ਹਰਪਾਲ ਚੀਮਾ ਵੱਲੋਂ ਅਕਾਲ ਡਿਗਰੀ ਕਾਲਜ ਮਾਮਲੇ ’ਚ ਵਿਜੀਲੈਂਸ ਨੂੰ ਪਰਚਾ ਦਰਜ ਕਰਨ ਦੀ ਮੰਗ

11/15/2021 10:48:29 PM

ਸੰਗਰੂਰ(ਵਿਜੈ ਕੁਮਾਰ ਸਿੰਗਲਾ)- ‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਥਾਨਕ ਅਕਾਲ ਡਿਗਰੀ ਕਾਲਜ ਫਾਰ ਵੂਮੈਨ ’ਚ ਚੱਲ ਰਹੀ ਵਿੱਤੀ ਗੜਬੜੀ ਤੇ ਕਾਗਜ਼ਾਂ ’ਚ ਹੇਰਾਫੇਰੀ ਦੇ ਫੜੇ ਜਾਣ ’ਤੇ ਵਿਜੀਲੈਂਸ ਵਿਭਾਗ ਨੂੰ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਅੱਜ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾ ਕਿ 1970 ਤੋਂ ਸਰਕਾਰੀ ਗ੍ਰਾਂਟਾਂ ’ਤੇ ਚੱਲ ਰਹੇ ਅਕਾਲ ਡਿਗਰੀ ਕਾਲਜ ਵਲੋਂ ਕਾਲਜ ਨੂੰ ਘਾਟੇ ਤੇ ਵਿੱਤੀ ਬੋਝ ਦਾ ਹਵਾਲਾ ਦੇ ਕੇ ਬੀ. ਏ. ਦਾ ਕੋਰਸ ਬੰਦ ਕਰਨ ਦੀ ਗੱਲ ਕੀਤੀ ਗਈ ਤਾਂ ਇਸ ਦਾ ਸ਼ਹਿਰ ਵਾਸੀਆਂ ਵਲੋਂ ਜ਼ੋਰ-ਸ਼ੋਰ ਨਾਲ ਵਿਰੋਧ ਕੀਤਾ ਗਿਆ। ਲੋਕਾਂ ਦੇ ਯਤਨਾਂ ਸਦਕਾ ਕਾਲਜ ਵੱਲੋਂ ਹੋਈ ਫੰਡ ਦੀ ਦੁਰਵਰਤੋਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਹੋਇਆ ਸੀ ਤੇ ਹਾਲ ’ਚ ਆਈ ਰਿਪੋਰਟ ਵਿੱਤੀ ਗੜਬੜੀ ਤੇ ਪੈਸੇ ਦੇ ਗਲਤ ਅਦਾਨ ਪ੍ਰਦਾਨ ਵੱਲ ਇਸ਼ਾਰਾ ਕਰ ਰਹੀ ਹੈ। ਰਿਪੋਰਟ ਦਾ ਹਵਾਲਾ ਦੇਂਦੇ ਹੋਏ ਉਨ੍ਹਾਂ ਦੱਸਿਆ ਕਿ ਕਾਲਜ ਆਪਣੇ ਸੋਸਾਇਟੀ ਤੋਂ ਟਰੱਸਟ ’ਚ ਤਬਦੀਲ ਕਰਨ ਦੇ ਤੇ ਸੰਸਥਾਵਾਂ ਵਿਚਕਾਰ ਵਿੱਤੀ ਵਟਾਂਦਰੇ ਦੇ ਦਸਤਾਵੇਜ਼ ਪੇਸ਼ ਕਰਨ ’ਚ ਅਸਫਲ ਰਿਹਾ ਜੋ ਕਿ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਹਰਪਾਲ ਸਿੰਘ ਚੀਮਾ ਨੇ ਇਸ ਮਸਲੇ ’ਚ ਵਿਜੀਲੈਂਸ ਵਿਭਾਗ ਨੂੰ ਤੁਰੰਤ ਪਰਚਾ ਦਰਜ ਕਰ ਕੇ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਲਜ ਇਲਾਕੇ ਦੀਆਂ ਕੁੜੀਆਂ ਲਈ ਉਮੀਦ ਦੀ ਇਕੋ-ਇਕ ਕਿਰਨ ਹੈ ਤੇ ਇੱਥੇ ਵੀ ਗੜਬੜੀਆਂ ਕਰ ਸਰਕਾਰੀ ਮਦਦ ਨਾਲ ਚੱਲ ਰਹੇ ਕੋਰਸ ਨੂੰ ਬੰਦ ਕਰਨਾ ਸਰਕਾਰ ਤੇ ਪ੍ਰਸ਼ਾਸਨ ਦੀ ਨਾਲਾਇਕੀ ਦਰਸਾਉਂਦਾ ਹੈ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਇਸ ਮਾਮਲੇ ’ਚ ‘ਆਪ’ ਪਹਿਲੇ ਦਿਨ ਤੋਂ ਇਲਾਕੇ ਦੇ ਲੋਕਾਂ ਨਾਲ ਖੜ੍ਹੀ ਹੈ ਤੇ ਉਨ੍ਹਾਂ ਦੀ ਆਵਾਜ਼ ਬਣ ਕੇ ਸਮੇਂ ਸਮੇਂ ’ਤੇ ਸਰਕਾਰਾਂ ਨੂੰ ਜਗਾਉਂਦੀ ਰਹੇਗੀ।

ਇਸ ਸਮੇਂ ਉਨ੍ਹਾਂ ਦੇ ਨਾਲ ਆਪ ਦੇ ਸੀਨੀਅਰ ਆਗੂ ਦਿਨੇਸ਼ ਬਾਂਸਲ, ਗੁਰਮੇਲ ਸਿੰਘ ਘਰਾਚੋਂ ਸਰਪੰਚ ਜ਼ਿਲ੍ਹਾ ਪ੍ਰਧਾਨ ਆਪ ਸੰਗਰੂਰ, ਹਰਪ੍ਰੀਤ ਸਿੰਘ ਪੀਤੂ ਵਾਈਸ ਪ੍ਰਧਾਨ ਆਪ ਜ਼ਿਲ੍ਹਾ ਸੰਗਰੂਰ, ਅਵਤਾਰ ਸਿੰਘ ਈਲਵਾਲ ਅਤੇ ਗੁਲਜ਼ਾਰ ਸਿੰਘ ਬੌਬੀ ਆਦਿ ਹਾਜ਼ਰ ਸਨ।


Bharat Thapa

Content Editor

Related News