪੁਲਸ ਅਧਿਕਾਰੀਆਂ ਨੇ ਦੋਵਾਂ ਪੱਖਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਜਿਸ ਉਪਰੰਤ ਅਕਾਲੀ ਦਲ ਨੇ ਮੋਰ ਹਲਕੇ 'ਚ ਲਗਾਏ ਧਰਨੇ ਨੂੰ ਖਤਮ ਕਰ ਦਿੱਤਾ।