ਗੁਆਂਢੀ ਸੂਬਿਆਂ ''ਚ ਵਾਲ ਕੱਟਣ ਦੀਆਂ ਘਟਨਾਵਾਂ ਦਾ ਸੇਕ ਕੋਟਕਪੂਰਾ ਵੀ ਪੁੱਜਿਆ

Saturday, Aug 05, 2017 - 06:37 PM (IST)

ਕੋਟਕਪੂਰਾ (ਨਰਿੰਦਰ ਬੈੜ) — ਅਜੌਕੇ ਵਿਗਿਆਨਕ ਯੁੱਗ ਦੌਰਾਨ ਜਿੱਥੇ ਇੱਕ ਪਾਸੇ ਦੁਨੀਆਂ ਚੰਨ ਤਾਰਿਆਂ ਤੋਂ ਵੀ ਬਹੁਤ ਅੱਗੇ ਲੰਘਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ, ਉੱਥੇ ਦੂਜੇ ਪਾਸੇ ਕੁਝ ਸ਼ਾਤਰ ਦਿਮਾਗ ਲੋਕ ਸਮਾਜ ਵਿੱਚ ਅੰਧ-ਵਿਸ਼ਵਾਸ਼ ਫੈਲਾਅ ਕੇ ਆਪਣਾ ਉੱਲੂ ਸਿੱਧਾ ਕਰਨ ਲੱਗੇ ਹੋਏ ਹਨ। ਬੀਤੇ ਕੁੱਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਵਾਲ ਕੱਟਣ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਅੱਜ ਕੋਟਕਪੂਰਾ ਵਿਖੇ ਵੀ ਅਜਿਹੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਚੋਪੜਿਆਂ ਵਾਲੇ ਬਾਗ 'ਚ ਰਹਿਣ ਵਾਲੇ ਇਕ ਪ੍ਰਵਾਸੀ ਮਜਦੂਰ ਰਾਮਦੀਨ ਦੀ ਪਤਨੀ ਚੰਦਰ ਕਲਾ ਉਰਫ ਗੁੱਡੀ ਨੇ ਦੱਸਿਆ ਕਿ ਜਦ ਸਵੇਰੇ ਰੋਜਾਨਾ ਦੀ ਤਰਾਂ ਉਹ ਆਪਣਾ ਸਿਰ ਵਾਹੁਣ ਲੱਗੀ ਤਾਂ ਵਾਲਾਂ ਦਾ ਗੁੱਛਾ ਉਸ ਦੇ ਹੱਥ 'ਚ ਆ ਗਿਆ। 
ਪੱਤਰਕਾਰਾਂ ਦੀ ਟੀਮ ਨੇ ਦੇਖਿਆ ਕਿ ਕਰੀਬ ਸਵਾ ਲੱਖ ਦੀ ਅਬਾਦੀ ਵਾਲੇ ਸ਼ਹਿਰ ਦੇ ਇਸ ਹਿੱਸੇ 'ਚ ਉਕਤ ਅੰਧ-ਵਿਸ਼ਵਾਸ਼ ਇਸ ਕਦਰ ਫੈਲਿਆ ਹੋਇਆ ਸੀ ਕਿ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਨਿੰਮ ਦੇ ਪੱਤੇ ਅਤੇ ਮਹਿੰਦੀ ਵਾਲੇ ਹੱਥਾਂ ਦੇ ਪੰਜੇ ਲਾਏ ਹੋਏ ਸਨ। ਮੌਕੇ 'ਤੇ ਪੁੱਜੇ ਥਾਣਾ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਨੇ ਵਾਲਾਂ ਦਾ ਗੁੱਛਾ ਕਬਜੇ 'ਚ ਲੈਂਦਿਆਂ ਕਿਹਾ ਕਿ ਲੈਬਾਰਟਰੀ ਰਾਹੀਂ ਜਾਂਚ ਕਰਵਾਈ ਜਾਵੇਗੀ, ਕਿ ਇਸ ਨੂੰ ਕੋਈ ਕੈਮੀਕਲ ਨਾ ਲੱਗਾ ਹੋਵੇ। ਓਮਕਾਰ ਗੋਇਲ, ਜੈਪਾਲ ਗਰਗ, ਸਾਧੂ ਰਾਮ ਦਿਓੜਾ, ਦਵਿੰਦਰ ਨੀਟੂ, ਪ੍ਰਦੀਪ ਮਿੱਤਲ, ਹਰੀਸ਼ ਸੇਤੀਆ ਅਤੇ ਉਦੇ ਰੰਧੇਵ ਆਦਿ ਸਮਾਜਸੇਵੀ ਆਗੂਆਂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਸਾਡੇ ਮਾਨਸਿਕ ਪੱਧਰ ਦੇ ਬਹੁਤ ਥੱਲੇ ਡਿੱਗ ਜਾਣ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਸਾਨੂੰ ਬਚਪਨ ਤੋਂ ਹੀ ਅੰਧਵਿਸ਼ਵਾਸ਼ੀ ਬਣਾ ਕੇ ਸਭ ਸੱਚ ਮੰਨਣ ਲਈ ਕਿਹਾ ਜਾਂਦਾ ਹੈ ਅਤੇ ਵਹਿਮਾ ਭਰਮਾ ਨੂੰ ਤਿਆਗ ਕਰਨ ਦੀ ਬਜਾਏ ਇਹਨਾ ਨੂੰ ਮੰਨਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਅਗਾਂਹਵਧੂ ਸੋਚ ਦੇ ਧਾਰਨੀ ਲੋਕਾਂ ਨੂੰ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਲੋਕਾਂ ਖਿਲਾਫ਼ ਇੱਕ ਜੁੱਟ ਹੋ ਕੇ ਅੱਗੇ ਆਉਣ ਦਾ ਸੱਦਾ ਵੀ ਦਿੱਤਾ।


Related News