ਗਟਰਾਂ ਦੇ ਢੱਕਣ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ, 2 ਫਰਾਰ

07/09/2019 10:03:48 AM

ਜਲੰਧਰ (ਸੋਨੂੰ) - ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਸ ਨੇ ਆਲੇ-ਦੁਆਲੇ ਦੇ ਪਿੰਡਾਂ 'ਚੋਂ ਗਟਰਾਂ ਦੇ ਢੱਕਣ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਸ ਗਿਰੋਹ ਦੇ 2 ਮੈਂਬਰ ਅਜੇ ਫਰਾਰ ਹਨ। ਕਾਬੂ ਕੀਤੇ ਉਕਤ ਵਿਅਕਤੀਆਂ ਤੋਂ 14 ਗਟਰ ਦੇ ਢੱਕਣ, 70 ਟੁੱਟੇ ਹੋਏ ਗਟਰ ਢੱਕਣ ਅਤੇ 9 ਐਂਗਲ (ਜਿਸ ਨਾਲ ਢੱਕਣ ਚੁੱਕਦੇ ਹਨ) ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕਰਤਾਰਪੁਰ ਰਣਜੀਤ ਸਿੰਘ ਨੇ ਦੱਸਿਆ ਕਿ ਗਾਖਲਾਂ ਪਿੰਡ ਦੀ ਪੰਚਾਇਤ ਅਤੇ ਪਿੰਡ ਕਲਿਆਣਪੁਰ ਵਿਖੇ ਸ਼੍ਰੀ ਦੁਰਗਾ ਮੰਦਰ ਦੇ ਵਾਈਸ ਪ੍ਰਧਾਨ ਅਸ਼ਵਨੀ ਕੁਮਾਰ ਨੇ ਪਿੰਡਾਂ 'ਚੋਂ ਗਟਰਾਂ ਦੇ ਢੱਕਣ ਚੋਰੀ ਹੋਣ ਸਬੰਧੀ ਲਿਖਤੀ ਸ਼ਿਕਾਇਤ ਸਥਾਨਕ ਪੁਲਸ ਨੂੰ ਦਿੱਤੀ ਸੀ।

ਥਾਣਾ ਮੁਖੀ ਲਾਂਬੜਾ ਪੁਸ਼ਪ ਬਾਲੀ ਵਲੋਂ ਇਸ ਦੀ ਤਫਤੀਸ਼ ਸ਼ੁਰੂ ਕੀਤੀ ਗਈ । ਕਲਿਆਣਪੁਰ ਮੰਦਰ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ 'ਚ ਸ਼ੰਮੀ ਹੰਸ ਪੁੱਤਰ ਰਣਜੀਤ ਹੰਸ, ਜੋਇਲ ਹੰਸ ਪੁੱਤਰ ਹਰੀ ਹੰਸ, ਸਿਮੋਨ ਹੰਸ ਪੁੱਤਰ ਯੂਨਸ ਅਤੇ ਪ੍ਰਭ ਪੁੱਤਰ ਸੋਹਣ ਗਟਰਾਂ ਦੇ ਢੱਕਣ ਚੋਰੀ ਕਰਦੇ ਹੋਏ ਪਾਏ ਗਏ। ਕਾਰਵਾਈ ਕਰਦੇ ਹੋਏ ਪੁਲਸ ਵਲੋਂ ਪਿੰਡ ਧਾਲੀਵਾਲ ਕਾਦੀਆਂ ਨੇੜਿਓਂ ਸ਼ੰਮੀ ਹੰਸ ਅਤੇ ਜੋਇਲ ਹੰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਨ੍ਹਾਂ ਕੋਲੋਂ 14 ਚੋਰੀ ਕੀਤੇ ਗਟਰਾਂ ਦੇ ਢੱਕਣ, 70 ਪੀਸ ਟੁੱਟੇ ਹੋਏ ਗਟਰਾਂ ਦੇ ਅਤੇ 9 ਗਟਰਾਂ ਦੇ ਐਂਗਲ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਚੋਰੀਆਂ ਪਿੰਡ ਲੱਲੀਆਂ ਕਲਾਂ, ਕੁਰਾਲੀ, ਧਾਲੀਵਾਲ ਕਾਦੀਆਂ ਤੇ ਚੁਗਾਵਾਂ ਆਦਿ ਤੋਂ ਕੀਤੀਆਂ ਹਨ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਫਰਾਰ ਹੋਏ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

rajwinder kaur

This news is Content Editor rajwinder kaur