ਭਾਰਤ-ਚੀਨ ਫੌਜ 'ਚ ਹੋਈ ਝੜਪ ਦੌਰਾਨ ਜ਼ਿਲ੍ਹਾ ਸੰਗਰੂਰ ਦਾ ਫੌਜੀ ਗੁਰਵਿੰਦਰ ਸਿੰਘ ਹੋਇਆ ਸ਼ਹੀਦ

06/17/2020 5:41:28 PM

ਸੰਗਰੂਰ (ਵਿਵੇਕ ਸਿੰਧਵਾਨੀ, ਗੋਇਲ,ਕੋਹਲੀ) : ਭਾਰਤ-ਚੀਨ ਫੌਜ 'ਚ ਹੋਈ ਝੜਪ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲਾਵਾਲ ਦਾ ਫੌਜੀ ਗੁਰਵਿੰਦਰ ਸਿੰਘ ਸ਼ਹੀਦ ਹੋ ਗਿਆ। ਜਿਵੇਂ ਹੀ ਬੁਧਵਾਰ ਨੂੰ ਗੁਰਵਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਪਿੰਡ ਪੁੱਜੀ ਤਾਂ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਦੇਸ਼ ਦੀ ਖਾਤਰ ਸ਼ਹੀਦ ਹੋਇਆ ਗੁਰਵਿੰਦਰ ਸਿੰਘ ( 22) ਪੁੱਤਰ ਲਾਭ ਸਿੰਘ ਆਪਣੇ ਭਰਾ ਅਤੇ ਇੱਕ ਭੈਣ ਤੋਂ ਛੋਟਾ ਸੀ। ਢਾਈ ਕੁ ਸਾਲ ਪਹਿਲਾਂ ਫੌਜ 'ਚ ਭਰਤੀ ਹੋਏ ਗੁਰਵਿੰਦਰ ਸਿੰਘ ਦਾ ਭਰਾ ਅਤੇ ਭੈਣ ਵਿਆਹੇ ਹੋਏ ਸਨ। ਗੁਰਵਿੰਦਰ ਸਿੰਘ ਦੀ ਪਿੰਡ ਉਭਾਵਾਲ ਵਿਖੇ ਮੰਗਣੀ ਹੋਈ ਸੀ ਅਤੇ ਜਲਦ ਹੀ ਉਸ ਦਾ ਵਿਆਹ ਹੋਣ ਵਾਲਾ ਸੀ। ਗੁਰਵਿੰਦਰ ਸਿੰਘ 24 ਮਾਰਚ 2018 ਨੂੰ ਪੰਜਾਬ ਰੈਜੀਮੈਂਟ 'ਚ ਭਰਤੀ ਹੋਇਆ ਸੀ। ਗੁਰਵਿੰਦਰ ਸਿੰਘ ਦੀ ਦੇਸ਼ ਦੇ ਨਾ ਹੋਈ ਇਸ ਸ਼ਹਾਦਤ ਸਬੰਧੀ ਜਾਣਕਾਰੀ ਦਿੰਦਿਆਂ ਪਿਤਾ ਲਾਭ ਸਿੰਘ ਅਤੇ ਵੱਡੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨਾਲ ਉਨ੍ਹਾਂ ਦੀ ਤਕਰੀਬਨ 22 ਦਿਨ ਪਹਿਲਾਂ ਗਲਬਾਤ ਹੋਈ ਸੀ ਅਤੇ ਉਹ ਪੂਰੇ ਹੌਂਸਲੇ 'ਚ ਸੀ। 

ਇਹ ਵੀ ਪੜ੍ਹੋ : ਭਾਰਤ-ਚੀਨ ਦੀ ਝੜਪ 'ਚ ਸ਼ਹੀਦ ਹੋਇਆ ਬੁਢਲਾਡਾ ਦਾ ਗੁਰਤੇਜ ਸਿੰਘ

10 ਮਹੀਨੇ ਪਹਿਲਾਂ ਗਿਆ ਸੀ ਛੁੱਟੀ ਕੱਟ ਕੇ
ਪਿੰਡ ਤੋਲਾਵਾਲ ਦੇ ਅਧਿਆਪਕ ਆਗੂ ਮੱਖਣ ਤੋਲਾਵਾਲ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਬਹੁਤ ਹੀ ਸਾਊ ਅਤੇ ਨੇਕ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਪਿੰਡ ਛੁੱਟੀਆਂ ਕੱਟ ਕੇ ਗਿਆ ਸੀ। ਅੱਜ ਉਸ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਦਿਆਂ ਹੀ ਸਾਰੇ ਪਿੰਡ 'ਚ ਸੋਗ ਛਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹੀਦ ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਕੱਲ ਪਿੰਡ ਪਹੁੰਚਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਭਾਰਤ-ਚੀਨ ਦੀ ਝੜਪ 'ਚ ਪਟਿਆਲਾ ਜ਼ਿਲ੍ਹੇ ਦਾ ਮਨਦੀਪ ਸਿੰਘ ਹੋਇਆ ਸ਼ਹੀਦ

ਪਰਿਵਾਰ 'ਚ ਸਭ ਤੋਂ ਛੋਟਾ ਸੀ ਗੁਰਵਿੰਦਰ ਸਿੰਘ
ਪਿਤਾ ਲਾਭ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪਰਿਵਾਰ ਚ ਸਭ ਤੋਂ ਛੋਟਾ ਹੋਣ ਕਾਰਨ ਬੜੇ ਚਾਵਾਂ ਅਤੇ ਲਾਡਾ ਨਾਲ ਪਾਲਿਆ ਗਿਆ ਸੀ। ਉਸ ਦੀ ਸ਼ੁਰੂ ਤੋਂ ਹੀ ਦੇਸ਼ ਦੀ ਸੇਵਾ ਕਰਨ ਦੀ ਇੱਛਾ ਸੀ ਅਤੇ ਉਹ ਢਾਈ ਸਾਲ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀ।  

Anuradha

This news is Content Editor Anuradha