ਹਰਪ੍ਰੀਤ ਨੇ ਅੰਗੂਠਿਆਂ ਭਾਰ ਇਕ ਮਿੰਟ ''ਚ 59 ਡੰਡ ਬੈਠਕਾਂ ਕੱਢ ਕੇ ਪਾਕਿਸਤਾਨ ਦੇ ਰਿਕਾਰਡ ਨੂੰ ਤੋੜਿਆ

07/27/2017 7:48:57 AM

ਜਲੰਧਰ, (ਧਵਨ)— ਹਰਪ੍ਰੀਤ ਸਿੰਘ ਉਰਫ ਵਿੱਕੀ ਦਿਓਲ ਪੁੱਤਰ ਹਰਮਿੰਦਰ ਸਿੰਘ ਦਿਓਲ ਵਾਸੀ ਸੁਲਤਾਨਪੁਰ ਲੋਧੀ ਨੇ ਦੋਵਾਂ ਹੱਥਾਂ ਦੇ ਅੰਗੂਠਿਆਂ ਦੇ ਭਾਰ ਇਕ ਮਿੰਟ ਵਿਚ 59 ਡੰਡ ਬੈਠਕਾਂ ਕੱਢਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਉਨ੍ਹਾਂ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਹੋ ਚੁੱਕਾ ਹੈ। ਏਸ਼ੀਆ ਬੁੱਕ ਆਫ ਰਿਕਾਰਡ ਵਿਚ ਵੀ ਉਨ੍ਹਾਂ ਦਾ ਨਾਂ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ 16 ਅਪ੍ਰੈਲ 2017 ਨੂੰ ਉਨ੍ਹਾਂ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਹੋ ਗਿਆ ਸੀ। ਹਰਪ੍ਰੀਤ ਉਰਫ ਵਿੱਕੀ ਨੇ ਕਿਹਾ ਕਿ ਹੁਣ ਉਹ ਆਪਣਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕਰਵਾਉਣ ਲਈ ਜਲਦੀ ਹੀ ਇੰਗਲੈਂਡ ਦੌਰੇ 'ਤੇ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਫਾਈਲ ਤੇ ਵੀਡੀਓ ਬਣਾ ਕੇ ਪਹਿਲਾਂ ਹੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਦਫਤਰ ਵਿਚ ਭੇਜ ਦਿੱਤੀ ਹੈ ਤੇ ਹੁਣ ਉਥੇ ਉਹ ਪ੍ਰੈਕਟੀਕਲ ਕਰ ਕੇ ਦਿਖਾਉਣਾ ਚਾਹੁੰਦੇ ਹਨ।
31 ਸਾਲਾ ਹਰਪ੍ਰੀਤ ਨੇ ਕਿਹਾ ਕਿ ਉਹ ਪਿਛਲੇ 27 ਸਾਲਾਂ ਤੋਂ ਡੰਡ ਬੈਠਕਾਂ ਕੱਢਣ ਦੀ ਪ੍ਰੈਕਟਿਸ ਕਰ ਰਿਹਾ ਹੈ ਤੇ ਹੁਣ ਉਹ ਇਸ ਮੁਕਾਮ ਤੱਕ ਪਹੁੰਚ ਗਿਆ ਹੈ ਕਿ ਇਕ ਮਿੰਟ ਵਿਚ ਦੋਵੇਂ ਅੰਗੂਠਿਆਂ ਦੇ ਭਾਰ 59 ਡੰਡ ਬੈਠਕਾਂ ਕੱਢ ਸਕਦਾ ਹੈ। ਉਸਨੇ ਇਕ ਦੂਜਾ ਰਿਕਾਰਡ ਵੀ ਬਣਾ ਲਿਆ ਹੈ, ਜਿਸ ਨੂੰ ਉਹ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਦਫਤਰ ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਦੂਜੇ ਰਿਕਾਰਡ ਦੇ ਤਹਿਤ ਉਹ ਇਕ ਲੱਤ ਦੇ ਸਹਾਰੇ ਦੋਵਾਂ  ਅੰਗੂਠਿਆਂ ਦੇ ਭਾਰ ਇਕ ਮਿੰਟ ਵਿਚ 50 ਬੈਠਕਾਂ ਕੱਢ ਸਕਦਾ ਹੈ। ਹਰਪ੍ਰੀਤ ਨੇ ਕਿਹਾ ਕਿ ਉਹ ਕਰਾਟੇ ਵਿਚ ਵੀ ਬਲੈਕ ਬੈਲਟ ਹੈ ਤੇ ਉਨ੍ਹਾਂ ਦਾ ਭਾਰ 62 ਕਿਲੋ ਹੈ। ਆਪਣੇ ਭਾਰ ਨੂੰ ਉਨ੍ਹਾਂ ਪੂਰੀ ਤਰ੍ਹਾਂ ਕਾਬੂ ਕੀਤਾ ਹੈ, ਜਿਸ ਕਾਰਨ ਹੀ ਅੰਗੂਠਿਆਂ ਦੇ ਭਾਰ ਡੰਡ ਬੈਠਕਾਂ ਕੱਢਣੀਆਂ ਸੰਭਵ ਹੋ ਸਕੀਆਂ ਹਨ।