ਗੁਰਦੁਆਰਾ ਗੁਰੂ ਨਾਨਕ ਦਰਬਾਰ ਯੂ. ਏ. ਈ. ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ

01/18/2018 11:10:56 AM

ਜਲੰਧਰ (ਵਿਸ਼ੇਸ਼) — ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਵਿਚ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਭਾਰਤੀਆਂ ਅਧਿਕਾਰੀਆਂ ਦੇ ਗੁਰਦੁਆਰਿਆਂ ਵਿਚ ਦਾਖਲੇ 'ਤੇ ਰੋਕ ਲਾਈ ਗਈ ਹੈ ਉਥੇ ਹੀ ਗਲਫ ਰਿਜਨ ਵਿਚ ਸਿੱਖ ਭਾਈਚਾਰੇ ਨੇ ਇਕ ਚੰਗਾ ਸੰਦੇਸ਼ ਦਿੱਤਾ ਹੈ। ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖ ਟੈਂਪਲ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਆ ਸਕਦਾ ਹੈ। ਗੁਰੂ ਘਰ ਦੇ ਦਰਵਾਜ਼ੇ ਸਾਰੇ ਭਾਈਚਾਰਿਆਂ ਅਤੇ ਵਿਅਕਤੀਆਂ ਲਈ ਖੁੱਲ੍ਹੇ ਹਨ। ਅਸੀਂ ਨਾ ਤਾਂ ਅਜਿਹੀਆਂ ਖਬਰਾਂ ਵੱਲ ਧਿਆਨ ਦੇ ਰਹੇ ਹਾਂ ਅਤੇ ਨਾ ਹੀ ਅਜਿਹੀਆਂ ਖਬਰਾਂ ਅਸੀਂ ਪੜ੍ਹੀਆਂ ਹਨ। ਅਸੀਂ ਇਕ ਸੋਸਾਇਟੀ ਵਲੋਂ ਹਾਂ ਅਤੇ ਸ਼ਾਂਤ ਜੀਵਨ ਜੀਅ ਰਹੇ ਹਾਂ।
ਦੁਬਈ ਵਿਚ ਰਹਿ ਰਹੇ ਇਕ ਸਿੱਖ ਨੌਜਵਾਨ ਨੇ ਦੱਸਿਆ ਕਿ ਯੂ. ਏ. ਈ. ਵਿਚ 200 ਦੇਸ਼ਾਂ ਦੇ ਨਾਗਰਿਕ ਰਹਿੰਦੇ ਹਨ ਅਤੇ ਸ਼ਾਂਤੀ ਨਾਲ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿਉਂ ਪੱਛਮੀ ਦੇਸ਼ਾਂ ਵਿਚ ਸਥਿਤ ਕੁਝ ਗੁਰਦੁਆਰਿਆਂ ਵਲੋਂ ਅਜਿਹਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਅਕਸਰ ਗੁਰਦੁਆਰਾ ਸਾਹਿਬ ਵਿਚ ਜਾਂਦੇ ਹਨ, ਉਨ੍ਹਾਂ ਨੇ ਕਦੀ ਦਾਖਲੇ 'ਤੇ ਰੋਕ ਵਰਗੀ ਕੋਈ ਗੱਲ ਨਹੀਂ ਸੁਣੀ। ਸਾਰੇ ਸ਼ਾਂਤੀ ਨਾਲ ਰਹਿ ਰਹੇ ਹਨ। ਯੂ. ਏ. ਈ. ਦੇ ਜੇਬੇਲ ਅਲੀ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਚ ਪਿਛਲੇ ਸਾਲ ਵਿਸਾਖੀ ਮੌਕੇ ਘੰਟੇ ਭਰ ਦੇ ਪ੍ਰੋਗਰਾਮ ਵਿਚ 101 ਦੇਸ਼ਾਂ ਦੇ 600 ਲੋਕਾਂ ਲਈ ਨਾਸ਼ਤਾ ਪਰੋਸਿਆ ਗਿਆ। ਇਸ ਲਈ ਗੁਰਦੁਆਰੇ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ। ਇਸ ਵਰਲਡ ਰਿਕਾਰਡ ਦੀ ਚਰਚਾ ਪੂਰੀ ਦੁਨੀਆ ਵਿਚ ਹੈ। ਇਸ ਤੋਂ ਪਹਿਲਾਂ 2015 ਵਿਚ ਇਟਲੀ ਦੇ ਮਿਲਾਨ ਐਕਸਪੋ ਵਿਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਇਆ ਸੀ, ਜਿਸ ਵਿਚ 55 ਦੇਸ਼ਾਂ ਦੇ ਲੋਕਾਂ ਨੇ ਹਿੱਸਾ ਲਿਆ ਸੀ।
ਓਂਟਾਰੀਓ ਤੋਂ ਬਾਅਦ ਅਮਰੀਕਾ ਦੇ 96 ਗੁਰਦੁਆਰਾ ਸਹਿਬ ਲਾ ਚੁੱਕੇ ਹਨ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਰੋਕ
ਸਾਲ ਦੀ ਸ਼ੁਰੂਆਤ 'ਚ ਓਂਟਾਰੀਓ ਦੇ 15 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਰਾ ਸਾਹਿਬ ਦੇ ਸਮਾਗਮ ਵਿਚ ਭਾਰਤੀ ਅਧਿਕਾਰੀਆਂ ਦੇ ਦਾਖਲੇ 'ਤੇ ਰੋਕ ਦਾ ਫੈਸਲਾ ਲਿਆ ਹੋਇਆ ਹੈ। ਉਸ ਤੋਂ ਬਾਅਦ ਬ੍ਰਿਟੇਨ ਅਤੇ ਅਮਰੀਕਾ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਅਜਿਹਾ ਹੀ ਫੈਸਲਾ ਲਿਆ ਹੈ। ਇਹ ਫੈਸਲਾ ਭਾਰਤੀ ਅਧਿਕਾਰੀਆਂ ਵਲੋਂ ਪੰਜਾਬੀਆਂ ਨੂੰ ਪੰਜਾਬ ਆਉਣ ਲਈ ਯਾਤਰਾ ਵੀਜ਼ਾ ਨਾ ਦਿੱਤੇ ਜਾਣ ਦਾ ਦੋਸ਼ ਲਾਉਂਦੇ ਹੋਏ ਲਿਆ ਗਿਆ ਹੈ। ਉਥੇ ਹੀ ਕਮੇਟੀਆਂ ਦਾ ਪੰਜਾਬ ਵਿਚ ਸਿੱਖ ਨੌਜਵਾਨਾਂ 'ਤੇ ਅੱਤਿਆਚਾਰ ਦਾ ਵੀ ਦੋਸ਼ ਹੈ।
ਲੋੜ ਪੈਣ 'ਤੇ ਮਦਦ ਕਰਦੇ ਹਨ ਭਾਰਤੀ ਅਧਿਕਾਰੀ
ਦੁਬਈ ਤੋਂ ਇਲਾਵਾ ਦੁਜੇ ਕਈ ਦੇਸ਼ਾਂ ਵਿਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਅਧਿਕਾਰੀ ਸਮੇਂ-ਸਮੇਂ 'ਤੇ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਵੀ ਕਰਦੇ ਹਨ। ਆਸਟ੍ਰੇਲੀਆ ਦੇ ਸੂਬੇ ਸਿਡਨੀ ਵਿਚ ਰਹਿ ਰਹੇ ਤਜਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ ਤੌਰ 'ਤੇ ਫੈਸਲੇ ਲੈ ਰਹੀਆਂ ਹਨ ਜਦੋਂ ਕਿ ਗੁਰੂ ਘਰ ਸਾਰਿਆਂ ਲਈ ਸਾਂਝੇ ਹਨ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਸਮੇਤ ਪੰਜਾਬੀਆਂ 'ਤੇ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਭਾਰਤੀ ਅਧਿਕਾਰੀ ਹੀ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਹਨ।
ਦਾਖਲ ਹੋਣ 'ਤੇ ਨਹੀਂ, ਸਮਾਗਮਾਂ 'ਚ ਸੱਦੇ 'ਤੇ ਹੈ ਰੋਕ
ਵਿਦੇਸ਼ ਸਥਿਤ ਗੁਰਦੁਆਰਿਆਂ 'ਚ ਆਯੋਜਿਤ ਹੋਣ ਵਾਲੇ ਸਮਾਗਮਾਂ ਵਿਚ ਭਾਰਤੀ ਅਧਿਕਾਰੀਆਂ ਨੂੰ ਸੱਦਿਆ ਜਾਣਾ ਆਮ ਗੱਲ ਹੈ ਅਤੇ ਸਿੱਖ ਭਾਈਚਾਰੇ ਵਲੋਂ ਕਈ ਮੌਕਿਆਂ 'ਤੇ ਸਮੱਸਿਆ ਦੇ ਸਮੇਂ ਭਾਰਤੀ ਅਧਿਕਾਰੀਆਂ ਦੀ ਮਦਦ ਵੀ ਲਈ ਜਾਂਦੀ ਹੈ। ਸ਼ੁਰੂ ਵਿਚ ਭਾਰਤੀ ਅਧਿਕਾਰੀਆਂ ਦੇ ਗੁਰੂ ਘਰ ਵਿਚ ਦਾਖਲੇ 'ਤੇ ਰੋਕ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਬਾਅਦ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਅਧਿਕਾਰੀ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਆ ਸਕਦੇ ਹਨ ਪਰ ਉਨ੍ਹਾਂ ਦੇ ਭਾਈਚਾਰੇ ਨਾਲ ਸਬੰਧਿਤ ਸਮਾਗਮ ਵਿਚ ਸੱਦੇ 'ਤੇ ਰੋਕ ਲਾਈ ਗਈ ਹੈ।