ਸ੍ਰੀ ਦਰਬਾਰ ਸਾਹਿਬ ਸਮੂਹ ''ਚ ਪਾਠੀ ਸਿੰਘਾਂ ਦਾ ਵਤੀਰਾ ਮਰਿਆਦਾ ਦੀ ਘੋਰ ਉਲੰਘਣਾ : ਹਰਨਾਮ ਸਿੰਘ ਖ਼ਾਲਸਾ

08/04/2017 11:08:50 AM

ਅੰਮ੍ਰਿਤਸਰ (ਪੁਰੀ)- ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਬੀਤੇ ਦਿਨੀਂ ਕੁਝ ਪਾਠੀ ਸਿੰਘਾਂ ਵੱਲੋਂ ਕੀਤੇ ਧਰਨਾ ਪ੍ਰਦਰਸ਼ਨ ਤੋਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਕਾਫੀ ਖਫ਼ਾ ਹਨ। ਉਨ੍ਹਾਂ ਨੇ ਉਕਤ ਵਰਤਾਰੇ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਤੇ ਮਰਿਆਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ।  ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਪਾਠੀ ਸਿੰਘਾਂ ਦੀਆਂ ਮੰਗਾਂ ਬੇਸ਼ੱਕ ਵਾਜਿਬ ਸਨ ਪਰ ਜੋ ਤਰੀਕਾ ਉਨ੍ਹਾਂ ਅਖਤਿਆਰ ਕੀਤਾ ਉਹ ਉਨ੍ਹਾਂ ਨੂੰ ਭੁੱਲ ਕੇ ਵੀ ਨਹੀਂ ਸੀ ਅਪਨਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ ਦਾ ਖਿਆਲ ਰੱਖਣਾ ਹਰ ਗੁਰਸਿੱਖ ਦਾ ਫਰਜ਼ ਹੋਣਾ ਚਾਹੀਦਾ ਹੈ। ਪਾਠੀ ਸਿੰਘਾਂ ਨੇ ਗੁਰੂ ਸਾਹਿਬ ਦੇ ਅਦਬ-ਸਤਿਕਾਰ ਬਾਰੇ ਦੱਸਣਾ ਅਤੇ ਪ੍ਰਚਾਰ ਕਰਨਾ ਹੁੰਦਾ ਹੈ, ਇਸ ਦੇ ਉਲਟ ਉਨ੍ਹਾਂ ਦੇ ਉਕਤ ਵਤੀਰੇ ਨਾਲ ਸ਼੍ਰੋਮਣੀ ਕਮੇਟੀ ਦੇ ਇਤਿਹਾਸ 'ਚ ਪਹਿਲੀ ਵਾਰ ਵਾਪਰੀ ਉਕਤ ਮੰਦਭਾਗੀ ਘਟਨਾ ਨੇ ਸ਼ਰਧਾਲੂਆਂ ਅਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ।  ਉਨ੍ਹਾਂ ਦੱਸਿਆ ਕਿ ਪਾਠੀ ਸਿੰਘਾਂ ਦਾ ਮਾਮਲਾ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੇ ਧਿਆਨ ਅਤੇ ਵਿਚਾਰ ਅਧੀਨ ਸੀ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਕੋਈ ਔਖ ਸੀ ਤਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਜਾ ਕੇ ਪ੍ਰਧਾਨ ਜਾਂ ਅਧਿਕਾਰੀਆਂ ਨਾਲ ਵਿਚਾਰ ਕਰਨੀ ਚਾਹੀਦੀ ਸੀ। ਟਕਸਾਲ ਮੁਖੀ ਨੇ ਦੱਸਿਆ ਕਿ ਦਮਦਮੀ ਟਕਸਾਲ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਡੂੰਘੀ ਸਾਂਝ ਰਹੀ ਹੈ ਅਤੇ ਟਕਸਾਲ ਨੇ ਇਨ੍ਹਾਂ ਦੇ ਪ੍ਰਬੰਧਕਾਂ ਨੂੰ ਹਮੇਸ਼ਾ ਸਹਿਯੋਗ ਤੇ ਸਾਥ ਦਿੱਤਾ ਹੈ, ਜੋ ਭਵਿੱਖ 'ਚ ਵੀ ਜਾਰੀ ਰਹੇਗਾ।