ਅਲੌਕਿਕ ਢੰਗ ਨਾਲ ਸ਼ਿੰਗਾਰਿਆ ਗੁ. ਗੁਰੂ ਕਾ ਬਾਗ, ਦੇਖੋ ਤਸਵੀਰਾਂ

10/22/2019 11:56:23 AM

ਸੁਲਤਾਨਪੁਰ ਲੋਧੀ (ਸੋਢੀ)— ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਪੁਰਾਤਨ ਘਰ ਅਤੇ ਬਾਬਾ ਸ੍ਰੀਚੰਦ ਜੀ, ਬਾਬਾ ਲੱਖਮੀ ਦਾਸ ਜੀ ਦੇ ਜਨਮ ਅਸਥਾਨ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਸੁਲਤਾਨਪੁਰ ਲੋਧੀ ਦਾ ਨਵਾਂ ਦਰਬਾਰ ਸਾਹਿਬ ਸੰਗਤਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਸ਼ਬੇਗ ਸਿੰਘ ਰਾਹੀਂ ਤਿਆਰ ਕਰਵਾਏ ਇਸ ਨਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਪੰਥਕ ਜਾਹੋ-ਜਲਾਲ ਨਾਲ ਪੁੱਜ ਰਹੇ ਹਨ। ਨਵੇਂ ਤਿਆਰ ਕੀਤੇ ਦਰਬਾਰ ਅੰਦਰ ਵਿਸ਼ੇਸ਼ ਤੌਰ 'ਤੇ ਦੀਵਾਰਾਂ ਦੀ ਸੁੰਦਰ ਕੱਢਾਈ ਕਰਵਾਈ ਗਈ ਹੈ। ਦਰਬਾਰ ਸਾਹਿਬ ਦੀਆਂ ਛੱਤਾਂ 'ਤੇ ਸ਼ੀਸ਼ੇ ਦੇ ਪੀਸ ਜੋੜ-ਜੋੜ ਕੇ ਛੱਤਾਂ ਦੀ ਏਨੀ ਖੂਬਸੂਰਤ ਸਜਾਵਟ ਕੀਤੀ ਗਈ ਹੈ ਕਿ ਸੰਗਤਾਂ ਦਰਸ਼ਨ ਕਰਕੇ ਅੱਛ-ਅੱਛ ਕਰ ਉੱਠਦੀਆਂ ਹਨ। ਪੂਰਾ ਦਰਬਾਰ ਸਾਹਿਬ ਪੁਰਾਤਨ ਮੀਨਾਕਾਰੀ ਨਾਲ ਸ਼ਿੰਗਾਰਿਆ ਗਿਆ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਵੀ ਚਾਂਦੀ ਦੇ ਲਗਾਏ ਗਏ ਹਨ ਅਤੇ ਗੁਰਦੁਆਰਾ ਸਾਹਿਬ ਉੱਪਰ ਬਣਾਏ ਗੁੰਬਦ ਨੂੰ ਸੋਨੇ ਦੀ ਝਾਲ ਨਾਲ ਸ਼ਿੰਗਾਰ ਕੇ ਸੁੰਦਰ ਦਿੱਖ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਹੇਠਲੀ ਮੰਜ਼ਿਲ 'ਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪੁਰਾਤਨ ਘਰ ਨੂੰ ਨਾਨਕਸ਼ਾਹੀ ਇੱਟ ਨਾਲ ਚਾਰਦੀਵਾਰੀ ਕਰਕੇ ਸ਼ਿੰਗਾਰਿਆ ਗਿਆ ਹੈ।


ਬਾਬਾ ਸ਼ਬੇਗ ਸਿੰਘ ਨੇ ਦੱਸਿਆ ਕਿ ਕਾਰ ਸੇਵਾ ਸਮੇਂ ਇਸ ਦਰਬਾਰ ਸਾਹਿਬ ਦੇ ਹੇਠਾਂ ਪੁਰਾਤਨ ਨਾਨਕਸ਼ਾਹੀ ਇੱਟ ਦੀਆਂ ਬਣੀਆਂ ਦੀਵਾਰਾਂ ਮਿਲੀਆਂ ਸਨ, ਜਿਨ੍ਹਾਂ ਨੂੰ ਉਸੇ ਰੂਪ 'ਚ ਸੰਭਾਲਦੇ ਹੋਏ ਭੋਰਾ ਸਾਹਿਬ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦੀਵਾਰਾਂ ਦੇ ਅੰਦਰਲੇ ਘਰ ਵਾਲੇ ਹਿੱਸੇ ਨੂੰ ਥੜ੍ਹਾ ਸਾਹਿਬ ਦੇ ਰੂਪ 'ਚ ਸੰਭਾਲ ਕੇ ਚਾਰੇ ਪਾਸੇ ਸੁੰਦਰ ਥੰਮ ਉਸਾਰ ਕੇ ਸ਼ੀਸ਼ੇ ਲਾ ਦਿੱਤੇ ਗਏ ਹਨ ਤਾਂ ਜੋ ਸ਼ਰਧਾਲੂ ਸਤਿਗੁਰੂ ਪਾਤਸ਼ਾਹ ਦੇ ਪੁਰਾਤਨ ਘਰ ਦੇ ਦਰਸ਼ਨ ਕਰ ਸਕਣ। ਭੋਰਾ ਸਾਹਿਬ ਦੇ 'ਚ ਬਣਾਏ ਥੜ੍ਹਾ ਸਾਹਿਬ ਨੂੰ ਵੀ ਪੁਰਾਤਨ ਦੀਵਾਰ 'ਚੋਂ ਮਿਲੀ ਨਾਨਕਸ਼ਾਹੀ ਪੱਕੀ ਇੱਟ ਨਾਲ ਹੀ ਬਣਾਇਆ ਗਿਆ ਹੈ ਅਤੇ ਉਸੇ ਅਸਥਾਨ ਉੱਪਰ ਗੁਰਦੁਆਰਾ ਸਾਹਿਬ ਦੇ ਅੰਦਰ ਸੁੰਦਰ ਦਰਬਾਰ ਸਾਹਿਬ ਬਣਾਇਆ ਗਿਆ ਹੈ ਜਿਥੇ ਸ਼੍ਰੋਮਣੀ ਕਮੇਟੀ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਤ ਮਰਿਆਦਾ ਅਨੁਸਾਰ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਰਾਤ ਨੂੰ ਸੁੱਖ ਆਸਨ ਕੀਤਾ ਜਾਂਦਾ ਹੈ। ਇਥੇ ਹੀ ਨੇੜੇ ਬਹੁਤ ਹੀ ਸੁੰਦਰ ਸੱਚਖੰਡ ਸਾਹਿਬ ਦਾ ਕਮਰਾ ਤਿਆਰ ਕੀਤਾ ਗਿਆ ਹੈ, ਜਿਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁੱਖ ਆਸਨ ਕਰਨ ਲਈ ਆਲੌਕਿਕ ਕੱਢਾਈ ਕਰਕੇ ਬਹੁਤ ਕੀਮਤੀ ਪਲੰਘ ਸਾਹਿਬ ਸੁਸ਼ੋਬਿਤ ਕੀਤਾ ਹੋਇਆ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪ ਬੜੀ ਸ਼ਰਧਾ ਤੇ ਸਤਿਕਾਰ ਨਾਲ ਸੰਭਾਲੇ ਹੋਏ ਹਨ। ਗੁ. ਗੁਰੂ ਕਾ ਬਾਗ ਸਾਹਿਬ ਦੇ ਬਾਹਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰਯੋਗ ਵੱਡੇ ਭੈਣਜੀ ਧੰਨ-ਧੰਨ ਬੇਬੇ ਨਾਨਕੀ ਜੀ ਦੀ ਪੁਰਾਤਨ ਖੂਹੀ ਨੂੰ ਨਵੀਨਤਮ ਰੂਪ ਦੇ ਕੇ ਸ਼ਰਧਾ ਨਾਲ ਸੰਭਾਲਿਆ ਹੋਇਆ ਹੈ। ਜਿੱਥੇ ਲਗਾਏ ਆਧੁਨਿਕ ਨਲਕੇ ਨਾਲ ਸੰਗਤਾਂ ਜਲ ਛਕਦੀਆਂ ਹਨ ਅਤੇ ਆਪਣੇ ਘਰਾਂ ਲਈ ਬੋਤਲਾਂ ਭਰ ਕੇ ਜਲ ਵੀ ਲੈ ਕੇ ਜਾਂਦੀਆਂ ਹਨ। ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਦੇ ਆਲੇ-ਦੁਆਲੇ ਨੂੰ ਵੀ ਮਾਰਬਲ ਲਗਾ ਕੇ ਸ਼ਿੰਗਾਰਿਆ ਗਿਆ ਹੈ। 


ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਰੋਜ਼ਾਨਾ ਜੋ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਉਹ ਬਾਅਦ 'ਚ ਇਥੇ ਵੀ ਸ਼ਰਧਾ ਭਾਵ ਨਾਲ ਨਤਮਸਤਕ ਹੁੰਦੇ ਹਨ। ਇਸ ਅਸਥਾਨ 'ਤੇ ਸੰਗਤਾਂ ਦੀ ਭਾਰੀ ਗਿਣਤੀ 'ਚ ਆਮਦ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਕਹਿਣ 'ਤੇ ਬਾਬਾ ਸ਼ਬੇਗ ਸਿੰਘ ਕਾਰ ਸੇਵਾ ਗੋਇੰਦਵਾਲ ਸਾਹਿਬ ਵਾਲਿਆਂ ਵੱਲੋਂ ਗੁਰੂ ਕੇ ਲੰਗਰ 24 ਘੰਟੇ ਚਾਲੂ ਕੀਤੇ ਗਏ ਹਨ। ਇਸ ਗੁਰਦੁਆਰਾ ਸਾਹਿਬ ਦੇ ਮੂਹਰਲੇ ਹਿੱਸੇ ਦਰਸ਼ਨੀ ਡਿਓਢੀ ਨੂੰ ਹੋਰ ਸੁੰਦਰ ਬਣਾਉਣ ਦੀ ਕਾਰ ਸੇਵਾ ਵੀ ਸ਼੍ਰੋਮਣੀ ਕਮੇਟੀ ਨੇ ਬਾਬਾ ਸ਼ਬੇਗ ਸਿੰਘ ਨੂੰ ਸੌਂਪ ਦਿੱਤੀ ਹੈ ਜੋ ਕਿ ਸ਼ਤਾਬਦੀ ਸਮਾਗਮਾਂ ਉਪਰੰਤ ਨਵੇਂ ਸਿਰਿਓ ਸੇਵਾ ਆਰੰਭ ਕਰਨਗੇ ।


ਦੱਸਣਯੋਗ ਹੈ ਕਿ ਇਹ ਪਾਵਨ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਬਣਿਆ ਹੋਇਆ ਹੈ। ਪਹਿਲਾਂ ਇਹ ਸਤਿਗੁਰੂ ਸਾਹਿਬ ਦੇ ਵੱਡੇ ਭੈਣਜੀ ਬੇਬੇ ਨਾਨਕੀ ਜੀ ਅਤੇ ਭਾਈਆ ਜੈਰਾਮ ਜੀ ਦਾ ਘਰ ਸੀ, ਜਿੱਥੇ ਸ੍ਰੀ ਬੇਬੇ ਨਾਨਕੀ ਜੀ ਸਤਿਗੁਰੂ ਜੀ ਨੂੰ ਨਨਕਾਣਾ ਸਾਹਿਬ ਤੋਂ ਆਪਣੇ ਕੋਲ ਲੈ ਆਏ ਅਤੇ ਇਥੇ ਰਹਿੰਦੇ ਹੋਏ ਗੁਰੂ ਪਾਤਸ਼ਾਹ ਜੀ ਨੇ ਕਈ ਚੋਜ ਵਰਤਾਏ। ਇਥੋਂ ਹੀ ਪਾਤਸ਼ਾਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅਸਥਾਨ ਲਈ ਰੋਜ਼ਾਨਾ ਅੰਮ੍ਰਿਤ ਵੇਲੇ ਜਾਂਦੇ ਤੇ ਪਵਿੱਤਰ ਵੇਈਂ 'ਚ ਇਸ਼ਨਾਨ ਕਰਕੇ ਅਕਾਲ ਪੁਰਖ ਦੀ ਭਗਤੀ 'ਚ ਲੀਨ ਹੋ ਜਾਂਦੇ। ਇਸ ਅਸਥਾਨ ਤੋਂ ਹੀ ਸਤਿਗੁਰੂ ਜੀ ਦੀ ਬਾਰਾਤ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਲਈ ਬਟਾਲਾ ਪੁੱਜੀ ਅਤੇ ਇਸ ਅਸਥਾਨ 'ਤੇ ਸਤਿਗੁਰੂ ਜੀ ਨੇ ਵਿਆਹ ਤੋਂ ਬਾਅਦ ਆਪਣੀ ਰਿਹਾਇਸ਼ ਰੱਖੀ ਅਤੇ ਇਸੇ ਅਸਥਾਨ 'ਤੇ ਹੀ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲੱਖਮੀ ਦਾਸ ਜੀ ਦਾ ਆਗਮਨ ਹੋਇਆ ਸੀ।ਅੱਜ ਇਸ ਅਸਥਾਨ ਨੂੰ ਸੁੰਦਰ ਲੜੀਆਂ ਲਗਾ ਕੇ ਸਜਾਇਆ ਗਿਆ ਹੈ ਅਤੇ ਸੰਗਤਾਂ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ।

shivani attri

This news is Content Editor shivani attri