ਵਧ ਸਕਦੀਆਂ ਹਨ ਹਨੀਪ੍ਰੀਤ ਦੇ ਸਾਬਕਾ ਪਤੀ ਦੀਆਂ ਮੁਸ਼ਕਲਾਂ

Thursday, Oct 12, 2017 - 12:15 PM (IST)

ਚੰਡੀਗੜ੍ਹ — ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਅਤੇ ਪੰਚਕੂਲਾ ਹਿੰਸਾ ਦੀ ਦੋਸ਼ੀ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪ੍ਰਤਿਭਾ ਸੁਮਨ ਨੇ ਕਿਹਾ ਹੈ ਕਿ ਹਰਿਆਣਾ ਮਹਿਲਾ ਕਮਿਸ਼ਨ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੂੰ ਤਲਾਕ ਦੇ ਬਾਵਜੂਦ ਉਸਦੇ ਖਿਲਾਫ ਗਲਤ ਪ੍ਰਚਾਰ ਕਰਨ ਕਾਰਨ ਨੋਟਿਸ ਭੇਜੇਗਾ। ਇਸ ਤੋਂ ਇਲਾਵਾ ਕਮਿਸ਼ਨ ਹਰਿਆਣਾ ਦੇ ਡੀ.ਜੀ.ਪੀ ਨੂੰ ਵੀ ਵਿਸ਼ਵਾਸ ਗੁਪਤਾ ਦੇ ਖਿਲਾਫ ਕਾਰਵਾਈ ਕਰਨ ਦੀ ਸਿਫਾਰਸ਼ ਕਰੇਗਾ। ਇਸ ਸਬੰਧ 'ਚ ਮਨੁੱਖੀ ਅਧਿਕਾਰ ਸੰਗਠਨ ਦੇ ਵਕੀਲ ਮੋਮਿਨ ਮਲਿਕ ਨੇ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਖਿਲਾਫ ਹਰਿਆਣਾ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ 3 ਦਿਨਾਂ ਦੀ ਪੁਲਸ ਰਿਮਾਂਡ 'ਤੇ ਹੈ ਅਤੇ ਉਸਨੇ ਇਸ ਦੌਰਾਨ ਪੁਲਸ ਦੇ ਸਾਹਮਣੇ ਕਈ ਰਾਜ਼ ਖੋਲ੍ਹੇ ਹਨ। ਸੂਤਰਾਂ ਦੀ ਮੰਨਿਏ ਤਾਂ 8 ਦਿਨਾਂ ਦੀ ਪੁਲਸ ਰਿਮਾਂਡ ਦੇ ਪੀਰੀਅਡ 'ਚ ਐੱਸ.ਆਈ.ਟੀ. ਨੇ ਕਈ ਜਾਣਕਾਰੀਆਂ ਹਾਸਲ ਕਰ ਲਈਆਂ ਹਨ।
ਸੂਤਰਾਂ ਅਨੁਸਾਰ ਹਨੀਪ੍ਰੀਤ ਨੇ ਅਫਸਰਾਂ ਦੇ ਸਾਹਮਣੇ ਪੁੱਛਗਿੱਛ ਦੌਰਾਨ ਪੰਚਕੂਲਾ ਹਿੰਸਾ ਨੂੰ ਲੈ ਕੇ ਕਾਫੀ ਕੁਝ ਕਬੂਲ ਕਰ ਲਿਆ ਹੈ। ਉਸਨੇ ਇਹ ਵੀ ਕਬੂਲ ਕੀਤਾ ਹੈ ਕਿ ਪੰਚਕੂਲਾ ਹਿੰਸਾ ਭੜਕਾਉਣ ਲਈ ਮਾਸਟਰ ਪਲਾਨ ਤਿਆਰ ਕੀਤਾ ਗਿਆ ਸੀ। ਪੁਲਸ ਸੂਤਰਾਂ ਅਨੁਸਾਰ ਪੁੱਛਗਿੱਛ ਦੇ ਦੌਰਾਨ ਉਸਨੇ ਇਹ ਵੀ ਮੰਨਿਆ ਹੈ ਕਿ ਉਸਦੇ ਲੈਪਟਾਪ 'ਚ ਪੰਚਕੂਲਾ ਹਿੰਸਾ ਨਾਲ ਜੁੜੇ ਕਈ ਅਹਿਮ ਸਬੂਤ ਹਨ। ਟੀਮ ਨੇ ਹਨੀਪ੍ਰੀਤ ਤੋਂ ਇਹ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਆਖਿਰ ਡੇਰਾ ਮੁਖੀ ਨੂੰ ਕੋਰਟ ਕੰਪਲੈਕਸ 'ਚੋਂ ਭਜਾਉਣ ਦੀ ਸਾਜਿਸ਼ ਦਾ ਸੱਚ ਕੀ ਹੈ? ਪੁਲਸ ਨੂੰ ਇਸ ਸਵਾਲ ਦਾ ਸਹੀ ਜਵਾਬ ਨਹੀਂ ਮਿਲਿਆ।


Related News