ਮਜੀਠੀਆ ''ਤੇ ਪਲਟਵਾਰ ਕਰਦਿਆਂ ਹਰਪਾਲ ਚੀਮਾ ਨੇ ਖੋਲ੍ਹੀ ਪੋਲ

08/10/2019 8:45:12 AM

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਬਕਾ ਅਕਾਲੀ ਮੰਤਰੀ ਅਤੇ ਬਾਦਲ ਪਰਿਵਾਰ ਦੇ ਮੈਂਬਰ ਬਿਕਰਮ ਸਿੰਘ ਮਜੀਠੀਆ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਬਾਦਲ ਅਤੇ ਸ਼ਾਹੀ ਪਰਿਵਾਰ ਦਾ ਗੱਠਜੋੜ ਅਤੇ 'ਚਾਚੇ' ਦੀਆਂ 'ਭਤੀਜੇ' 'ਤੇ ਮਿਹਰਬਾਨੀਆਂ ਬਾਰੇ ਸਾਰਾ ਪੰਜਾਬ ਜਾਣਦਾ ਹੈ। 'ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ' ਕਹਾਵਤ ਦਾ ਹਵਾਲਾ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਪੰਜਾਬ 'ਚ ਕਾਂਗਰਸ ਦੀ ਥਾਂ 'ਆਪ' ਦੀ ਸਰਕਾਰ ਹੁੰਦੀ ਤਾਂ ਬਿਕਰਮ ਸਿੰਘ ਮਜੀਠੀਆ ਸਮੇਤ ਸੁਖਬੀਰ ਸਿੰਘ ਬਾਦਲ ਅਤੇ ਹੋਰ ਕਈ ਅਕਾਲੀ ਆਗੂ ਸਲਾਖਾ ਪਿੱਛੇ ਹੁੰਦੇ। ਇਸ ਲਈ ਮਜੀਠੀਆ ਨੂੰ ਕਿਸੇ 'ਤੇ ਉਂਗਲ ਉਠਾਉਣ ਦਾ ਕੋਈ ਅਧਿਕਾਰੀ ਨਹੀਂ ਰਹਿ ਜਾਂਦਾ।

'ਆਪ' ਹੈਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਕਰਮ ਮਜੀਠੀਆ ਸਪੱਸ਼ਟ ਕਰਨ ਕਿ ਹਰੀਕੇ ਪੱਤਣ ਹਾਈਵੇ ਕੇਸ 'ਚ ਕੀ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਲੋੜੀਂਦੀ? ਜੇਕਰ 'ਚਾਚਾ' ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਨਾ ਹੋਵੇ ਤਾਂ ਕੀ ਪੰਜਾਬ ਪੁਲਸਿ ਉਨ੍ਹਾਂ ਨੂੰ ਇਸ ਤਰ੍ਹਾਂ ਖੁੱਲਾ ਘੁੰਮਣ ਦਿੰਦੀ? ਜਦਕਿ ਆਮ ਆਦਮੀ ਦਾ 7/51 ਦੇ ਨਿੱਕੇ-ਮੋਟੇ ਕੇਸਾਂ 'ਚ ਹੀ ਜਿਉਣਾ ਦੁੱਭਰ ਕਰ ਦਿੱਤਾ ਜਾਂਦਾ ਹੈ।
ਕੀ ਬਿਕਰਮ ਸਿੰਘ ਮਜੀਠੀਆ ਸਪੱਸ਼ਟ ਕਰਨਗੇ ਡਰੱਗ ਤਸ਼ਕਰੀ ਦੇ ਦੋਸ਼ਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ (ਮਜੀਠੀਆ) ਖਿਲਾਫ ਤੱਤਕਾਲੀ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਰਾਹੀਂ ਸੀਬੀਆਈ ਦੀ ਜਾਂਚ ਹੋਣ ਤੋਂ ਨਹੀਂ ਰੋਕੀ ਸੀ? ਜਦਕਿ ਤੱਤਕਾਲੀ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਪ੍ਰਦੇਸ਼ ਕਾਂਗਰਸ ਜਗਦੀਸ਼ ਭੋਲਾ ਦੇ ਖੁਲਾਸਿਆਂ ਨੂੰ ਲੈ ਕੇ ਸੀਬੀਆਈ ਜਾਂਚ ਦੀ ਮੰਗ ਕਰ ਰਹੀ ਸੀ? ਕੀ ਇਹ 'ਚਾਚਾ-ਭਤੀਜਾ' ਗਠਜੋੜ ਨਹੀਂ?
ਹਰਪਾਲ ਸਿੰਘ ਚੀਮਾ ਨੇ ਨਾ ਸਿਰਫ ਬਿਕਰਮ ਮਜੀਠੀਆ, ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਦਿਆਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਅਤੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਦੌਰਾਨ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਬਾਦਲਾਂ ਅਤੇ ਕੈਪਟਨ ਦੇ 'ਫਰੈਂਡਲੀ ਮੈਚ' ਬਾਰੇ ਜੋ ਪੋਲ ਖੋਲੀ ਸੀ ਉਹ ਝੂਠ ਹੈ? ਕੀ ਮਜੀਠੀਆ ਦੱਸਣਗੇ ਕਿ ਜੇਕਰ ਕੈਪਟਨ ਦੀ ਬਾਦਲ ਪਰਿਵਾਰ 'ਤੇ ਮਿਹਰਬਾਨੀ ਨਾ ਹੁੰਦੀ ਤਾਂ ਪਿਛਲੇ ਢਾਈ ਸਾਲਾਂ ਦੌਰਾਨ ਬਾਦਲ ਪਰਿਵਾਰ ਦਾ ਟਰਾਂਸਪੋਰਟ ਮਾਫੀਆ ਇੰਜ ਹੀ ਚਲਦਾ ਰਹਿੰਦਾ ਅਤੇ ਬਾਦਲ-ਮਜੀਠੀਆ ਪਰਿਵਾਰ ਦਾ ਟਰਾਂਸਪੋਰਟ ਕਾਰੋਬਾਰ ਕਈ ਗੁਣਾ ਹੋਰ ਪ੍ਰਫੂਲਤ ਹੋ ਜਾਂਦਾ ਹੈ?

Babita

This news is Content Editor Babita