ਪੰਜਾਬ ਸਰਕਾਰ ਨੇ ਏਮਜ਼ ਬਠਿੰਡਾ ਦੇ ਸ਼ੁਰੂ ਹੋਣ ''ਚ ਇਕ ਹੋਰ ਅੜਿੱਕਾ ਪਾਇਆ : ਹਰਸਿਮਰਤ

09/20/2019 11:33:11 PM

ਚੰਡੀਗੜ੍ਹ,(ਅਸ਼ਵਨੀ): ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਏਮਜ਼ ਬਠਿੰਡਾ ਪ੍ਰਾਜੈਕਟ ਦੇ ਮੁਕੰਮਲ ਹੋਣ 'ਚ ਇਕ ਤੋਂ ਬਾਅਦ ਇਕ ਅੜਿੱਕਾ ਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕੈਪਟਨ ਸਰਕਾਰ ਇਸ ਸੰਸਥਾਨ ਨੂੰ ਬਿਜਲੀ ਦੀ ਸਪਲਾਈ ਦੇਣ 'ਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ। ਉਨ੍ਹਾਂ ਨੂੰ ਇਸ ਦਾ ਪਤਾ ਕੇਂਦਰੀ ਸਿਹਤ ਮੰਤਰਾਲੇ ਦੀ ਸੂਬੇ ਦੇ ਮੁੱਖ ਸਕੱਤਰ ਨਾਲ ਹੋਈ ਤਾਜ਼ਾ ਗੱਲਬਾਤ ਤੋਂ ਚੱਲਿਆ ਹੈ। ਸੂਬਾ ਸਰਕਾਰ ਦੀਆਂ ਵਾਰ-ਵਾਰ ਇਸ ਪ੍ਰਾਜੈਕਟ ਨੂੰ ਠੱਪ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕਰਦਿਆਂ ਹਰਸਿਮਰਤ ਨੇ ਇਸ ਵੱਕਾਰੀ ਸਿਹਤ ਸੰਸਥਾਨ ਦਾ ਉਦਘਾਟਨ ਰੋਕਣ ਲਈ ਕੈਪਟਨ ਸਰਕਾਰ ਨੂੰ ਤਿੱਖੀ ਫਟਕਾਰ ਲਾਈ। ਉਨ੍ਹਾਂ ਮੁੱਖ ਮੰਤਰੀ ਨੂੰ ਸੂਬੇ ਤੇ ਇਸ ਦੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਦੀ ਅਪੀਲ ਕੀਤੀ ਤੇ ਰਾਸ਼ਟਰੀ ਹਿੱਤ ਵਾਲੇ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਸਬੰਧੀ ਸੂਬਾ ਸਰਕਾਰ ਦੇ ਬਣਦੇ ਫਰਜ਼ਾਂ ਨੂੰ ਸੁਹਿਰਦਤਾ ਨਾਲ ਨਿਭਾਉਣ ਲਈ ਆਖਿਆ।

ਦੱਸਣਯੋਗ ਹੈ ਕਿ ਏਮਜ਼ ਬਠਿੰਡਾ 'ਚ ਐੱਮ. ਬੀ. ਬੀ. ਐੱਸ. ਦੇ ਪਹਿਲੇ ਬੈਚ ਦੀਆਂ ਕਲਾਸਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੇ ਆਰਜ਼ੀ ਕੈਂਪਸ ਵਿਚ ਸ਼ੁਰੂ ਹੋ ਚੁੱਕੀਆਂ ਹਨ। ਇਸ ਸੰਸਥਾਨ ਦੀ ਮੈਨੇਜਮੈਂਟ ਇਸ ਮਹੀਨੇ ਦੇ ਅਖੀਰ ਤਕ ਇਥੇ ਓ. ਪੀ. ਡੀ. ਦੀ ਸਹੂਲਤ ਸ਼ੁਰੂ ਕਰਨਾ ਚਾਹੁੰਦੀ ਹੈ ਪਰ ਬਿਜਲੀ ਦਾ ਕੁਨੈਕਸ਼ਨ ਨਾ ਹੋਣ ਕਰ ਕੇ ਓ. ਪੀ. ਡੀ. ਚਾਲੂ ਕਰਨ ਵਿਚ ਬੇਲੋੜੀ ਦੇਰੀ ਹੋ ਰਹੀ ਹੈ।