‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’, ਦੇਖੋ ਤਸਵੀਰਾਂ

05/25/2020 2:30:57 PM

ਬਚਿੱਤਰ ਨਾਟਕ, ਦਸਮ ਗ੍ਰੰਥ

ਬਰਫ ਦੀ ਚਿੱਟੀ ਚਾਦਰ ਨਾਲ ਵਲੇਟਿਆ ਸ੍ਰੀ ਹੇਮਕੁੰਟ ਸਾਹਿਬ ਦਾ ਚੌਗਿਰਦਾ ਰੂਹਾਨੀਅਤ ਦੇ ਸੁਖ਼ਨਵਰ ਦਰਸ਼ਨ ਕਰਵਾ ਰਿਹਾ ਹੈ।

ਡਾਕਟਰ ਰਤਨ ਸਿੰਘ ਜੱਗੀ ਦੇ ਸਿੱਖ ਪੰਥ ਵਿਸ਼ਵਕੋਸ਼ ਮੁਤਾਬਕ ਹੇਮਕੁੰਟ (ਪਰਬਤ) ਹਿਮਾਲਾ ਪਰਬਤ ਮਾਲਾ ਵਿੱਚ ਸਪਤ ਸ੍ਰਿੰਗ ਭਾਵ ਸੱਤ ਪਹਾੜੀ ਚੋਟੀਆਂ ਦੇ ਨੇੜੇ ਇੱਕ ਪਰਬਤ, ਜਿਸ ਦਾ ਉਲੇਖ ਬਚਿੱਤਰ ਨਾਟਕ ਵਿੱਚ ਹੋਇਆ ਹੈ। ਕਹਿੰਦੇ ਹਨ ਪਿਛਲੇ ਜਨਮ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਟ ਵਾਲੇ ਸਥਾਨ ਉੱਤੇ ਤਪੱਸਿਆ ਕੀਤੀ ਸੀ। 

ਮਹਾਭਾਰਤ (ਆਦਿ ਪਰਵ) ਵਿੱਚ ਇਸ ਦਾ ਉਲੇਖ ਪਾਂਡਵਾਂ ਦੀ ਤਪੋ ਭੂਮੀ ਵਜੋਂ ਹੋਇਆ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਬਦਰੀਨਾਥ ਦੇ ਨੇੜੇ ਅਤੇ ਸਮੁੰਦਰ ਤੋਂ 15,200 ਫੁੱਟ ਦੀ ਉਚਾਈ ਉੱਤੇ ਸਥਿਤ ਹੈ।

20ਵੀਂ ਸਦੀ ਸਦੀ ਵਿੱਚ ਬਚਿੱਤਰ ਨਾਟਕ ਵਿੱਚ ਲਿਖੇ ਸੰਕੇਤਾਂ ਦੇ ਆਧਾਰ ’ਤੇ ਸ਼ਰਧਾਲੂਆਂ ਨੇ ਇਸ ਥਾਂ ਨੂੰ ਲੱਭਣ ਦਾ ਉੱਦਮ ਕੀਤਾ। ਪੰਡਤ ਤਾਰਾ ਸਿੰਘ ਨਰੋਤਮ ਵੱਲੋਂ ਕੀਤੀ ਨਿਸ਼ਾਨਦੇਹੀ ਦੇ ਆਧਾਰ ’ਤੇ ਸਭ ਤੋਂ ਪਹਿਲਾਂ ਟੀਹਰੀ ਗੜਵਾਲ ਦੇ ਸੰਤ ਸੋਹਣ ਸਿੰਘ ਅਤੇ ਹਵਾਲਦਾਰ ਮੋਦਨ ਸਿੰਘ ਨੇ ਹਿੰਮਤ ਕਰਕੇ ਸੰਨ 1934 ਈ: ਵਿੱਚ ਇਸ ਥਾਂ ਦਾ ਸਰਵੇਖਣ ਕੀਤਾ। ਭਾਈ ਵੀਰ ਸਿੰਘ ਵੱਲੋਂ ਦਿੱਤੀ ਗਈ ਮਾਇਕ ਸਹਾਇਤਾ ਅਤੇ ਪ੍ਰੇਰਨਾ ਨਾਲ ਉਸਾਰੀ ਕਰਵਾਈ। ਫੌਜੀ ਸੇਵਾ ਤੋਂ ਮੁਕਤ ਹਵਾਲਦਾਰ ਮੋਦਨ ਸਿੰਘ ਨੇ 21 ਵਰ੍ਹੇ ਇਸ ਗੁਰਧਾਮ ਦੇ ਵਿਕਾਸ ਲਈ ਸੇਵਾ ਕੀਤੀ ਅਤੇ ਯਾਤਰੀਆਂ ਦੇ ਠਹਿਰਨ ਲਈ ਗੁਰਦੁਆਰਾ ਗੋਬਿੰਦ ਘਾਟ ਅਤੇ ਗੁਰਦੁਆਰਾ ਗੋਬਿੰਦ ਧਾਮ ਦੀ ਉਸਾਰੀ ਕਰਵਾਈ ।

ਹਰ ਸਾਲ ਮਈ ਮਹੀਨੇ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਭਾਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਯਾਤਰਾ ਸ਼ੁਰੂ ਨਹੀਂ ਕੀਤੀ ਗਈ। ਇਸੇ ਆਧਾਰ ’ਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਵੀ ਅਜੇ ਤੱਕ ਕੋਈ ਤਾਰੀਖ ਮਿੱਥੀ ਨਹੀਂ ਗਈ।

rajwinder kaur

This news is Content Editor rajwinder kaur