ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉੱਪ ਕਪਤਾਨ ਹਰਮਨਪ੍ਰੀਤ ਨੂੰ 27 ਲੱਖ ਦਾ ਜੁਰਮਾਨਾ

Saturday, Jan 20, 2018 - 12:13 PM (IST)


ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉੱਪ ਕਪਤਾਨ ਤੇ ਵਿਸ਼ਵ ਪ੍ਰਸਿੱਧੀ ਖੱਟਣ ਵਾਲੀ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਰੇਲਵੇ ਦੀ ਨੌਕਰੀ ਛੱਡ ਕੇ ਪੰਜਾਬ ਸਰਕਾਰ ਵੱਲੋਂ ਡੀ. ਐੱਸ. ਪੀ. ਨੌਕਰੀ ਜੁਆਇਨ ਕਰਨ ਦੀ ਦਿੱਤੀ ਆਫਰ ਦੇ ਮਾਮਲੇ 'ਤੇ ਹੁਣ ਨਵਾਂ 'ਰੱਫੜ' ਪੈ ਗਿਆ ਹੈ। ਦਰਅਸਲ ਇਸ ਮਹਿਲਾ ਕ੍ਰਿਕਟਰ ਨਾਲ ਭਾਰਤੀ ਰੇਲਵੇ ਨੇ ਤਿੰਨ ਸਾਲ ਪਹਿਲਾਂ ਵਿਭਾਗ 'ਚ ਨੌਕਰੀ ਦੇਣ ਵਾਲਾ ਇਹ ਕਰਾਰ ਕੀਤਾ ਸੀ ਕਿ ਉਹ ਪੰਜ ਸਾਲ ਲਗਾਤਾਰ ਨੌਕਰੀ ਜ਼ਰੂਰ ਕਰੇਗੀ ਪਰ ਉਸ ਵੱਲੋਂ ਨੌਕਰੀ ਤੋਂ ਅਸਤੀਫਾ ਭੇਜਣ ਮਗਰੋਂ ਵਿਭਾਗ ਨੇ ਕਰਾਰ ਤੋੜਨ 'ਤੇ 27 ਲੱਖ ਰੁਪਏ ਜੁਰਮਾਨਾ ਕਰ ਦਿੱਤਾ। ਮਹਿਲਾ ਕ੍ਰਿਕਟਰ ਨੂੰ ਜੁਰਮਾਨਾ ਕਰਨ ਦੇ ਰੇਲਵੇ ਵਿਭਾਗ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਪੁਸ਼ਟੀ ਕਰਦਿਆਂ ਹਰਮਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਵਿਵਾਦ ਨਹੀਂ ਕਰਨਾ ਚਾਹੁੰਦੇ ਅਤੇ ਜਦੋਂ ਹੁਣ ਹਰਮਨ ਰੇਲਵੇ ਵਿਭਾਗ 'ਚ ਨੌਕਰੀ ਨਹੀਂ ਕਰਨਾ ਚਾਹੁੰਦੀ ਤਾਂ ਵਿਭਾਗ ਨੂੰ ਅਸਤੀਫਾ ਮਨਜ਼ੂਰ ਕਰ ਲੈਣਾ ਚਾਹੀਦਾ ਹੈ। 
ਉਨ੍ਹਾਂ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਰੇਲਵੇ ਨੇ ਹਰਮਨ ਨੂੰ ਤਨਖਾਹ ਨਹੀਂ ਦਿੱਤੀ ਅਤੇ ਅਸਤੀਫਾ ਨਾ ਮਨਜ਼ੂਰ ਹੋਣ ਕਰ ਕੇ ਹਰਮਨ ਪੰਜਾਬ ਪੁਲਸ 'ਚ ਡੀ. ਐੱਸ. ਪੀ. ਵਜੋਂ ਨੌਕਰੀ ਜੁਆਇਨ ਨਹੀਂ ਕਰ ਸਕੀ। ਹਰਮਿੰਦਰ ਸਿੰਘ ਨੇ ਕਿਹਾ ਕਿ ਹਰਮਨ ਪੰਜਾਬ ਦੇ ਦਿਲ ਵਜੋਂ ਜਾਣੇ ਜਾਂਦੇ ਮੋਗਾ ਸ਼ਹਿਰ ਦੀ ਵਸਨੀਕ ਹੈ ਅਤੇ ਉਹ ਪੰਜਾਬ 'ਚ ਨੌਕਰੀ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਰੇਲਵੇ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਰੇਲਵੇ ਅਧਿਕਾਰੀ ਇਸ ਮਾਮਲੇ 'ਤੇ ਹਰਮਨ ਦੀਆਂ ਦੇਸ਼ ਪ੍ਰਤੀ ਕੀਤੀਆਂ ਪ੍ਰਾਪਤੀਆਂ ਨੂੰ ਦੇਖਣ ਤਾਂ ਉਹ ਅਸਤੀਫਾ ਮਨਜ਼ੂਰ ਕਰ ਸਕਦੇ ਹਨ। 
ਉਨ੍ਹਾਂ ਕਿਹਾ ਕਿ ਇਕ ਧੀ ਵੱਲੋਂ ਕੀਤੀ ਇਸ ਵੱਡੀ ਪ੍ਰਾਪਤੀ 'ਤੇ ਵਿਭਾਗ ਨੂੰ ਮਾਣ ਕਰਨਾ ਚਾਹੀਦਾ ਨਾ ਕਿ ਇਸ ਮਾਮਲੇ 'ਤੇ 'ਬਿਖੇੜਾ' ਖੜ੍ਹਾ ਕਰਨਾ। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਜਦੋਂ ਵਿਭਾਗ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਤਾਂ ਫਿਰ ਤਨਖਾਹ ਕਿਸ ਤਰ੍ਹਾਂ ਬੰਦ ਕਰ ਦਿੱਤੀ।  ਦੱਸਣਾ ਬਣਦਾ ਹੈ ਪਿਛਲੇ ਵਰ੍ਹੇ 2017 ਦੌਰਾਨ ਹੋਏ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ 'ਚ ਇਸ ਖਿਡਾਰਨ ਨੇ 115 ਗੇਂਦਾਂ 'ਤੇ 171 ਦੌੜਾਂ ਦੀ ਇਤਿਹਾਸਕ ਪਾਰੀ ਖੇਡ ਕੇ ਪੂਰੀ ਦੁਨੀਆ 'ਚ ਆਪਣਾ ਜਾਦੂ ਬਿਖੇਰ ਦਿੱਤਾ ਸੀ, ਜਿਸ ਮਗਰੋਂ ਕੈਪਟਨ ਸਰਕਾਰ ਨੇ ਇਸ ਪੰਜਾਬ ਦੀ ਧੀ ਲਈ ਡੀ. ਐੱਸ. ਪੀ. ਦੀ ਨੌਕਰੀ ਆਫਰ ਕੀਤੀ ਸੀ। 

ਕੀ ਕਹਿਣਾ ਹੈ ਰੇਲਵੇ ਦੇ ਕੋਚ ਦਾ
ਇਸ ਮਾਮਲੇ ਸਬੰਧੀ ਜਦੋਂ ਰੇਲਵੇ ਦੇ ਕੋਚ ਪਵਿੱਤਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਦੋਂ ਵਿਭਾਗ ਕਿਸੇ ਖਿਡਾਰੀ ਨੂੰ ਖੇਡ ਦੇ ਆਧਾਰ 'ਤੇ ਨੌਕਰੀ ਦਿੰਦਾ ਹੈ ਤਾਂ ਖਿਡਾਰੀ ਤੋਂ ਬਾਂਡ ਭਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਹਰਮਨਪ੍ਰੀਤ ਕੌਰ ਤੋਂ ਵੀ ਰੇਲਵੇ ਨੇ ਪੰਜ ਸਾਲਾਂ ਦਾ ਬਾਂਡ ਭਰਵਾਇਆ ਸੀ। ਉਨ੍ਹਾਂ ਕਿਹਾ ਕਿ ਕਰਾਰ ਤੋਂ ਪਹਿਲਾਂ ਰੇਲਵੇ ਅਸਤੀਫਾ ਮਨਜ਼ੂਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੁਰਮਾਨਾ ਭਰਨ ਤੋਂ ਬਾਅਦ ਹੀ ਖਿਡਾਰੀ ਕਿਸੇ ਹੋਰ ਵਿਭਾਗ ਦਾ ਹਿੱਸਾ ਬਣ ਸਕਦਾ ਹੈ।


Related News