ਆਜ਼ਾਦੀ ਦਿਹਾੜੇ ''ਤੇ ਵੀ ਕੜਵਾਹਟ ਬਰਕਰਾਰ, ਭਾਰਤ-ਪਾਕਿ ਨੇ ਨਹੀਂ ਭੇਜੀ ਇਕ-ਦੂਜੇ ਨੂੰ ਮਠਿਆਈ (ਵੀਡੀਓ)

08/15/2019 4:50:09 PM

ਅੰਮ੍ਰਿਤਸਰ (ਸੁਮਿਤ)— ਅੱਜ ਪੂਰੇ ਦੇਸ਼ 'ਚ 73ਵੇਂ ਆਜ਼ਾਦੀ ਦਿਹਾੜੇ ਦੇ ਨਾਲ-ਨਾਲ ਰੱਖੜੀ ਦਾ ਤਿਉਹਾਰ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੀ. ਐੱਸ. ਐਫ. ਜਵਾਨਾਂ ਵੱਲੋਂ ਸਲਾਮੀ ਦਿੱਤੀ ਗਈ। ਬੀ. ਐੱਸ. ਐੱਫ. ਜਵਾਨਾਂ ਦੇ ਨਾਲ-ਨਾਲ ਬੀ. ਐੱਸ. ਐੱਫ. ਕਮਾਂਡੈਂਟ ਮੁਕੰਦ ਕੁਮਾਰ ਝਾਅ ਹਾਜ਼ਰ ਸਨ। ਉਨ੍ਹਾਂ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਦੱਸਣਯੋਗ ਹੈ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੜਵਾਹਟ ਇੰਨੀ ਵੱਧ ਗਈ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਮਠਿਆਈ ਦਾ ਵਟਾਂਦਰਾ ਵੀ ਨਹੀਂ ਕੀਤਾ ਗਿਆ। ਪਾਕਿਸਤਾਨ ਨੇ ਈਦ ਅਤੇ 14 ਅਗਸਤ ਨੂੰ ਆਪਣੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਨਾਲ ਮਠਿਆਈ ਦੀ ਖੁਸ਼ੀ ਸਾਂਝੀ ਨਹੀਂ ਕੀਤੀ। ਇਸ ਦੇ ਜਵਾਬ 'ਚ ਅੱਜ ਭਾਰਤ ਨੇ ਵੀ ਮਠਿਆਈ ਨਾ ਭੇਜਣ ਦਾ ਫੈਸਲਾ ਕੀਤਾ ਹੈ।

ਦਰਅਸਲ ਪਾਕਿਸਤਾਨ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਤੇ ਲਏ ਵੱਡੇ ਫੈਸਲੇ ਤੋਂ ਬਾਅਦ ਪਾਕਿਸਤਾਨ ਖਫਾ ਹੈ। ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਏ ਜਾਣ 'ਤੇ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਸੇ ਨਾਰਾਜ਼ਗੀ ਦੇ ਚੱਲਦੇ ਪਾਕਿਸਤਾਨ ਨੇ ਈਦ ਮੌਕੇ ਭਾਰਤ ਤੋਂ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਪਾਕਿਸਤਾਨ ਨੇ ਰਵਾਇਤ ਤੋੜਦਿਆਂ 14 ਅਗਸਤ ਨੂੰ ਪਾਕਿ ਦੇ ਆਜ਼ਾਦੀ ਦਿਵਸ ਮੌਕੇ ਭਾਰਤ ਵੱਲ ਮਠਿਆਈ ਨਹੀਂ ਭੇਜੀ। ਇਸ ਤੋਂ ਬਾਅਦ ਅੱਜ ਭਾਰਤ ਵਾਲੇ ਪਾਸਿਓਂ ਵੀ ਪਾਕਿ ਰੇਜ਼ਰਸ ਨੂੰ ਮਠਿਆਈ ਨਹੀਂ ਭੇਜੀ ਗਈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਸਰ ਦੋਵੇਂ ਦੇਸ਼ਾਂ ਦੇ ਆਜ਼ਾਦੀ ਦਿਹਾੜੇ ਮੌਕੇ ਆਪਸ 'ਚ ਮਠਿਆਈਆਂ ਦਾ ਲੈਣ-ਦੇਣ ਹੁੰਦਾ ਰਿਹਾ ਹੈ ਪਰ ਇਸ ਵਾਰ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਹੋਇਆ।

shivani attri

This news is Content Editor shivani attri