ਐੱਚ. ਵੀ. ਪੀ. ਐੱਨ. ਐੱਲ. ਦੇ ਵਿਜੀਲੈਂਸ ਵਿੰਗ ਦਾ ਸਰਵਰ ਹੈਕ, ਡਾਟਾ ਚੋਰੀ

01/23/2018 7:59:21 AM

ਪੰਚਕੂਲਾ, (ਮੁਕੇਸ਼)- ਪੰਚਕੂਲਾ ਦੇ ਸੈਕਟਰ-6 ਸਥਿਤ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮਟਿਡ (ਐੱਚ. ਵੀ. ਪੀ. ਐੱਨ. ਐੱਲ.) ਦੇ ਵਿਜੀਲੈਂਸ ਵਿੰਗ ਦਾ ਸਰਵਰ ਹੈਕ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਐੱਚ. ਵੀ. ਪੀ. ਐੱਨ. ਐੱਲ. ਦੇ ਡੀ. ਜੀ. ਪੀ. ਤੇ ਡਾਇਰੈਕਟਰ ਵਿਜੀਲੈਂਸ ਆਫਿਸ ਹੇਮ ਜੋਸ਼ੀ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ। ਇਸਦੇ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਆਈ. ਟੀ. ਐਕਟ ਅਤੇ ਐਕਸਟਾਰਸ਼ਨ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਜ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਹੋਈਆਂ ਪ੍ਰਭਾਵਿਤ
ਆਈ. ਟੀ. ਸੈੱਲ ਦੀ ਮਦਦ ਨਾਲ ਰਾਜ ਨੂੰ ਜਿੰਨੀਆਂ ਵੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਸਨ, ਸਾਰੀਆਂ ਪ੍ਰਭਾਵਿਤ ਹੋਈਆਂ। ਵਾਰ-ਵਾਰ ਇਹੋ ਮੈਸੇਜ ਸਕ੍ਰੀਨ 'ਤੇ ਦਿਖਾਈ ਦੇ ਰਿਹਾ ਹੈ ਕਿ 'ਆਲ ਯੂਅਰ ਇੰਪੋਟੈਂਟ ਡਾਟਾ ਹੈਜ਼ ਬੀਨ ਇਨਕ੍ਰਪਟਿਡ' ਹੈਰਾਨੀ ਦੀ ਗੱਲ ਇਹ ਵੀ ਹੈ ਕਿ ਆਈ. ਪੀ. ਐਡਰੈੱਸ ਜ਼ਰੀਏ ਇਹ ਵੀ ਮੈਸੇਜ ਆ ਰਹੇ ਹਨ ਕਿ ਜਦੋਂ ਤਕ ਪੇਮੈਂਟ ਜਮ੍ਹਾ ਨਹੀਂ ਕਰਵਾਉਂਦੇ, ਉਦੋਂ ਤਕ ਆਪਣਾ ਡਾਟਾ ਵਾਪਸ ਨਹੀਂ ਲੈ ਸਕੋਗੇ।
ਕੀ ਲਿਖਿਆ ਹੈ ਐੱਫ. ਆਈ. ਆਰ. 'ਚ
ਐੱਫ. ਆਈ. ਆਰ. ਮੁਤਾਬਕ ਵਿਜੀਲੈਂਸ ਵਿੰਗ 'ਚ ਵੱਖ ਤੋਂ ਆਈ. ਟੀ. ਸੈੱਲ ਸਥਾਪਤ ਕੀਤਾ ਹੋਇਆ ਹੈ, ਜਿਥੇ ਰਾਜ 'ਚ ਬਿਜਲੀ ਚੋਰੀ ਨਾਲ ਸਬੰਧਤ ਸ਼ਿਕਾਇਤਾਂ, ਮਾਨੀਟਰਿੰਗ ਸਿਸਟਮ, ਜਿਹੜੇ ਲੋਕੀ ਬਿਜਲੀ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜੇ ਜਾਂਦੇ ਹਨ, ਉਨ੍ਹਾਂ ਨੂੰ ਨੋਟਿਸ ਜੈਨਰੇਟ ਕਰਨ ਅਤੇ ਬਿਜਲੀ ਚੋਰੀ ਨੂੰ ਆਨਲਾਈਨ ਟਰੈਕ ਕਰਨ ਦਾ ਕੰਮ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਵਿਭਾਗ ਦਾ ਜੂਨੀਅਰ ਪ੍ਰੋਗਰਾਮਰ ਅਨਿਲ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਸਰਵਰ ਦੇ ਆਈ. ਪੀ. ਐਡਰੈੱਸ 'ਤੇ ਕੋਈ ਅਣਪਛਾਤਾ ਵਿਅਕਤੀ ਕੰਮ ਕਰ ਰਿਹਾ ਹੈ। ਇਸ ਕਾਰਨ ਸਾਰੀਆਂ ਫਾਈਲਾਂ ਖਰਾਬ ਹੋ ਗਈਆਂ, ਇਥੋਂ ਤਕ ਕਿ ਹਾਰਡ ਡਿਸਕ ਤੋਂ ਵੀ ਡਾਟਾ ਉਡਾ ਦਿੱਤਾ ਗਿਆ ਹੈ