ਸਿੱਧੂ ਤੋਂ ਨਹੀਂ ਕੈਪਟਨ ਦੀ ਅਰੂਸਾ ਤੋਂ ਹੈ ਦੇਸ਼ ਨੂੰ ਖਤਰਾ : ਅਟਵਾਲ
Wednesday, Aug 22, 2018 - 06:29 PM (IST)
ਜਲੰਧਰ (ਸੋਨੂੰ)— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਆਰਮੀ ਚੀਫ ਨੂੰ ਗਲੇ ਲਗਾਉਣ ਦੇ ਮਾਮਲੇ ਨੂੰ ਜਿੱਥੇ ਕੁਝ ਸਿਆਸੀ ਲੀਡਰਾਂ ਨੇ ਕੋਸਿਆ, ਉਥੇ ਹੀ ਕੁਝ ਅਜਿਹੇ ਵੀ ਨੇ ਜੋ ਸਿੱਧੂ ਦੇ ਹੱਕ 'ਚ ਉਤਰੇ ਹਨ। ਕਾਂਗਰਸ ਦੇ ਸਾਬਕਾ ਵਿਧਾਇਕ ਗੁਰਵਿੰਦਰ ਸਿੰਘ ਅਟਵਾਲ ਨੇ ਵੀ ਸਿੱਧੂ ਦਾ ਸਮਰਥਨ ਕੀਤਾ ਅਤੇ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੂੰ ਘੇਰਦਿਆਂ ਆਖਿਆ ਕਿ ਸਿੱਧੂ ਦੇ ਜੱਫੀ ਪਾਉਣ ਨਾਲ ਸਾਡੇ ਦੇਸ਼ ਨੂੰ ਖਤਰਾ ਨਹੀਂ, ਜੇ ਖਤਰਾ ਹੈ ਤਾਂ ਉਹ ਹੈ ਕੈਪਟਨ ਸਾਬ੍ਹ ਦੀ ਸਹੇਲੀ ਅਰੂਸਾ ਤੋਂ।
ਉਨ੍ਹਾਂ ਨੇ ਕਿਹਾ ਕਿ ਆਰੂਸਾ ਕਈ ਵਾਰ ਕੈਪਟਨ ਨੂੰ ਮਿਲਣ ਲਈ ਪੰਜਾਬ ਆਈ ਹੈ। ਇਹ ਹੀ ਨਹੀਂ ਉਹ ਕਈ ਵਾਰ ਸਿਆਸੀ ਰਿਹਾਇਸ਼ 'ਤੇ ਵੀ ਰਹੀ ਹੈ। ਅਟਵਾਲ ਨੇ ਕਿਹਾ ਕਿ ਪਾਕਿਸਤਾਨੀ ਮਹਿਲਾ 'ਤੇ ਕਿਸੇ ਤਰ੍ਹਾਂ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਇਹ ਮਹਿਲਾ ਪਾਕਿਸਤਾਨ ਦੀ ਕਿਸੇ ਏਜੰਸੀ ਨਾਲ ਸਬੰਧ ਰੱਖਦੀ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ ਤਾਂ ਉਸ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਸੀ ਜੋ ਪਾਕਿਸਤਾਨ ਤੋਂ ਆਉਂਦਾ ਹੈ ਪਰ ਹੁਣ ਉਹੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਢਿੱਲੇ ਪਏ ਹੋਏ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਮੰਗ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਕਿਸੇ ਹੋਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ।
ਦੱਸ ਦਈਏ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਦੇ ਸਹੂੰ ਚੁੱਕ ਸਮਾਗਮ 'ਚ ਗਏ ਨਵਜੋਤ ਸਿੱਧੂ ਨੇ ਉਥੋਂ ਦੇ ਆਰਮੀ ਚੀਫ ਨੂੰ ਗੱਲਵਕੜੀ 'ਚ ਲਿਆ ਸੀ, ਜਿਸ ਤੋਂ ਬਾਅਦ ਹਰ ਪਾਸੇ ਸਿੱਧੂ ਦਾ ਵਿਰੋਧ ਹੋ ਰਿਹਾ ਹੈ, ਇਥੋਂ ਤੱਕ ਕਿ ਸਿੱਧੂ 'ਤੇ ਮੁਜੱਫਰਪੁਰ ਵਿਖੇ ਦੇਸ਼ਧਰੋਹ ਦਾ ਮਾਮਲਾ ਵੀ ਦਰਜ ਹੋਇਆ।
