ਮੁੜ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ SGPC ਦੇ ਦਫਤਰ ਪਹੁੰਚੇ ਐਡਵੋਕੇਟ ਧਾਮੀ, ਹੋਇਆ ਨਿੱਘਾ ਸਵਾਗਤ

11/14/2022 2:30:32 PM

ਅੰਮ੍ਰਿਤਸਰ (ਗੁਰਿੰਦਰ ਸਾਗਰ)- ਪਿਛਲੇ ਦਿਨੀਂ ਅੰਮ੍ਰਿਤਸਰ ਐੱਸ.ਜੀ.ਪੀ.ਸੀ ਮੁੱਖ ਦਫ਼ਤਰ ’ਚ ਐੱਸ.ਜੀ.ਪੀ.ਸੀ ਪ੍ਰਧਾਨ ਦੀਆਂ ਹੋਈਆਂ ਚੋਣਾਂ ਦੌਰਾਨ ਹਰਜਿੰਦਰ ਸਿੰਘ ਧਾਮੀ ਇਕ ਵਾਰ ਫਿਰ ਤੋਂ ਐੱਸ.ਜੀ.ਪੀ.ਸੀ ਦੇ ਪ੍ਰਧਾਨ ਬਣੇ। ਜਿਸ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਐੱਸ.ਜੀ.ਪੀ.ਸੀ ਮੁੱਖ ਦਫ਼ਤਰ ਪਹੁੰਚੇ ਅਤੇ ਐੱਸ.ਜੀ.ਪੀ.ਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐੱਸ.ਜੀ.ਪੀ.ਸੀ ਦੇ ਸਾਰੇ ਮੈਂਬਰਾਂ ਨੂੰ ਆਪਣੇ ਗੁੱਸੇ ਗਿਲੇ ਭੁਲਾ ਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨੇ ਚਾਹੀਦੇ ਹਨ।

ਇਹ  ਵੀ ਪੜ੍ਹੋ- 5ਵੇਂ ਦਿਨ ਵੀ ਨਹੀਂ ਉਤਰਿਆ ਟੈਂਕੀ ’ਤੇ ਚੜ੍ਹਿਆ ਕੰਡਕਟਰ

ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ’ਚ ਨਸ਼ਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ਾ ਖ਼ਤਮ ਕਰਨ ’ਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ’ਚ ਜਾਂ ਕਿਤੇ ਵੀ ਇਨਸਾਫ਼ ’ਚ ਸਿੱਖਾਂ ਦੀ ਵਾਰੀ ਆਉਂਦੀ ਹੈ ਤਾਂ ਸਿੱਖਾਂ ਨੂੰ ਬੇਇਨਸਾਫ਼ੀ ਹੀ ਮਿਲਦੀ ਹੈ ਅਤੇ ਬਹੁਤ ਸਾਰੇ ਧਿਰਾਂ ਐੱਸ.ਜੀ.ਪੀ.ਸੀ ਨੂੰ ਤੋੜਨ ਦਾ ਯਤਨ ਕਰ ਰਹੀਆਂ ਹਨ। ਸਾਨੂੰ ਧੜੇਬੰਦੀਆਂ ਛੱਡ ਕੇ ਇਕਜੁੱਟ ਹੋ ਕੇ ਸਿੱਖੀ ਲਈ ਪ੍ਰਚਾਰ ਕਰਨਾ ਚਾਹੀਦਾ ਹੈ ਇਸ ਦੇ ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਸਾਨੂੰ ਪਹਿਲਕਦਮੀ ਕਰਕੇ ਵੱਡੇ ਯਤਨ ਕਰਨ ਦੀ ਲੋੜ ਹੈ  

ਜ਼ਿਕਰਯੋਗ ਹੈ ਕਿ ਇਸ ਵਾਰ ਐੱਸ.ਜੀ.ਪੀ.ਸੀ ਚੋਣਾਂ ’ਚ ਬੀਬੀ ਜਗੀਰ ਕੌਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ’ਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ, ਜਿਸ ’ਚ ਕਿ ਹਰਜਿੰਦਰ ਸਿੰਘ ਧਾਮੀ ਨੂੰ ਜਿੱਤ ਵੀ ਪ੍ਰਾਪਤ ਹੋਈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਸੀ ਕਿ ਜੋ ਕੰਮ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਲਈ ਸ਼ੁਰੂ ਕੀਤੇ ਹਨ ਉਨ੍ਹਾਂ ਨੂੰ ਨੇਪੜੇ ਵੀ ਚੜ੍ਹਨਗੇ।

ਇਹ  ਵੀ ਪੜ੍ਹੋ- ਸ੍ਰੀ ਕਰਤਾਰਪੁਰ ਸਾਹਿਬ ਦੀ ਮੁੱਖ ਐਂਟਰੀ ਦੇਖ ਦੁਖੀ ਹੋਏ ਸਮਾਜ ਸੇਵੀ ਐੱਸ.ਪੀ ਓਬਰਾਏ

ਦੂਸਰੇ ਪਾਸੇ ਬੀਬੀ ਜਗੀਰ ਕੌਰ ਦਾ ਬਿਆਨ ਸੀ ਕਿ ਉਹ ਐੱਸ.ਜੀ.ਪੀ.ਸੀ ਨੂੰ ਅਕਾਲੀ ਦਲ ਅਤੇ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਏਗੀ। ਹੁਣ ਦੇਖਣਾ ਇਹ ਹੋਵੇਗਾ ਕਿ ਹਰਜਿੰਦਰ ਸਿੰਘ ਧਾਮੀ ਆਪਣੇ ਕਾਰਜਕਾਲ ਦੌਰਾਨ ਸਿੱਖੀ ਪ੍ਰਚਾਰ ਲਈ ਅਤੇ ਸਿੱਖੀ ਲਈ ਕੀ ਕੁਝ ਕਰਦੇ ਹਨ ਕਿਉਂਕਿ ਐਗਜ਼ੀਕਿਊਟਿਵ ਮੈਂਬਰ ਟੀਮ ’ਚ ਦੋ ਮੈਂਬਰ ਬੀਬੀ ਜਗੀਰ ਕੌਰ ਦੇ ਧੜੇ ਦੇ ਵੀ ਸ਼ਾਮਲ ਹਨ।

Shivani Bassan

This news is Content Editor Shivani Bassan