ਚੰਡੀਗੜ੍ਹ ਤੋਂ ''ਆਪ'' ਦੇ ਹਰਮੋਹਨ ਧਵਨ ਦਾ ਵਿਰੋਧੀਆਂ ''ਤੇ ਤੰਜ

01/23/2019 4:18:01 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਹਰਮੋਹਨ ਧਵਨ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਚੰਡੀਗੜ੍ਹ ਦੀਆਂ ਕੀ-ਕੀ ਮੁੱਖ ਲੋੜਾਂ ਹਨ। ਉਨ੍ਹਾਂ ਇਸ ਮੌਕੇ ਸਾਂਸਦ ਕਿਰਨ ਖੇਰ 'ਤੇ ਵਿਅੰਗ ਕਰਦਿਆਂ ਕਿਹਾ ਕਿ ਉਹ ਇੱਥੋਂ ਦੇ ਲੋਕਲ ਰਹਿਣ ਵਾਲੇ ਹਨ, ਕੋਈ ਪੈਰਾਸ਼ੂਟ ਨਾਲ ਨਹੀਂ ਆਏ, ਜਿਵੇਂ ਕਿਰਨ ਖੇਰ ਆਈ ਸੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਪਾਰਟੀ ਦੀ ਹਾਲਤ ਦਾ ਚੰਡੀਗੜ੍ਹ ਦੇ ਲੋਕਾਂ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕ ਸਭਾ ਚੋਣਾਂ ਸ਼ਰਾਬ ਅਤੇ ਪੈਸੇ ਦੇ ਦਮ 'ਤੇ ਨਹੀਂ ਲੜੀਆਂ ਜਾਣਗੀਆਂ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਜੇ ਤੱਕ ਚੋਣਾਂ ਇਨ੍ਹਾਂ 2 ਚੀਜ਼ਾਂ ਦੇ ਦਮ 'ਤੇ ਹੀ ਲੜੀਆਂ ਗਈਆਂ ਸਨ ਪਰ ਆਮ ਆਦਮੀ ਪਾਰਟੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਕੇ ਚੋਣਾਂ ਲੜੇਗੀ ਅਤੇ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰੇਗੀ। 

Babita

This news is Content Editor Babita